ਅੰਮ੍ਰਿਤਸਰ – ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਦੁਸਹਿਰਾ ਉਤਸਵ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਉਣ ਤੋਂ ਬਾਅਦ ਮਚੀ ਭਗਦੜ ਵਿਚ 60 ਦੇ ਕਰੀਬ ਲੋਕ ਟਰੇਨ ਦੇ ਹੇਠਾਂ ਆ ਗਏ। ਇਹ ਟਰੇਨ ਜਲੰਧਰ ਵਾਲੇ ਪਾਸਿਓ ਅੰਮ੍ਰਿਤਸਰ ਨੂੰ ਜਾ ਰਹੀ ਸੀ।
ਅੰਮ੍ਰਿਤਸਰ ਵਿਖੇ ਹੋਏ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਕ ਰੋਜ਼ਾ ਸ਼ੋਕ ਦਾ ਐਲਾਨ ਕੀਤਾ ਹੈ। ਸ਼ੋਕ ਵਜੋਂ ਵਿੱਦਿਅਕ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ।
ਅੰਮ੍ਰਿਤਸਰ ਵਿਚ ਵਾਪਰੇ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਿਸ਼ਾਨੇ ‘ਤੇ ਆ ਗਏ ਹਨ। ਮਜੀਠੀਆ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਖਿਲਾਫ ਤੁਰੰਤ ਪਰਚਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਜਿਸ ਦਸਹਿਰਾ ਸਮਾਗਮ ਦੌਰਾਨ ਇਹ ਹਾਦਸਾ ਹੋਇਆ ਹੈ। ਉਹ ਸਮਾਗਮ ਨਵਜੋਤ ਸਿੰਘ ਸਿੱਧੂ ਦੇ ਹਲਕੇ ਵਿਚ ਸੀ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਇਸ ਦਸਹਿਰਾ ਸਮਾਗਮ ਵਿਚ ਹਿੱਸਾ ਲੈਣ ਗਈ ਸੀ। ਮਜੀਠੀਆ ਦਾ ਕਹਿਣਾ ਹੈ ਕਿ ਇਸ ਹਾਦਸੇ ਲਈ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ ਕਿਉਂਕੀ ਸਮਾਗਮ ਦੇ ਆਯੋਜਨ ਦੀ ਮਨਜ਼ੂਰੀ ਨਹੀਂ ਲਈ ਗਈ ਸੀ ਅਤੇ ਨਾ ਹੀ ਉਥੇ ਲੋਕਾਂ ਦੀ ਸੁਰੱਖਿਆ ਲਈ ਕੋਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਮਜੀਠੀਆ ਨੇ ਕਿਹਾ ਹੈ ਕਿ ਜੇਕਰ ਇਸ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਖਿਲਾਫ ਕਾਰਵਾਈ ਨਾ ਹੋਈ ਤਾਂ ਉਹ ਮੁੱਦੇ ਨੂੰ ਲੈ ਕੇ ਸੰਘਰਸ਼ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਹਾਦਸੇ ‘ਚ ਮਾਰੇ ਗਏ ਤੇ ਜ਼ਖਮੀਆਂ ਦੀ ਸਹਾਇਤਾ ਲਈ ਵੱਡਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੰਮ੍ਰਿਤਸਰ ‘ਚ ਹੋਏ ਰੇਲ ਹਾਦਸੇ ਦੌਰਾਨ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਜਾਣ ‘ਤੇ ਦੁੱਖ ਜਤਾਇਆ ਅਤੇ ਉਨ੍ਹਾਂ ਨੇ ਇਸ ਦੇ ਬਾਅਦ ਹੀ ਟਵੀਟ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਮੋਦੀ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।