ਅੰਮ੍ਰਿਤਸਰ (ਸਮਾਜਵੀਕਲੀ): ਸ਼ਹਿਰ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਇਥੇ 13 ਨਵੇਂ ਕਰੋਨਾ ਮਰੀਜ਼ ਸਾਹਮਣੇ ਆਉਣ ਮਗਰੋਂ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧ ਕੇ 387 ਹੋ ਗਈ ਹੈ। ਜਾਣਕਾਰੀ ਮੁਤਾਬਕ ਅੱਜ ਨਵੇਂ ਆਏ ਕਰੋਨਾ ਪਾਜ਼ੇਟਿਵ ਕੇਸਾਂ ਵਿਚ ਚਾਰ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੇ ਨਾ ਤਾਂ ਕੋਈ ਯਾਤਰਾ ਕੀਤੀ ਅਤੇ ਨਾ ਹੀ ਉਹ ਕਿਸੇ ਕਰੋਨਾ ਪੀੜਤ ਦੇ ਸੰਪਰਕ ਵਿੱਚ ਆਏ ਹਨ।
ਇਨ੍ਹਾਂ ’ਚੋਂ ਇਕ ਮਰੀਜ਼ ਹਾਥੀ ਗੇਟ ਇਲਾਕਾ, ਇਕ ਗਰੀਨ ਐਵੇਨਿਊ, ਇਕ ਗਿਲਵਾਲੀ ਗੇਟ ਅਤੇ ਇਕ ਬਾਬਾ ਬਕਾਲਾ ਨਾਲ ਸਬੰਧਤ ਹੈ। ਬਾਕੀ ਅੱਠ ਮਰੀਜ਼ ਕਰੋਨਾ ਪੀੜਤਾਂ ਦੇ ਸੰਪਰਕ ਵਿਚ ਆਉਣ ਕਾਰਨ ਇਸ ਰੋਗ ਦੀ ਲਾਗ ਦੀ ਲਪੇਟ ਵਿਚ ਆਏ ਹਨ। ਇਨ੍ਹਾਂ ’ਚੋਂ ਦੋ ਮਾਮਲੇ ਲਸ਼ਮਣ ਸਰ ਚੌਕ, ਇਕ ਰਾਣੀ ਕਾ ਬਾਗ, ਇਕ ਗੇਟ ਹਕੀਮਾਂ ਅਤੇ ਇਕ ਗਿਲਵਾਲੀ ਗੇਟ ਨਾਲ ਸਬੰਧਤ ਹੈ। ਇਨ੍ਹਾਂ ਤੋਂ ਇਲਾਵਾ ਇਕ ਵਿਅਕਤੀ ਦਿੱਲੀ ਤੋਂ ਪਰਤਿਆ ਹੈ ਅਤੇ ਟੈਸਟ ਮਗਰੋਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ 387 ਮਰੀਜ਼ਾਂ ’ਚੋਂ 307 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਇਸ ਵੇਲੇ 73 ਮਰੀਜ਼ ਜ਼ੇਰੇ ਇਲਾਜ ਹਨ। ਹੁਣ ਤਕ 7 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਤਾਲਾਬੰਦੀ ਦੇ ਚੌਥੇ ਪੜਾਅ ਦੌਰਾਨ ਸ਼ਹਿਰ ਵਿਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਤੇਜੀ ਨਾਲ ਵਧਣ ਕਾਰਨ ਸ਼ਹਿਰ ਵਾਸੀ ਚਿੰਤਾ ਵਿੱਚ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਜ਼ਰੂਰਤ ਅਨੁਸਾਰ ਹੀ ਸਾਵਧਾਨੀ ਨਾਲ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ। ਸਿਹਤ ਵਿਭਾਗ ਅਨੁਸਾਰ ਬਾਹਰ ਜਾਣ ਵੇਲੇ ਮਾਸਕ ਪਾਉਣਾ ਤੇ ਥੋੜੇ-ਥੋੜੇ ਸਮੇਂ ਬਾਅਦ ਹੱਥ ਧੋਣੇ ਜਾਂ ਸੈਨੇਟਾਈਜ਼ ਕਰਨੇ ਲਾਜ਼ਮੀ ਹਨ।