ਅੰਮ੍ਰਿਤਸਰ (ਸਮਾਜਵੀਕਲੀ) : ਕਰੋਨਾ ਮਹਾਮਾਰੀ ਕਾਰਨ ਚਲ ਰਹੀ ਤਾਲਾਬੰਦੀ ਦੌਰਾਨ ਘਰ ਪਰਤ ਰਹੇ ਪ੍ਰਵਾਸੀ ਕਾਮਿਆਂ ਨੂੰ ਘਰ ਪਰਤਣ ਲਈ ਆਗਿਆ ਪ੍ਰਾਪਤ ਕਰਨ ਵਾਸਤੇ ਲੋੜੀਂਦੀ ਪ੍ਰਕਿਰਿਆ ਵਿਚੋਂ ਲੰਘਣ ਲਈ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇਥੇ ਘਰ ਵਾਪਸੀ ਲਈ ਚਲ ਰਹੀ ਸਿਹਤ ਸਕਰੀਨਿੰਗ ਵਾਸਤੇ ਇਕੱਠੇ ਹੋਏ ਵੱਡੀ ਗਿਣਤੀ ਪਰਵਾਸੀ ਕਾਮਿਆਂ ਨੂੰ ਅਨੁਸ਼ਾਸਨ ਵਿਚ ਰੱਖਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ।
ਅੰਮ੍ਰਿਤਸਰ ਬਾਈਪਾਸ ਰੋਡ ’ਤੇ ਮੈਰਿਜ ਪੈਲੇਸ ਵਿਚ ਪਰਵਾਸੀ ਕਾਮਿਆਂ ਦੀ ਸਿਹਤ ਸਕਰੀਨਿੰਗ ਦਾ ਕੰਮ ਚਲ ਰਿਹਾ ਹੈ, ਜਿਸ ਵਾਸਤੇ ਅੱਜ ਇਥੇ ਵੱਡੀ ਗਿਣਤੀ ਵਿਚ ਪਰਵਾਸੀ ਕਾਮੇ ਪੁੱਜੇ ਹੋਏ ਸਨ। ਸਖਤ ਗਰਮੀ ਦੇ ਬਾਵਜੂਦ ਘਰ ਜਾਣ ਦੇ ਇਛੁੱਕ ਪਰਵਾਸੀ ਲੰਮਾ ਸਮਾਂ ਇਥੇ ਡਟੇ ਰਹੇ। ਕਈ ਵਿਅਕਤੀ ਤਾਂ ਸਵੇਰੇ ਛੇ ਵਜੇ ਦੇ ਹੀ ਇਥੇ ਪੁੱਜੇ ਹੋਏ ਸਨ। ਸਖਤ ਗਰਮੀ ਅਤੇ ਹੋਰ ਪ੍ਰਬੰਧਾਂ ਦੀ ਘਾਟ ਕਾਰਨ ਇਨ੍ਹਾਂ ਦਾ ਮਾੜਾ ਹਾਲ ਸੀ।
ਤਾਪਮਾਨ 42 ਡਿਗਰੀ ਤੋਂ ਵਧ ਰਿਹਾ ਹੈ ਅਤੇ ਇਸ ਦੌਰਾਨ ਇਥੇ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਧੁਪ ਤੋਂ ਬਚਣ ਵਾਸਤੇ ਵੀ ਕੋਈ ਪ੍ਰਬੰਧ ਨਹੀਂ ਸੀ, ਜਿਸ ਕਾਰਨ ਪਰਵਾਸੀਆਂ ਨੂੰ ਸਖਤ ਗਰਮੀ ਵਿਚ ਬਿਨਾਂ ਪਾਣੀ ਅਤੇ ਬਿਨਾਂ ਭੋਜਨ ਰਹਿਣਾ ਪਿਆ ਹੈ। ਉਸ ਨੇ ਦਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਸਿਹਤ ਸਕਰੀਨਿੰਗ ਵਾਸਤੇ ਆ ਰਿਹਾ ਹੈ ਪਰ ਉਸ ਦੀ ਵਾਰੀ ਨਹੀਂ ਆਈ।
ਕੱਲ ਵੀ ਉਹ ਨਿਰਾਸ਼ ਹੋ ਕੇ ਘਰ ਪਰਤਿਆ ਸੀ ਅਤੇ ਅੱਜ ਵੀ ਉਡੀਕ ਵਿਚ ਬੈਠਾ ਹੋਇਆ ਹੈ। ਉਸ ਨੇ ਦਸਿਆ ਕਿ ਮਕਾਨ ਮਾਲਕ ਨੇ ਕਿਰਾਇਆ ਨਾ ਦੇਣ ਕਾਰਨ ਘਰ ਖਾਲੀ ਕਰਨ ਵਾਸਤੇ ਆਖ ਦਿੱਤਾ ਹੈ। ਹੁਣ ਉਨ੍ਹਾਂ ਕੋਲ ਖਾਣ ਪੀਣ ਵਾਸਤੇ ਵੀ ਕੁਝ ਨਹੀਂ ਹੈ। ਉਹ ਜਲਦੀ ਘਰ ਪਰਤਣਾ ਚਾਹੁੰਦੇ ਹਨ।
ਇਸ ਦੌਰਾਨ ਪਰਵਾਸੀ ਕਾਮਿਆਂ ਦੀ ਜਥੇਬੰਦੀ ਦੇ ਆਗੂ ਮਹੇਸ਼ ਵਰਮਾ ਨੇ ਮੰਗ ਕੀਤੀ ਕਿ ਸਰਕਾਰ ਸਖਤ ਗਰਮੀ ਦੌਰਾਨ ਇਥੇ ਆਉਣ ਵਾਲੇ ਪ੍ਰਵਾਸੀ ਕਾਮਿਆਂ ਵਾਸਤੇ ਘੱਟੋ ਘੱਟ ਟੈਂਟ ਦਾ ਪ੍ਰਬੰਧ ਜ਼ਰੂਰ। ਇਸੇ ਤਰ੍ਹਾਂ ਪੀਣ ਵਾਲੇ ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧ ਵੀ ਕੀਤੇ ਜਾਣ।
ਇਸ ਮੌਕੇ ਵੱਡੀ ਗਿਣਤੀ ਵਿਚ ਇਕਠੇ ਹੋਏ ਇਨ੍ਹਾਂ ਪਰਵਾਸੀ ਕਾਮਿਆਂ ਨੂੰ ਅਨੁਸ਼ਾਸਨ ਵਿਚ ਰੱਖਣ ਵਾਸਤੇ ਪੁਲੀਸ ਨੇ ਲਾਠੀਚਾਰਜ ਦੀ ਵੀ ਵਰਤੋਂ ਕਰਨੀ ਪਈ।