ਅੱਗ ਲੱਗਣ ਕਾਰਨ ਖੇਤਾਂ ’ਚ 58 ਏਕੜ ਕਣਕ ਸੁਆਹ

ਪੰਨੀਵਾਲਾ ਅਤੇ ਬਾਦਲ ’ਚ ਅੱਗ ਲੱਗਣ ਕਾਰਨ ਕਰੀਬ 28 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਨੁਕਸਾਨੀ ਗਈ ਕਣਕ ਚਾਰ ਕਿਸਾਨਾਂ ਦੀ ਹੈ। ਪਿੰਡ ਪੰਨੀਵਾਲਾ ਨੇੜੇ ਅੱਜ ਕਰੀਬ ਸਾਢੇ 11 ਵਜੇ ਫਾਜਿਲਕਾ ਰੋਡ ’ਤੇ ਅਚਨਚੇਤ ਲੱਗਣ ਕਰ ਕੇ ਕਰੀਬ 28 ਏਕੜ ਕਣਕ ਦੀ ਖੜ੍ਹੀ ਫ਼ਸਲ ਬਰਬਾਦ ਹੋ ਗਈ। ਇਹ ਅੱਗ ਨੇੜਲੇ ਖੇਤਾਂ ਵਿਚੋਂ ਕਿਸੇ ਰੂਟਾਵੇਟਰ ’ਚੋਂ ਨਿੱਕਲੀ ਚੰਗਿਆੜੀ ਕਾਰਨ ਲੱਗੀ ਦੱਸੀ ਜਾ ਰਹੀ ਹੈ। ਫਾਇਰ ਬਿਗ੍ਰੇਡ ਦਾ ਅਮਲਾ ਸੂਚਨਾ ਦੇਣ ਦੇ ਕਰੀਬ ਸਵਾ ਘੰਟੇ ਬਾਅਦ ਪੁੱਜਿਆ ਉਦੋਂ ਤਕ ਪਿੰਡ ਵਾਸੀਆਂ ਨੇ ਮਿਲ ਕੇ ਟਰੈਕਟਰਾਂ ਨਾਲ ਜ਼ਮੀਨ ਵਾਹ ਕੇ ਅੱਗ ’ਤੇ ਕਾਬੂ ਪਾ ਲਿਆ ਸੀ। ਇਸੇ ਦੌਰਾਨ ਸਰਾਵਾਂ ਜੈਲ ਦੇ ਪਿੰਡਾਂ ’ਚ ਪੁੱਜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵੀ ਮੌਕੇ ਨੇੜੇ ਰੁਕੇ ਅਤੇ ਪੱਕੀ ਫ਼ਸਲਾਂ ਦੇ ਅੱਗ ਦੀ ਭੇਟ ਚੜ੍ਹਨ ਨੂੰ ਕਿਸਾਨੀ ਦਾ ਵੱਡਾ ਦੁਖਾਂਤ ਦੱਸਿਆ। ਨੁਕਸਾਨੀ ਕਣਕ ਕਿਸਾਨ ਦਲੇਰ ਸਿੰਘ ਉਰਫ਼ ਬੱਬੀ ਵਾਸੀ ਢਿੱਪਾਂਵਾਲੀ (18 ਏਕੜ), ਮਨਜੀਤ ਸਿੰਘ ਪੰਨੀਵਾਲਾ (5 ਏਕੜ), ਗੁਰਸੇਵਕ ਸਿੰਘ( 3 ਏਕੜ) ਦੱਸੀ ਜਾ ਰਹੀ ਹੈ। ਇਸਦੇ ਇਲਾਵਾ ਪਿੰਡ ਬਾਦਲ ’ਚ ਬਿਜਲੀ ਦੀ ਹਾਈ ਵੋਲਟਜ ਤਾਰ ਡਿੱਗਣ ਕਾਰਨ ਭੂਸ਼ਣ ਕੁਮਾਰ ਵਾਸੀ ਬਾਦਲ ਦੀ ਪੌਨੇ ਦੋ ਏਕੜ ਫ਼ਸਲ ਸੜ ਗਈ। ਜਲਾਲਾਬਾਦ(ਨਿਜੀ ਪੱਤਰ ਪ੍ਰੇਰਕ): ਜਲਾਲਾਬਾਦ ਅਧੀਨ ਪੈਂਦੇ ਪਿੰਡ ਲੱਧੂਵਾਲਾ ਉਤਾੜ ਵਿੱਚ ਅੱਜ 10 ਏਕੜ ਕਣਕ ਸੜ੍ਹ ਕੇ ਸੁਆਹ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀਐਸਪੀ ਅਮਰਜੀਤ ਸਿੰਘ, ਐਸਐਚਓ ਥਾਣਾ ਵੈਰੋਕਾ ਮੰਗਲ ਸਿੰਘ, ਨਾਇਬ ਤਹਿਸੀਲਦਾਰ ਜਸਵੰਤ ਸਿੰਘ ਅਤੇ ਚੌਕੀ ਇੰਚਾਰਜ ਬਲਕਾਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਕਾਰਨ ਕਿਸਾਨ ਬਲਕਾਰ ਸਿੰਘ ਔਝਲਾ ਦੀ 7 ਏਕੜ, ਕਿਸਾਨ ਸਾਰਜ ਸਿੰਘ ਝੱਲੀ ਦੀ 2 ਕਿੱਲੇ ਅਤੇ ਕਿਸਾਨ ਹਰਬੰਸ ਸਿੰਘ ਮੱਲੀ ਦੀ ਇੱਕ ਕਿੱਲਾ ਕਣਕ ਅੱਗ ਦੀ ਲਪੇਟ ਵਿੱਚ ਆ ਕੇ ਨੁਕਸਾਨੀ ਗਈ।

Previous articleਸਵਪਨਾ ਬਰਮਨ ਨੇ ਹੈਪਟਾਥਲਾਨ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ
Next articleਟੇਬਲ ਟੈਨਿਸ: ਸੁਤਿ੍ਤਾ ਦਾ ਉਲਟ-ਫੇਰ, ਮਨਿਕਾ ਦੂਜੇ ਗੇੜ ’ਚ