ਅੱਕੜ ਬੱਕੜ ਭੰਬੇ-ਭੋ

ਪਰਮਿੰਦਰ ਭੁੱਲਰ
(ਸਮਾਜ ਵੀਕਲੀ)
ਦਿੱਲੀ ਡੇਰੇ
ਦਿਨ ਬੀਤੇ ਸੌ
ਸੌ ਗਲੋਟਾ
ਰਾਜਾ ਖੋਟਾ
ਨੀਤੋਂ ਮਾੜਾ
ਅਕਲੋਂ ਅੰਨ੍ਹਾ
ਤਾਹੀਂ ਲੋਕੋ
ਸੁਣੇ ਨਾ ਓਹ
ਅੱਕੜ ਬੱਕੜ ਭੰਬੇ-ਭੋ
ਦਿੱਲੀ ਡੇਰੇ
ਦਿਨ ਬੀਤੇ ਸੌ
ਭੇਸ ਵਟਾਵੇ
ਲਾਰੇ ਲਾਵੇ
ਝੂਠ ਕਮਾਵੇ
ਝੂਠ ਫੈਲਾਵੇ
ਕਪੁੱਤ ਉਜਾੜੂ
ਮਾਂ ਨੂੰ ਖਾਵੇ
ਕੈਮਰੇ ਦੇ ਨਾਲ
ਬਹੁਤਾ ਮੋਹ
ਅੱਕੜ ਬੱਕੜ ਭੰਬੇ-ਭੋ
ਦਿੱਲੀ ਡੇਰੇ
ਦਿਨ ਬੀਤੇ ਸੌ
ਸਰਦੀ ਲੰਘੀ
ਗਰਮੀ ਬੂਹੇ
ਕਿਰਸਾਨਾਂ ਦੇ
ਹਿਰਦੇ ਲੂਹੇ
ਵਿੱਚ ਸਿਆਸਤ
ਸੱਪ ਦੋ ਮੂੰਹੇਂ
ਪਾੜ-ਪਾੜ ਕੇ
ਸੱਤਾ ਮਾਨਣ
ਏਕੇ ਕੋਲੋਂ ਡਰਦੇ ਜੋ
ਅੱਕੜ ਬੱਕੜ ਭੰਬੇ-ਭੋ
ਦਿੱਲੀ ਡੇਰੇ
ਦਿਨ ਬੀਤੇ ਸੌ
ਹਾਏ ਮਹਿੰਗਾਈ
ਜਨਤਾ ਰੋਵੇ
ਨੀਂਦ-ਆਨੰਦੀ
‘ਸੇਵਕ’ ਸੋਵੇ
ਝੁੱਗੀਆਂ ਅੱਗੇ
ਕੰਧਾਂ ਕੱਢੇ
ਪੈਰ ਮਹਿਲਾਂ ਦੇ
ਪੀਂਦਾ ਧੋ
ਅੱਕੜ ਬੱਕੜ ਭੰਬੇ-ਭੋ
ਦਿੱਲੀ ਡੇਰੇ
ਦਿਨ ਬੀਤੇ ਸੌ
ਮਜ਼ਦੂਰੀ ਦੇ
ਘੰਟੇ ਵਧ ਗਏ
ਮਜ਼ਬੂਰਾਂ ਲਈ
ਟੰਟੇ ਵਧ ਗਏ
ਬੈਕਾਂ ਡੁੱਬੀਆਂ
‘ਮਿੱਤਰ ਉੱਡੇ’
ਸੋਨ-ਚਿੜੀ ਨੂੰ
ਲਾ ਕੇ ਖੁੱਡੇ
ਮਨ ਆਈਆਂ
ਜਦ ਮੁਲਕ ‘ਚ ਹੋਈਆਂ
ਬੈਅ-ਬੈਅ ਭੇਡਾਂ
ਤਦ ਨਾ ਰੋਈਆਂ
ਲੋਕਾਂ ਵੱਲੋਂ ਮੁੰਦ ਕੇ ਅੱਖਾਂ
ਜੋਕਾਂ ਅੱਗੇ ਝੁਕ ਖਲ੍ਹੋਈਆਂ
ਬੰਦ ਅੱਖਾਂ ਨੂੰ ਖੋਲ੍ਹ ਕੇ ਵੇਖੇ
ਲੋਕਾਂ ਅੰਦਰ ਵਧਦਾ ਰੋਹ
ਅੱਕੜ ਬੱਕੜ ਭੰਬੇ-ਭੋ
ਦਿੱਲੀ ਡੇਰੇ
ਦਿਨ ਬੀਤੇ ਸੌ
ਪਰਮਿੰਦਰ ਭੁੱਲਰ 
9463067430
Previous articleਕਿਸਾਨ ਦੀ ਪੂਜਾ
Next article150 ਕਨਸਰਵੇਟਿਵ ਅਤੇ ਲੇਬਰ ਮਿਨੋਰਟੀ ਐਥਨਿਕ ਕਨਸਲਰ ਇਕਠੇ ਹੋ ਕੇ ਗ਼ੈਰ-ਬੁਨਿਆਦ ਨੂੰ ਬੁਲਾਉਣ ਲਈ ਉਤਸ਼ਾਹਿਤ ਕਰਦੇ ਹਨ ਅਤੇ ਹੌਂਸਲਾ ਅਫਜਾਈ ਟੀਕਾ ਲਓ.