ਅੰਮ੍ਰਿਤਸਰ ਤੋਂ ਇਟਲੀ ਲਈ ਸਿੱਧੀਆਂ ਉਡਾਣਾਂ ਨੂੰ ਵੱਡਾ ਹੁਲਾਰਾ, ਇੱਕ ਦਿਨ ਵਿਚ ਗਈਆਂ 3 ਉਡਾਣਾਂ

ਜਨਵਰੀ 9, 2021 (ਸਮਾਜ ਵੀਕਲੀ) : ਸਾਲ 2020 ਵਿਚ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਉਡਾਣਾਂ ਦੇ ਮੁਅੱਤਲ ਹੋਣ ਦੇ ਸਮੇਂ ਦੌਰਾਨ ਬ੍ਰਿਟਿਸ਼ ਏਅਰ ਸਮੇਤ ਵਿਸ਼ਵ ਦੀਆਂ ਕਈ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਏਅਰ ਲਾਈਨ ਦੁਆਰਾ ਮੁਲਕ ਵਾਪਸੀ ਲਈ ਵਿਸ਼ੇਸ਼ ਉਡਾਣਾਂ ਦਾ ਅੰਮ੍ਰਿਤਸਰ ਤੋਂ ਸਫਤਾਪੂਰਵਕ ਸੰਚਾਲਨ ਹੋਣ ਤੋਂ ਬਾਅਦ, ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਈ 2021 ਦੀ ਸ਼ੁਰੂਆਤ ਵਿਚ 8 ਜਨਵਰੀ ਇਕ ਹੋਰ ਇਤਿਹਾਸਕ ਦਿਨ ਸੀ।

ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ, ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਦਿੱਤੀ ਹੈ ਕਿ 8 ਜਨਵਰੀ ਵਾਲੇ ਦਿਨ ਹਵਾਈ ਅੱਡੇ ਤੋਂ ਤਿੰਨ ਸਿੱਧੀਆਂ ਉਡਾਣਾਂ ਇਟਲੀ ਲਈ ਰਵਾਨਾ ਹੋਈਆਂ। ਇਸ ਤੋਂ ਪਹਿਲਾਂ ਦਸੰਬਰ 2020 ਵਿਚ, ਇਟਲੀ ਲਈ ਉਡਾਣਾਂ ਵਿੱਚ ਵਾਧਾ ਹੋਣ ਨਾਲ ਕਈ ਵਾਰ ਦਿਨ ਵਿੱਚ ਦੋ ਉਡਾਣਾ ਦੀ ਰਵਾਨਗੀ ਜਾਂ ਆਮਦ ਵੀ ਹੋਈ ਸੀ।

ਗੁਮਟਾਲਾ ਨੇ ਕਿਹਾ,  ਹਵਾਈ ਅੱਡੇ ਵਲੋਂ ਰਵਾਨਗੀ ਦੀਆਂ ਉਡਾਣਾਂ ਬਾਰੇ ਕੀਤੇ ਗਏ ਟਵੀਟ ਅਤੇ ਫਲਾਈਟ ਟਰੈਕਿੰਗ ਸਰਵਿਸ ਫਲਾਈਟਰੇਡਾਰ24 ਦੀ ਵੈਬਸਾਈਟ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਅਨੁਸਾਰ, ਅੰਮ੍ਰਿਤਸਰ ਹਵਾਈ ਅੱਡੇ ਤੋਂ ਭਾਰਤੀ ਹਵਾਈ ਕੰਪਨੀ ਇੰਡੀਗੋ ਦੀਆਂ ਏਅਰਬਸ ਏ321-ਨਿਓ ਜਹਾਜ਼ ਤੇ ਮਿਲਾਨ ਬਰਗਾਮੋਂ ਹਵਾਈ ਅੱਡੇ ਲਈ ਦੋ ਉਡਾਣਾਂ ਗਈਆਂ ਜੋ ਕਿ ਟਰਕੀ ਦੇ ਇਸਤਾਨਬੁਲ ਹਵਾਈ ਅੱਡੇ ਵਿੱਖੇ ਤੇਲ ਭਰਾਓਣ ਲਈ ਰੁਕਿਆ। ਸਪਾਈਸਜੈੱਟ ਦੀ ਵੀ ਰੋਮ ਲਈ ਲੀਜ਼ ਕੀਤੇ ਗਏ ਏ321 ਜਹਾਜ਼ ਦੀ ਰਵਾਨਗੀ ਹੋਈ ਜੋ ਕਿ ਜਾਰਜੀਆ ਦੇ ਤਿੱਬਿਲਸੀ ਹਵਾਈ ਅੱਡੇ ਵਿਖੇ ਤੇਲ ਭਰਾਓਣ ਲਈ ਰੁਕਿਆ।

ਇਹ ਤਿੰਨ ਸਿੱਧੀਆਂ ਉਡਾਣਾਂ ਇਕੋ ਹੀ ਦਿਨ ਐਤਵਾਰ ਵਾਲੇ ਦਿਨ ਇਟਲੀ ਤੋਂ ਅੰਮ੍ਰਿਤਸਰ ਪਹੁੰਚਣਗੀਆਂ। ਗੁਮਟਾਲਾ ਦਾ ਦੱਸਣਾ ਹੈ ਕਿ ਇਹ ਵਿਸ਼ੇਸ਼ ਚਾਰਟਰ ਉਡਾਣਾਂ ਹਨ ਜੋ ਅਗਸਤ 2020 ਤੋਂ ਅੰਮ੍ਰਿਤਸਰ ਤੋਂ ਇਟਲੀ ਦੇ ਸ਼ਹਿਰ ਮਿਲਾਨ, ਰੋਮ ਅਤੇ ਵਰੋਨਾ ਲਈ ਚੱਲ ਰਹੀਆਂ ਹਨ। ਫਲਾਈਟਰੇਡਰ24 ਤੋਂ ਸਾਡੀ ਟੀਮ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹੁਣ ਤੱਕ ਤਕਰੀਬਨ ਕੁੱਲ 75 ਉਡਾਣਾਂ ਅੰਮ੍ਰਿਤਸਰ-ਇਟਲੀ ਦਰਮਿਆਨ ਚੱਲ ਚੁੱਕੀਆਂ ਹਨ। ਇਸ ਵਿੱਚ ਤਕਰੀਬਨ 37 ਰਵਾਨਗੀ ਅਤੇ 38 ਉਡਾਣਾਂ ਦੀ ਆਮਦ ਹੋਈ, ਜਿਸ ਵਿੱਚ ਸਭ ਨਾਲੋਂ ਵੱਧ 13 ਰਵਾਨਗੀ ਅਤੇ 15 ਦੀ ਆਮਦ ਦਸੰਬਰ 2020 ਵਿੱਚ ਹੋਈ।

ਹਵਾਈ ਯਾਤਰਾ ਲਈ ਟਿਕਟਾਂ ਵੇਚਣ ਵਾਲੀਆਂ ਕੁੱਝ ਵੈਬਸਾਈਟ ਦੁਆਰਾ ਜਾਰੀ ਕੀਤੇ ਗਏ ਗਏ ਕਾਰਜਕ੍ਰਮ ਅਨੁਸਾਰ ਇਹ ਉਡਾਣਾਂ ਮਾਰਚ 2021 ਦੇ ਅੰਤ ਤਕ ਉਪਲੱਬਧ ਹਨ ਅਤੇ ਆਓਣ ਵਾਲੇ ਦਿਨਾਂ ਵਿੱਚ ਇਹਨਾਂ ਉਡਾਣਾਂ ਦੀ ਗਿਣਤੀ ਵੀ ਵਧੇਗੀ। ਜਦੋਂ ਕਿ ਮਹਾਂਮਾਰੀ ਦੌਰਾਨ ਭਾਰਤ ਵਲੋਂ ਅੰਤਰ ਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕੀਤਾ ਗਿਆ ਹੈ ਪਰ ਭਾਰਤ ਅਤੇ ਕਈ ਦੇਸ਼ਾਂ ਵਿਚਾਲੇ ਉਡਾਣਾਂ ਅਸਥਾਈ ਹਵਾਈ ਸਮਝੋਤਿਆਂ ਤਹਿਤ ਚਲ ਰਹੀਆਂ ਹਨ। ਪਿਛਲੇ ਸਾਲ ਦੁਨੀਆ ਭਰ ਦੇ ਬਹੁਤ ਸਾਰੇ ਸ਼ਹਿਰਾਂ ਤੋਂ ਵੀ ਵਿਸ਼ੇਸ਼ ਚਾਰਟਰ ਉਡਾਣਾਂ ਦੀ ਆਮਦ ਜਾਂ ਰਵਾਨਗੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੋਈ ਸੀ।

ਗੁਮਟਾਲਾ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਇਟਲੀ ਅਤੇ ਹੋਰਨਾਂ ਮੁਲਕਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸੰਬੰਧੀ ਮੰਗ ਅੰਕੜਿਆਂ ਸਮੇਤ ਏਅਰ ਇੰਡੀਆ ਅਤੇ ਹੋਰਨਾਂ ਏਅਰਲਾਈਨ ਨੂੰ ਕਰਦੇ ਰਹੇ ਹਾਂ ਅਤੇ ਇਨ੍ਹਾਂ ਉਡਾਣਾਂ ਦਾ ਸੰਚਾਲਨ ਹਵਾਈ ਅੱਡੇ ਤੋਂ ਵਿਸ਼ੇਸ਼ ਤੌਰ ‘ਤੇ ਇਟਲੀ ਲਈ ਸਿੱਧੇ ਕੌਮਾਂਤਰੀ ਸੰਪਰਕ ਲਈ ਇੱਕ ਵੱਡਾ ਹੁਲਾਰਾ ਹੈ। ਅਸੀਂ ਹੁਨ ਏਅਰਲਾਈਨਾਂ ਨੂੰ ਯਾਤਰੀਆਂ ਦੀ ਗਿਣਤੀ ਅਤੇ ਹੋਰ ਵੇਰਵਿਆਂ ਨਾਲ ਨਿਯਮਤ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਬੇਨਤੀ ਵੀ ਕਰ ਰਹੇ ਹਾਂ।

ਇਟਲੀ ਵਿਚ ਪੰਜਾਬੀਆਂ ਦੀ ਵੱਡੀ ਗਿਣਤੀ ਵਸੀ ਹੋਈ ਹੈ ਅਤੇ ਹਜ਼ਾਰਾਂ ਯਾਤਰੀਆਂ ਨੂੰ ਹਰ ਸਾਲ ਇਟਲੀ ਤੋਂ ਦਿੱਲੀ, ਦੋਹਾ, ਤਾਸ਼ਕੰਦ ਜਾਂ ਅਸ਼ਗਾਬਾਦ ਰਾਹੀਂ ਅੰਮ੍ਰਿਤਸਰ ਆਓਣਾ ਪੈਂਦਾ ਹੈ। ਭਵਿੱਖ ਵਿੱਚ ਇਟਲੀ ਲਈ ਸਿੱਧੀਆ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ ਇੱਥੋਂ ਤੱਕ ਕਿ ਸਿੱਧੀਆਂ ਉਡਾਣਾਂ ਦਾ ਪੰਜਾਬ ਅਤੇ ਇਸ ਦੇ ਨਾਲ ਲਗਦੇ ਸੂਬਿਆਂ ਦੇ ਉਦਯੋਗਾਂ ਅਤੇ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਉਹ ਆਪਣੀਆਂ ਵਸਤਾਂ, ਸਬਜੀਆਂ ਆਦਿ ਕਾਰਗੋ ਰਾਹੀਂ ਸਿੱਧਾ ਯੂਰੋਪੀਅਨ ਮੁਲਕਾਂ ਨੂੰ ਭੇਜ ਸਕਣਗੇ ਜੋ ਕਿ ਮੌਜੂਦਾ ਸਮੇਂ ਪੰਜਾਬ, ਹਿਮਾਚਲ, ਜੰਮੂ ਆਦਿ ਤੋਂ ਦਿੱਲੀ ਰਾਹੀਂ ਭੇਜਿਆ ਜਾਂਦਾ ਹੈਂ। ਸਿੱਧੀਆਂ ਉਡਾਣਾਂ ਨਾਲ ਜਿੱਥੇ ਦਿੱਲੀ ਜਾ ਰਸਤੇ ਵਿੱਚ ਥਾਂ ਥਾਂ ਹੁੰਦੀ ਖੱਜਲਖੁਆਰੀ ਖਤਮ ਹੋਵੇਗੀ, ਉੱਥੇ ਹੀ ਪੰਜਾਬੀਆਂ ਦਾ ਸਮਾਂ ਵੀ ਬਚੇਗਾ।

ਇਸ ਸਮੇਂ ਅਸਥਾਰੀ ਹਵਾਈ ਸਮਝੋਤਿਆਂ ਅਧੀਨ ਹੋਰਨਾਂ ਵਿਦੇਸ਼ੀ ਸ਼ਹਿਰਾਂ ਲਈ ਵੀ ਉਡਾਣਾਂ ਸ਼ੁਰੂ ਹੋਈਆਂ ਹਨ ਜਿਸ ਵਿੱਚ ਲੰਡਨ, ਬਰਮਿੰਘਮ, ਦੁਬਈ, ਅਬੂ ਧਾਬੀ, ਰਸ ਅਲ-ਖੈਮਾਹ, ਦੋਹਾ ਸ਼ਾਮਲ ਹਨ।

Previous articleਵਿਲੱਖਣ ਲੋਹੜੀ
Next articleਪੰਜਾਬੀ ਸਾਹਿਤ ਦਾ ਸਿਤਾਰਾ ਪਵਨ ਪਰਵਾਸੀ