- ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਉੱਚੀਆਂ ਹਵਾਵਾਂ ‘ਚ
- ਦਸੰਬਰ 2018 ਵਿਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿਚ 48 ਫੀਸਦੀ ਵਾਧਾ
- ਯਾਤਰੀਆਂ ਦੀ ਕੁੱਲ ਗਿਣਤੀ ਪਹਿਲੀ ਵਾਰ 2.6 ਲੱਖ ਤੇ ਪਹੁੰਚੀ
ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਹਾਲ ਹੀ ਵਿਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਅੰਕਿੜਆਂ ਅਨੁਸਾਰ ਅੰਮ੍ਰਿਤਸਰ ਤੋਂ ਦਸੰਬਰ 2018 ’ਚ ਅੰਤਰਰਾਸ਼ਟਰੀ ਸਵਾਰੀਆਂ ਦੀ ਗਿਣਤੀ ਦਸੰਬਰ 2017 ਦੇ ਮੁਕਾਬਲੇ 48 ਫੀਸਦੀ ਵਧੀ ਜਿਸ ਨਾਲ ਏਅਰਪੋਰਟ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿਚੋਂ ਪਹਿਲੇ ਸਥਾਨ ਤੇ ਰਿਹਾ। ਦੂਜਾ ਸਥਾਨ 40.2 ਫੀਸਦੀ ਵਾਧੇ ਨਾਲ ਪੂਨੇ ਏਅਰਪੋਰਟ ਦਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ (ਮੁਹਿੰਮ) ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਦਸੰਬਰ 2017 ਵਿਚ ਅੰਤਰਰਾਸ਼ਟਰੀ ਯਾਤਰੀਆਂ ਦੀ ਕੁੱਲ ਗਿਣਤੀ 56,284 ਸੀ ਤੇ ਦਸੰਬਰ 2018 ਵਿਚ ਵੱਧ ਕੇ 83,276 ਹੋ ਗਈ।
ਪੰਜਾਬੀਆ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਮਹੀਨੇ ਵਿਚ ਪਹਿਲੀ ਵਾਰ ਯਾਤਰੀਆਂ ਦੀ ਕੁੱਲ ਗਿਣਤੀ 260,174 ਤੇ ਪਹੁੰਚ ਗਈ ਹੈ ਜੋ ਕਿ ਇਕ ਨਵਾਂ ਰਿਕਾਰਡ ਹੈ। ਦਸੰਬਰ 2017 ਵਿਚ ਯਾਤਰੀਆਂ ਦੀ ਕੁੱਲ ਗਿਣਤੀ 219,216 ਸੀ। ਇਸ ਨਾਲ 18.7 ਫੀਸਦੀ ਵਾਧਾ ਹੋਇਆ ਹੈ। ਹਾਲਾਂਕਿ ਕੁੱਲ ਯਾਤਰੀਆਂ ਦੇ ਵਾਧੇ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਯਾਤਰੀ ਹਨ, ਪਰ ਘਰੇਲੂ ਆਵਾਜਾਈ ਵਿਚ ਵਾਧੇ ਲਈ ਯੋਗਦਾਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਦਸੰਬਰ 2017 ਵਿਚ ਘਰੇਲੂ ਸਵਾਰੀਆਂ ਦੀ ਕੁੱਲ ਗਿਣਤੀ 162,932 ਸੀ ਤੇ ਇਹ ਦਸੰਬਰ 2018 ਵਿਚ ਵੱਧ ਕੇ 176,898 ਹੋ ਗਈ ਹੈ ਜੋ ਕਿ 8.6 ਫੀਸਦੀ ਦਾ ਵਾਧਾ ਹੈ।
ਮੌਜੂਦਾ ਵਿੱਤੀ ਵਰੇ 2018-19 ਦੇ ਪਹਿਲੇ 9 ਮਹੀਨਿਆਂ (ਅਪ੍ਰੈਲ ਤੋਂ ਦਸੰਬਰ) ਵਿਚ 5.6 ਲੱਖ ਯਾਤਰੀ ਸਫਰ ਕਰ ਚੁੱਕੇ ਹਨ ਜਦ ਕਿ ਪਿਛਲੇ ਵਰ੍ਹੇ ਇਹ ਗਿਣਤੀ 4.4 ਲੱਖ ਸੀ। ਇਸ ਤਰ੍ਹਾ ਅੰਰਤਰਾਸ਼ਟਰੀ ਯਾਤਰੀਆ ਦੇ 26.2 ਫੀਸਦੀ ਵਾਧੇ ਨਾਲ ਏਅਰਪੋਰਟ ਦੂਜੇ ਨੰਬਰ ਤੇ ਚੱਲ ਰਿਹਾ ਹੈ।
ਗੁਮਟਾਲਾ ਨੇ ਕਿਹਾ ਕਿ ਇਹ ਵਾਧਾ 2018 ਵਿਚ ਏਅਰ ਇੰਡੀਆਂ ਵਲੋਂ ਬਰਮਿੰਘਮ, ਏਅਰ ਏਸ਼ੀਆ ਐਕਸ ਵਲੋਂ ਕੁਆਲਾਲੰਪੂਰ, ਇੰਡੀਗੋ ਵਲੋਂ ਡੁਬਈ, ਸਪਾਈਸ ਜੈਟ ਵਲੋਂ ਬੈਂਕਾਕ ਲਈ ਸ਼ੁਰੂ ਕੀਤੀਆਂ ਗਈਆਂ ਉਡਾਨਾਂ ਸਦਕਾ ਸੰਭਵ ਹੋਇਆ ਹੈ। ਵਿਦੇਸ਼ਾਂ ਵਿਸ ਸਰਦੀਆਂ ਦੀਆਂ ਛੁੱਟੀਆਂ ਹੋਣ ਕਰਕੇ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਤੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵੀ ਵਧਦੀ ਹੈ। ਏਅਰਪੋਰਟ ਤੇ ਸੰਘਣੀ ਧੁੰਦ ਵਿਚ ਕੈਟ-3ਬੀ ਸਿਸਟਮ ਲੱਗਣ ਨਾਲ ਵੀ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਉਡਾਣਾਂ ਰੱਦ ਹੋਈਆਂ ਹਨ। ਲੱਖਾਂ ਪੰਜਾਬੀਆਂ ਨੂੰ ਹਾਲੇ ਵੀ ਸਿੱਧੀਆਂ ਉਡਾਣਾਂ ਦੀ ਘਾਟ ਹੋਣ ਕਰਕੇ ਬਰਾਸਤਾ ਦਿੱਲੀ ਪੰਜਾਬ ਆਉਣ ਲਈ ਮਜਬੂਰ ਹੋਣਾ ਪੈਂਦਾ ਹੈ।
ਸਾਲ 2019 ਵਿਚ ਹਵਾਈ ਅੱਡੇ ਤੋਂ ਹੋਰ ਘਰੇਲੂ ਅਤੇ ਅੰਰਤਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉੜੇ ਦੇਸ਼ ਕਾ ਆਮ ਨਾਗਰਿਕ (ਉੜਾਣ-3) ਸਕੀਮ ਅਧੀਨ ਅੰਮ੍ਰਿਤਸਰ ਨੂੰ ਤਿੰਨ ਨਵੀਆਂ ਉਡਾਣਾਂ (ਪਟਨਾ, ਜੈਪੁਰ, ਕੋਲਕਤਾ) ਦੀਆਂ ਮਿਲੀਆਂ ਹਨ। ਵਰਤਮਾਨ ਵਿਚ ਏਅਰਪੋਰਟ 9 ਘਰੇਲੂ ਅਤੇ 8 ਅੰਤਰਰਾਸ਼ਟਰੀ ਸਥਾਨਾਂ ਨਾਲ ਸਿੱਧਾ ਜੁੜਿਆ ਹੋਇਆ ਹੈ।
ਗੁਰੁ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੂਰਬ ਲਈ ਵਿਦੇਸ਼ ਵਿਚ ਰਹਿੰਦੇ ਪੰਜਾਬੀਆਂ ਵਲੋਂ ਲੰਡਨ, ਟੋਰਾਂਟੋ, ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਕੀਤੀ ਜਾ ਰਹੀ ਹੈ। ਫਲਾਈ ਦੁਬਈ, ਟਰਕਿਸ਼ ਏਅਰਵੇਜ਼, ਓਮਾਨ ਏਅਰ ਵੀ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ ਪਰ ਭਾਰਤ ਦੇ ਇਹਨਾਂ ਮੁਲਕਾਂ ਦੇ ਨਾਲ ਦੁਵੱਲੇ ਹਵਾਈ ਸਮਝੋਤੇ ਇਨ੍ਹਾਂ ਵਿਚ ਰੋੜੇ ਅਟਕਾ ਰਹੇ ਹਨ। ਜੇ ਭਾਰਤ ਸਰਕਾਰ ਇਨ੍ਹਾਂ ਨਾਲ ਨਵੇਂ ਸਮਝੋਤੇ ਕਰ ਕੇ ਇਹਨਾਂ ਨੂੰ ਅੰਮ੍ਰਿਤਸਰ ਉਡਾਣਾਂ ਸ਼ੁਰੂ ਕਰਨ ਦੀ ਇਜ਼ਾਜ਼ਤ ਦੇ ਦੇਣ ਤਾਂ ਯਾਤਰੀਆਂ ਦੀ ਗਿਣਤੀ ਵਿਚ ਬਹੁਤ ਹੀ ਵੱਡੀ ਗਿਣਤੀ ਵਿਚ ਵਾਧਾ ਹੋਵੇਗਾ।