ਅੰਮਿ੍ਤਸਰ ਵਿੱਚ 11 ਇਮਾਰਤਾਂ ਸੀਲ

ਨਗਰ ਨਿਗਮ ਦੇ ਐਮਟੀਪੀ ਵਿੰਗ (ਮਿਉਂਸਪਲ ਟਾਊਨ ਪਲਾਨਿੰਗ) ਵਲੋਂ ਹੋਟਲਾਂ ਦੀਆਂ ਨਾਜਾਇਜ਼ ਇਮਾਰਤਾਂ ਖਿਲਾਫ ਕਾਰਵਾਈ ਕਰਦਿਆਂ ਅੱਜ ਅਜਿਹੀਆਂ 11 ਇਮਾਰਤਾਂ ਨੂੰ ਨਾਜਾਇਜ਼ ਦਸਦਿਆਂ ਸੀਲ ਕੀਤਾ ਗਿਆ ਹੈ। ਜਦੋਂ ਕਿ ਤਿੰਨ ਅਜਿਹੀਆਂ ਇਮਾਰਤਾਂ ਦਾ ਕੁਝ ਹਿੱਸਾ ਢਹਿ ਢੇਰੀ ਵੀ ਕੀਤਾ ਗਿਆ ਹੈ। ਐਮਟੀਪੀ ਵਿੰਗ ਵਲੋਂ ਇਹ ਸਾਰੀ ਕਾਰਵਾਈ ਚਾਰ ਦੀਵਾਰੀ ਵਾਲੇ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਕੀਤੀ ਗਈ। ਇਥੇ ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਬਣੇ ਅਤੇ ਬਣ ਰਹੇ ਹੋਟਲਾਂ ਨੂੰ ਨਾਜਾਇਜ਼ ਦੱਸਦਿਆਂ ਇਨ੍ਹਾਂ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਵੀ ਚਲ ਰਿਹਾ ਹੈ। ਅੱਜ ਨਿਗਮ ਦੇ ਐਮਟੀਪੀ ਵਿੰਗ ਦੀ ਟੀਮ ਦੀ ਅਗਵਾਈ ਐਮਟੀਪੀ ਇਕਬਾਲਪ੍ਰੀਤ ਸਿੰਘ ਰੰਧਾਵਾ ਨੇ ਕੀਤੀ। ਟੀਮ ਨੇ ਚਾਰ ਦੀਵਾਰੀ ਵਾਲੇ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਕਾਰਵਾਈ ਕਰਦਿਆਂ ਇਕ ਦਰਜਨ ਤੋਂ ਵਧੇਰੇ ਇਮਾਰਤਾਂ ਦਾ ਜਾਇਜ਼ਾ ਲਿਆ ਹੈ। ਇਸੇ ਤਰ੍ਹਾਂ ਪ੍ਰਤਾਪ ਬਾਜ਼ਾਰ ਅਤੇ ਹਾਲ ਬਾਜ਼ਾਰ ਵਿਚ ਵੀ ਨਾਜਾਇਜ਼ ਉਸਾਰੀਆਂ ਦੀ ਜਾਂਚ ਕੀਤੀ ਗਈ। ਸਹਾਇਕ ਟਾਊਨ ਪਲਾਨਰ ਸੰਜੀਵ ਦੇਵਗਨ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਟੀਮ ਨੇ ਵੱਖ ਵੱਖ ਥਾਵਾਂ ’ਤੇ 11 ਇਮਾਰਤਾਂ ਨੂੰ ਸੀਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਥਾਵਾਂ ਤੇ ਤਿੰਨ ਇਮਾਰਤਾਂ ਦੀ ਉਸਾਰੀ ਜਾਰੀ ਸੀ, ਜਿਥੇ ਕਾਰਵਾਈ ਕਰਦਿਆਂ ਨਵੀਂ ਉਸਾਰੀ ਨੂੰ ਢਾਹ ਦਿੱਤਾ ਗਿਆ। ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਜਿਹੀਆਂ ਨਾਜਾਇਜ਼ ਉਸਾਰੀਆਂ ਦੀ ਇਕ ਸੂਚੀ ਤਿਆਰ ਕੀਤੀ ਗਈ ਹੈ। ਇਨ੍ਹਾਂ ਨਜਾਇਜ਼ ਉਸਾਰੀਆਂ ਇਮਾਰਤਾਂ ਦੀ ਜਾਂਚ ਵਾਸਤੇ ਦੌਰੇ ਵੀ ਕੀਤੇ ਜਾ ਰਹੇ ਹਨ। ਦੂਜੇ ਪਾਸੇ ਹੋਟਲਾਂ ਦੀਆਂ ਇਮਾਰਤਾਂ ਬਣਾਉਣ ਵਾਲੇ ਲੋਕਾਂ ਨੇ ਨਗਰ ਨਿਗਮ ਦਾ ਸਖਤ ਰੁਖ ਦੇਖਦਿਆਂ ਹੋਟਲਾਂ ਦੀਆਂ ਇਮਾਰਤਾਂ ਦੀ ਉਸਾਰੀ ਫਿਲਹਾਲ ਰੋਕ ਦਿੱਤੀ ਹੈ। ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਅਜਿਹੀ ਕਾਰਵਾਈ ਦੌਰਾਨ ਉਹ ਆਪਣੇ ਮੋਬਾਈਲ ਫੋਨ ਬੰਦ ਰੱਖ ਰਹੇ ਹਨ ਤਾਂ ਜੋ ਕਾਰਵਾਈ ਦੌਰਾਨ ਕਿਸੇ ਤਰ੍ਹਾਂ ਦਾ ਦਬਾਅ ਨਾ ਪਵੇ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਇਸ ਵੇਲੇ ਸੈਂਕੜਿਆਂ ਦੀ ਗਿਣਤੀ ਵਿਚ ਹੋਟਲ, ਸਰਾਵਾਂ ਅਤੇ ਗੈਸਟ ਹਾਊਸ ਆਦਿ ਬਣੇ ਹੋਏ ਹਨ, ਜਿਨ੍ਹਾਂ ਵਿਚੋਂ 200 ਤੋਂ ਵੱਧ ਅਜਿਹੀਆਂ ਇਮਾਰਤਾਂ ਨੂੰ ਨਗਰ ਨਿਗਮ ਵਲੋਂ ਨਾਜਾਇਜ਼ ਕਰਾਰ ਦਿੱਤਾ ਹੋਇਆ ਹੈ।

Previous articleਬਲੋਚਿਸਤਾਨ ਸੜਕ ਹਾਦਸੇ ’ਚ 27 ਹਲਾਕ
Next articleਸੇਰੇਨਾ ਦੀ ਜੇਤੂ ਮੁਹਿੰਮ ਨੂੰ ਪਲਿਸਕੋਵਾ ਨੇ ਪਾਈ ਨੱਥ