ਜਾਰੀ ਕਰਤਾ : ਡਾ. ਚਰਨਜੀਤ ਸਿੰਘ ਗੁਮਟਾਲਾ, 919417533060
ਅੰਮ੍ਰਿਤਸਰ (ਸਮਾਜ ਵੀਕਲੀ) : ਅੰਮ੍ਰਿਤਸਰ ਵਿਕਾਸ ਮੰਚ (ਰਜ਼ਿ) ਨੇ ਦੇਸ਼ ਵਿਚ ਬੜੀ ਤੇਜ਼ੀ ਨਾਲ ਫੈਲ ਰਹੀ ਕਰੋਨਾ ਮਹਾਂਮਾਰੀ ਦਾ ਟਾਕਰਾ ਕਰਨ ਲਈ ਢੁੱਕਵੇਂ ਪ੍ਰਬੰਧ ਕਰਨ ਮੰਗ ਕੀਤੀ ਹੈ। ਇਹ ਵੀ ਮੰਗ ਕੀਤੀ ਗਈ ਹੈ ਕਿ ਦਿੱਲੀ ਵਾਂਗ ਵਧੀਆ ਸਰਕਾਰੀ ਹਸਪਤਾਲ ਬਣਾਏ ਜਾਣ ਤੇ ਦਿੱਲੀ ਵਾਂਗ ਮੁਹੱਲਾ ਕਲਿਨਕ ਖੋਲੇ ਜਾਣ ਤਾਂ ਜੁ ਲੋਕਾਂ ਨੂੰ ਐਂਮਰਜੈਂਸੀ ਸਮੇਂ ਮੁਢਲੀ ਸਹਾਇਤਾ ਘਰ ਦੇ ਨਜ਼ਦੀਕ ਹੀ ਮਿਲ ਸਕੇ ।ਕੇਜਰੀਵਾਲ ਸਰਕਾਰ ਨੇ ਇਹ ਵੀ ਸਹੂਲਤ ਦਿੱਤੀ ਹੋਈ ਹੈ ਕਿ ਜੇ ਕੋਈ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾਏਗਾ ਤਾਂ ਉਸ ਦਾ ਖ਼ਰਚਾ ਵੀ ਸਰਕਾਰ ਦੇਵੇਗੀ।ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਭੇਜੀ ਈ ਮੇਲ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਜੂਨੀਅਰ ਡਾਕਟਰਾਂ, ਨਰਸਾਂ, ਮੈਡੀਕਲ ਸਟਾਫ਼ ਤੇ ਹੋਰ ਵਰਗਾਂ ਦੇ ਕਾਮਿਆਂ ਵੱਲੋਂ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸੀਨੀਅਰ ਡਾਕਟਰ ਕਰੋਨਾ ਦੇ ਮਰੀਜਾਂ ਨੂੰ ਵੇਖਣ ਲਈ ਅੱਗੇ ਨਹੀਂ ਆ ਰਹੇ ਕਿਉਂਕਿ ਇਨ੍ਹਾਂ ਹਸਪਤਾਲਾਂ ਵਿੱਚ ਕਰੋਨਾ ਵਾਇਰਸ ਤੋਂ ਬਚਣ ਲਈ ਲੋੜੀਂਦੇ ਯੰਤਰ ਤੇ ਸਮਾਨ ਨਹੀਂ ਹੈ।ਕਰਮਚਾਰੀਆਂ ਦੀ ਮੰਗ ਹੈ ਕਿ ਸਬੰਧਿਤ ਅਮਲੇ ਨੂੰ ਪੀ ਪੀ ਈ ਕਿੱਟ, ਐਨ 95 ਮਾਸਕ ਤੇ ਸੈਨੇਟਾਈਜ਼ਰ ਮੁਹੱਈਆ ਕੀਤੇ ਜਾਣ। ਕਰੋਨਾ ਵਾਰਡ ਵਿੱਚ ਕੰਮ ਕਰਨ ਵਾਲੀਆਂ ਨਰਸਾਂ ਨੂੰ ਘਰ ਵਿੱਚ ਜਾਣ ਦੀ ਥਾਂ ‘ਤੇ ਹਸਪਤਾਲ ਵਿੱਚ 14 ਦਿਨਾਂ ਲਈ ਰਹਿਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰ ਇਸ ਬਿਮਾਰੀ ਤੋਂ ਬਚੇ ਰਹਿਣ।
ਬੀਤੇ ਦਿਨੀਂ ਵਿਸ਼ਵ ਪ੍ਰਸਿੱਧ ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਨਾਲ ਸਨਮਾਨਿਤ ਮਰਹੂਮ ਭਾਈ ਨਿਰਮਲ ਸਿੰਘ ਖਾਲਸਾ ਦੇ ਇਲਾਜ ਵਿੱਚ ਉਨ੍ਹਾਂ ਦੇ ਪ੍ਰਵਾਰ ਵੱਲੋਂ ਜਾਰੀ ਵੱਖ ਵੱਖ ਵੀਡੀਓ ਵਿੱਚ ਗੁਰੂ ਨਾਨਕ ਦੇਵ ਹਸਪਤਾਲ ‘ਤੇ ਕੁਤਾਹੀ ਦੇ ਦੋਸ਼ ਲਾਏ ਗਏ ਹਨ।
ਅੱਜ ਦੀਆਂ ਅਖਬਾਰਾਂ ਵਿੱਚ ਆਈਸੋਲੇਸ਼ਨ ਵਾਰਡ ਵਿੱਚ ਜੇਰੇ ਇਲਾਜ ਭਾਈ ਨਿਰਮਲ ਸਿੰਘ ਖਾਲਸਾ ਦੇ ਨਜ਼ਦੀਕੀ ਸਾਥੀ ਭਾਈ ਦਰਸ਼ਨ ਸਿੰਘ ਨੇ ਵੀ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਵੇਖਣ ਡਾਕਟਰ ਨਹੀਂ ਆ ਰਹੇ। ਸਿਰਫ ਨਰਸਾਂ ਸਵੇਰੇ ਸ਼ਾਮ 2-3 ਗੋਲੀਆਂ ਦੇ ਕੇ ਚੱਲੀਆਂ ਜਾਂਦੀਆਂ ਹਨ।
ਕਮਰੇ ਦੇ ਗੀਜ਼ਰ ਦੀ ਪਾਇਪ ਟੁੱਟੀ ਹੋਣ ਕਰਕੇ ਗਰਮ ਪਾਣੀ ਨਹੀਂ ਆ ਰਿਹਾ ਤੇ ਪਿਛਲੇ 5 ਦਿਨਾਂ ਤੋਂ ਉਹ ਇਸ਼ਨਾਨ ਨਹੀਂ ਕਰ ਸਕੇ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਨੇ ਖ਼ਾਲਸਾ ਜੀ ਦੀ ਮੌਤ ਤੋਂ ਕੋਈ ਸਬਕ ਨਹੀਂ ਸਿਖਿਆ।
ਅੰਮ੍ਰਿਤਸਰ ਦੇ ਪੈਰਾ ਮੈਡੀਕਲ ਸਟਾਫ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਜਦੋਂ ਭਾਈ ਨਿਰਮਲ ਸਿੰਘ ਖਾਲਸਾ ਦੀ ਮ੍ਰਿਤਕ ਦੇਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਖੜ੍ਹੀ ਗਈ ਤਾਂ ਦਰਜਾ ਚਾਰ ਕਰਮਚਾਰੀਆਂ ਨੂੰ ਲੋੜੀਂਦਾ ਸਮਾਨ ਨਹੀਂ ਮੁਹੱਈਆ ਕਰਵਾਇਆ ਗਿਆ। ਅਜਿਹੀ ਕੁਤਾਹੀ ਅੱਗੇ ਤੋਂ ਨਹੀਂ ਹੋਣੀ ਚਾਹੀਦੀ
ਮੰਚ ਆਗੂ ਨੇ ਇਹ ਵੀ ਮੰਗ ਕੀਤੀ ਹੈ ਕਿ ਸਾਰੇ ਪੰਜਾਬ ਦੇ ਵਿਧਾਇਕਾਂ ਦੀ ਇਹ ਡਿਊਟੀ ਲਾਈ ਜਾਵੇ ਕਿ ਉਹ ਆਪੋ ਆਪਣੇ ਇਲਾਕੇ ਦੇ ਹਸਪਤਾਲਾਂ, ਡਿਸਪੈਂਸਰੀਆਂ ਆਦਿ ਵਿੱਚ ਚੱਕਰ ਲਾ ਕੇ ਪਤਾ ਲਾਉਣ ਕਿ, ਕੀ ਇਨ੍ਹਾਂ ਵਿੱਚ ਸਾਰਾ ਸਟਾਫ ਤੇ ਲੋੜੀਂਦੀਆਂ ਦਵਾਈਆਂ ਹਨ ? ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਵਿਚ ਕੋਈ ਚਾਰ ਸੌ ਦੇ ਕਰੀਬ ਡਾਕਟਰਾਂ ਦੀਆਂ ਆਸਾਮੀਆਂ ਖਾਲੀ ਹਨ ਤੇ ਮੈਡੀਕਲ ਕਾਲਜਾਂ ਵਿੱਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਹੈ।
ਕੀ ਕਦੇ ਪ੍ਰਾਈਵੇਟ ਹਸਪਤਾਲ ਵਿਚ ਕੋਈ ਆਸਾਮੀ ਖਾਲੀ ਰਹਿੰਦੀ ਹੈ ? ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਫੌਰੀ ਤੌਰ ‘ਤੇ ਆਰਜੀ ਨਿਯੁਕਤੀਆਂ ਕੀਤੀਆਂ ਜਾਣ ਜਿਵੇਂ ਕਿ ਕੁਝ ਸਾਲ ਪਹਿਲਾਂ ਹੁੰਦਾ ਸੀ।
ਵਿਧਾਇਕ ਤੇ ਸਿਵਲ ਸਰਜਨ ਇਹ ਵੀ ਵੇਖਣ ਕਿ ਕੀ ਹਸਪਤਾਲ ਵਿੱਚ ਮਰੀਜਾਂ ਦੀ ਦੇਖਭਾਲ ਠੀਕ ਤਰ੍ਹਾਂ ਨਾਲ ਹੋ ਰਹੀ ਹੈ। ਇਸ ਸੰਬੰਧੀ 6 ਅਪ੍ਰੈਲ 2020 ਦੀ ਪੰਜਾਬੀ ਟ੍ਰਿਬਿਊਨ ਵਿੱਚ ਬਠਿੰਡਾ ਤੋਂ ਖਬਰ ਲੱਗੀ ਹੈ ਕਿ ਸਬ- ਡਿਵੀਜਨ ਹਸਪਤਾਲ ਘੁਦਾ ਵਿੱਚ ਕਰੋਨਾ ਵਾਇਰਸ ਦੇ 7 ਮਰੀਜਾਂ ਨੂੰ ਇੱਕੋ ਕਮਰੇ ਵਿੱਚ ਰੱਖਿਆ ਗਿਆ ਹੈ ਤੇ ਪਾਣੀ ਪੀਣ ਲਈ ਇੱਕੋ ਇੱਕ ਗਿਲਾਸ ਹੈ।ਜੋ ਕਿ ਨਿਯਮਾਂ ਦੀ ਘੋਰ ਉਲੰਘਣਾ ਹੈ।