ਅੰਮ੍ਰਿਤਸਰ ਰੇਲ ਹਾਦਸਾ: ਜਾਂਚ ਰਿਪੋਰਟ ’ਚ ਸਿੱਧੂ ਜੋੜੇ ਨੂੰ ਰਾਹਤ

ਦਸਹਿਰੇ ਵਾਲੇ ਦਿਨ ਅੰਮ੍ਰਿਤਸਰ ’ਚ ਵਾਪਰੇ ਰੇਲ ਹਾਦਸੇ ਦੀ ਜਾਂਚ ਲਈ ਕਾਇਮ ਕੀਤੀ ਗਈ ਜਾਂਚ ਕਮੇਟੀ ਦੀ ਰਿਪੋਰਟ ’ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੂੰ ਵੱਡੀ ਰਾਹਤ ਮਿਲ ਗਈ ਹੈ। ਮੈਜਿਸਟਰੇਟੀ ਜਾਂਚ ਕਰ ਰਹੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ ਪੁਰਸ਼ਾਰਥਾ ਨੇ ਕਿਹਾ ਕਿ ਦਰਦਨਾਕ ਹਾਦਸੇ ਲਈ ਸਿੱਧੂ ਜੋੜਾ ਕਿਸੇ ਵੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਸਿਵਲ ਪ੍ਰਸ਼ਾਸਨ, ਮਿਊਂਸਿਪਲ ਕਾਰਪੋਰੇਸ਼ਨ, ਰੇਲਵੇ ਅਤੇ ਪੁਲੀਸ ਅਧਿਕਾਰੀਆਂ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਰਿਪੋਰਟ ’ਚ ਸਿੱਧੂ ਜੋੜੇ ਦੇ ਕਰੀਬੀ ਮਿਊਂਸਿਪਲ ਕੌਂਸਲਰ ਮਿੱਠੂ ਮਦਾਨ ਸਮੇਤ ਦਸਹਿਰਾ ਪ੍ਰਬੰਧਕਾਂ ਵੱਲ ਉਂਗਲ ਉਠਾਈ ਗਈ ਹੈ ਜਿਨ੍ਹਾਂ ਦਸਹਿਰਾ ਸਮਾਗਮ ਲਈ ਨਾ ਤਾਂ ਢੁੱਕਵੀਂ ਮਨਜ਼ੂਰੀ ਲਈ ਅਤੇ ਨਾ ਹੀ ਭੀੜ ਦਾ ਧਿਆਨ ਰੱਖਣ ਲਈ ਕੋਈ ਪ੍ਰਬੰਧ ਕੀਤਾ। ਇਸ ਤੋਂ ਪਹਿਲਾਂ ਰੇਲਵੇ ਸੁਰੱਖਿਆ ਬਾਰੇ ਮੁੱਖ ਕਮਿਸ਼ਨਰ ਕੇ ਪਾਠਕ ਵੱਲੋਂ ਕੀਤੀ ਗਈ ਜਾਂਚ ’ਚ ਪਟੜੀ ’ਤੇ ਖੜ੍ਹੇ ਲੋਕਾਂ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਹੁਣ ਮੈਜਿਸਟਰੇਟੀ ਜਾਂਚ ’ਚ ਕਿਹਾ ਗਿਆ ਹੈ ਕਿ ਰੇਲਵੇ ਅਧਿਕਾਰੀ ਹਾਦਸੇ ਲਈ ਜ਼ਿੰਮੇਵਾਰ ਹਨ ਕਿਉਂਕਿ ਉਹ ਲੋਕਾਂ ਦੇ ਪਟੜੀ ’ਤੇ ਖੜ੍ਹੇ ਹੋਣ ਬਾਰੇ ਅਵੇਸਲੇ ਸਨ ਅਤੇ ਵੱਡੀ ਆਬਾਦੀ ਵਾਲੇ ਇਲਾਕੇ ’ਚ ਤੇਜ਼ ਰਫ਼ਤਾਰ ਨਾਲ ਗੱਡੀ ਜਾਣ ਦਿੱਤੀ ਗਈ। ਜੀਆਰਪੀ ਵੱਲੋਂ ਏਡੀਜੀਪੀ (ਰੇਲਵੇ) ਇੰਦਰਪ੍ਰੀਤ ਸਿੰਘ ਸਹੋਤਾ ਵੀ ਹਾਦਸੇ ਦੀ ਜਾਂਚ ਕਰ ਰਹੇ ਹਨ। ਤਿੰਨ ਸੌ ਸਫ਼ਿਆਂ ਦੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਅਗਲੇਰੀ ਕਾਰਵਾਈ ਲਈ ਸੌਂਪੀ ਗਈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਰਿਪੋਰਟ ’ਤੇ ਛੇਤੀ ਕਾਰਵਾਈ ਦਾ ਐਲਾਨ ਕਰਨਗੇ ਅਤੇ ਰਿਪੋਰਟ ਨੂੰ ਵੀ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ।

Previous articleਵਿਸ਼ਵ ਹਾਕੀ: ਜਰਮਨੀ ਨੇ ਨੈਦਰਲੈਂਡਜ਼ ਨੂੰ 4-1 ਨਾਲ ਦਰਡ਼ਿਆ
Next articleਕੈਪਟਨ ਸਰਕਾਰ ਤੇ ਨਿੱਜੀ ਖੰਡ ਮਿੱਲ ਮਾਲਕਾਂ ’ਚ ਸਮਝੌਤਾ