ਮਹੀਨਿਆਂ ਦੀ ਚੁੱਪੀ ਮਗਰੋਂ ਕਾਂਗਰਸ ਆਗੂ ਮਨੀ ਸ਼ੰਕਰ ਅੱਈਅਰ ਇਕ ਲੇਖ ਕਰਕੇ ਮੁੜ ਸੁਰਖੀਆਂ ’ਚ ਹਨ। ਅੱਈਅਰ ਨੇ ਲੇਖ ਵਿੱਚ, ਬੀਤੇ ’ਚ ਨਰਿੰਦਰ ਮੋਦੀ ਨੂੰ ‘ਨੀਚ’ ਕਹਿ ਕੇ ਮਸ਼ਕਰੀ ਕਰਨ ਨੂੰ ਉਚਿਤ ਕਰਾਰ ਦਿੱਤਾ ਹੈ। ਅੱਈਅਰ ਨੇ ਕਿਹਾ ਕਿ ਸ੍ਰੀ ਮੋਦੀ ‘ਸਭ ਤੋਂ ਵੱਧ ਝੂਠ’ ਬੋਲਦੇ ਹਨ ਤੇ ਦੇਸ਼ ਨੇ ਪਹਿਲਾਂ ਕਦੇ ਅਜਿਹਾ ਪ੍ਰਧਾਨ ਮੰਤਰੀ ਨਹੀਂ ਵੇਖਿਆ। ਰਾਈਜ਼ਿੰਗ ਕਸ਼ਮੀਰ ਤੇ ਦਿ ਪ੍ਰਿੰਟ ਵਿੱਚ ਪ੍ਰਕਾਸ਼ਿਤ ਇਸ ਲੇਖ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਜਪਾ ਨੇ ਅੱਈਅਰ ਨੂੰ ‘ਬਦਜ਼ੁਬਾਨੀ ਕਰਨ ਵਾਲਿਆਂ ਦਾ ਮੁਖੀਆ’ ਕਰਾਰ ਦਿੰਦਿਆਂ ਉਨ੍ਹਾਂ ਦੀ ਪਾਰਟੀ ਕਾਂਗਰਸ ਨੂੰ ਹੰਕਾਰੀ ਦੱਸਿਆ ਹੈ। ਸ੍ਰੀ ਅੱਈਅਰ ਨੇ ਲੇਖ ਵਿੱਚ ਮੋਦੀ ਨੂੰ ਕਈ ਮੁੱਦਿਆਂ ’ਤੇ ਭੰਡਿਆ। ‘ਨੀਚ’ ਵਾਲੀ ਟਿੱਪਣੀ ਨੂੰ ਯੋਗ ਕਰਾਰ ਦਿੰਦਿਆਂ ਅੱਈਅਰ ਨੇ ਲਿਖਿਆ, ‘23 ਮਈ ਨੂੰ ਭਾਰਤ ਦੇ ਲੋਕ ਮੋਦੀ ਨੂੰ, ਕਿਸੇ ਵੀ ਸੂਰਤ ਵਿੱਚ ਸੱਤਾ ਤੋਂ ਲਾਂਭੇ ਕਰ ਦੇਣਗੇ।’ ‘ਸਭ ਤੋਂ ਵੱਧ ਝੂਠ’ ਬੋਲਣ ਵਾਲੇ ਪ੍ਰਧਾਨ ਮੰਤਰੀ ਦਾ ਇਹ ਬਿਲਕੁਲ ਢੁੱਕਵਾਂ ਅੰਤ ਹੋਵੇਗਾ, ਜਿਸ ਨੂੰ ਲੋਕ ਵੇਖਣਗੇ। ਤੁਹਾਨੂੰ ਯਾਦ ਹੋਵੇਗਾ ਕਿ 7 ਦਸੰਬਰ 2017 ਨੂੰ ਮੈਂ ਕਿਵੇਂ ਇਨ੍ਹਾਂ(ਮੋਦੀ) ਦਾ ਬਿਆਨ ਕੀਤਾ ਸੀ? ਕੀ ਮੈਂ ਸੱਚ ਨਹੀਂ ਸੀ ਬੋਲਿਆ?’ ਅੱਈਅਰ ਨੇ ਲੇਖ ਵਿੱਚ ਮੋਦੀ ਵੱਲੋਂ ਹਾਲੀਆ ਟੀਵੀ ਇੰਟਰਵਿਊ ਦੌਰਾਨ ‘ਬੱਦਲਾਂ ਦੀ ਥਿਊਰੀ’ ਬਾਰੇ ਦਿੱਤੇ ਬਿਆਨ ਦਾ ਵੀ ਜ਼ਿਕਰ ਕੀਤਾ ਹੈ। ਮਗਰੋਂ ਜਦੋਂ ਸ਼ਿਮਲਾ ਵਿੱਚ ਪੱਤਰਕਾਰਾਂ ਨੇ ਉਨ੍ਹਾਂ ਨੂੰ ਵਿਵਾਦ ਬਾਰੇ ਸਵਾਲ ਕੀਤਾ ਤਾਂ ਅੱਈਅਰ ਨੇ ਕਿਹਾ ਕਿ ਉਨ੍ਹਾਂ ਦੇ ਲੇਖ ਵਿੱਚ ਸਿਰਫ਼ ਇਕ ਲਾਈਨ ਹੈ ਤੇ ਉਹ ਮੀਡੀਆ ਦੀ ਕਿਸੇ ਵੀ ਖੇਡ ’ਚ ਸ਼ਾਮਲ ਹੋਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ, ‘ਮੈਂ ਮੂਰਖ ਹਾਂ, ਪਰ ਇੰਨਾ ਵੱਡਾ ਵੀ ਨਹੀਂ।’ ਉਧਰ ਭਾਜਪਾ ਤਰਜਮਾਨ ਜੀ.ਵੀ.ਐੱਲ. ਨਰਸਿਮ੍ਹਾ ਰਾਓ ਨੇ ਇਕ ਟਵੀਟ ’ਚ ਕਿਹਾ ਕਿ ‘ਬਦਜ਼ੁਬਾਨਾਂ ਦਾ ਮੁਖੀ’ ਅੱਈਅਰ 2017 ਦੀਆਂ ਆਪਣੀ ‘ਨੀਚ’ ਵਾਲੀ ਮਸ਼ਕਰੀ ਨੂੰ ਉਚਿਤ ਦੱਸਣ ਲਈ ਮੁੜ ਆਇਆ ਹੈ। ਰਾਓ ਨੇ ਕਿਹਾ, ‘…ਅੱਈਅਰ ਨੇ ਉਦੋਂ ਮੁਆਫ਼ੀ ਮੰਗਦਿਆਂ, ਆਪਣੀ ਹਿੰਦੀ ਖਰਾਬ ਹੋਣ ਦੀ ਆੜ ਹੇਠ ਬਚਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਹਦਾ ਕਹਿਣਾ ਹੈ ਕਿ ਉਸ ਨੇ ਸੱਚੀ ਭਵਿੱਖਬਾਣੀ ਕੀਤੀ ਸੀ। ਕਾਂਗਰਸ ਨੇ ਪਿਛਲੇ ਸਾਲ ਉਹਦੀ ਮੁਅੱਤਲੀ ਵਾਪਸ ਲੈ ਲਈ ਸੀ। ਕਾਂਗਰਸ ਵੱਲੋਂ ਦੋਹਰੇ ਮਾਪਦੰਡਾਂ ਤੇ ਹੰਕਾਰ ਦਾ ਮੁੜ ਮੁਜ਼ਾਹਰਾ।’
INDIA ਅੱਈਅਰ ਵੱਲੋਂ ‘ਨੀਚ’ ਵਾਲੀ ਟਿੱਪਣੀ ਦਰੁਸਤ ਕਰਾਰ