ਅੰਮ੍ਰਿਤਸਰ (ਸਮਾਜਵੀਕਲੀ): ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੀ ਗਈ ਤਾਲਾਬੰਦੀ ਨੂੰ 30 ਜੂਨ ਤੱਕ ਵਧਾਉਣ ਦੇ ਫੈਸਲੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਫਿਲਹਾਲ ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਭੀੜ ’ਤੇ ਕਾਬੂ ਰੱਖਣ ਵਾਸਤੇ ਵਾਰੀ ਮੁਤਾਬਕ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸਪੱਸ਼ਟ ਕੀਤਾ ਹੈ ਕਿ ਕੰਟੇਨਮੈਂਟ ਜੋਨ ਨੂੰ ਛੱਡ ਕੇ ਬਾਕੀ ਥਾਵਾਂ ਉੱਤੇ ਨਵੀਆਂ ਰਿਆਇਤਾਂ ਲਾਗੂ ਹੋਣਗੀਆਂ। ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਜਾਰੀ ਰਹੇਗਾ। ਸਿਰਫ਼ ਰੇਲ ਤੇ ਹਵਾਈ ਯਾਤਰਾ ਉੱਤੇ ਜਾਣ ਵਾਲੇ ਮੁਸਾਫਿਰਾਂ ਦੀਆਂ ਟਿਕਟਾਂ ਉਨ੍ਹਾਂ ਦਾ ਕਰਫਿਊ ਪਾਸ ਮੰਨੀਆਂ ਜਾਣਗੀਆਂ। ਇਸ ਤੋਂ ਇਲਾਵਾ ਬਾਹਰ ਨਿਕਲਣ ਲਈ ਕਰਫਿਊ ਪਾਸ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਬਿਨਾਂ ਮਾਸਕ ਤੋਂ ਘੁੰਮਣ ਅਤੇ ਭੀੜ ਇਕੱਠੀ ਹੋਣ ਦੀ ਸੂਰਤ ਵਿੱਚ ਪੁਲੀਸ ਵੱਲੋਂ ਚਲਾਨ ਕੱਟਣ ਦੇ ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਬਾਜ਼ਾਰਾਂ ਵਿੱਚ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਤਿੰਨ ਗਰੁੱਪ ਬਣਾ ਕੇ ਦੁਕਾਨਾਂ ਖੁੱਲ੍ਹਣਗੀਆਂ। ਸਾਰੇ ਬਾਜ਼ਾਰ ਇੱਕੋ ਵੇਲੇ ਨਹੀਂ ਖੁੱਲ੍ਹ ਸਕਣਗੇ। ਅੰਦਰਲੇ ਅਤੇ ਭੀੜੇ ਬਾਜ਼ਾਰਾਂ ਵਿਚੋਂ ਇਕ-ਇਕ ਗਰੁੱਪ ਹੀ ਖੁੱਲੇਗਾ। ਵੱਡੇ ਬਾਜ਼ਾਰ ਦਾ ਪਹਿਲਾਂ ਦੀ ਤਰ੍ਹਾਂ ਇਕ ਸਮੇਂ ਇਕ ਪਾਸਾ ਹੀ ਖੁੱਲ੍ਹ ਸਕੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਨਵੀਆਂ ਹਦਾਇਤਾਂ ਅਨੁਸਾਰ ਸਿਨੇਮਾਘਰ, ਜਿਮਨੇਜ਼ੀਅਮ, ਸਵਿਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ ਆਦਿ ਬੰਦ ਰਹਿਣਗੇ।
ਕਿਸੇ ਵੀ ਤਰ੍ਹਾਂ ਦੇ ਇਕੱਠ ਉਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਸੜਕ ਅਤੇ ਜਨਤਕ ਸਥਾਨਾਂ ’ਤੇ ਥੁੱਕਣ ’ਤੇ ਸਖਤ ਕਾਰਵਾਈ ਹੋਵੇਗੀ ਅਤੇ ਵਿਆਹਾਂ ਮੌਕੇ ਵੀ 50 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਤੇ ਰੋਕ ਕਾਇਮ ਰਖੀ ਗਈ ਹੈ।