(ਸਮਾਜ ਵੀਕਲੀ)
ਦਲਿਤ ਮਹਿਲਾਵਾਂ ਅਤੇ ਬੱਚੀਆਂ ਨਾਲ ਬਲਾਤਕਾਰ ਵਰਗੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਘਟਨਾਵਾਂ ਤੇ ਚਿੰਤਾ ਦਾ ਪ੍ਰਗਟਾਵਾ
ਹੁਸੈਨਪੁਰ, (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ ਦੇ ਅਹੁਦੇਦਾਰਾਂ ਦੀ ਮੀਟਿੰਗ ਬੁਲਾਈ ਗਈ ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਸੀਨੀਅਰ ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ ਨੇ ਕੀਤੀ। ਮੀਟਿੰਗ ਦੀ ਕਾਰਵਾਈ ਨੂੰ ਚਲਾਉਂਦੇ ਹੋਏ ਸੁਸਾਇਟੀ ਦੇ ਜਨਰਲ ਧਰਮ ਪਾਲ ਪੈਂਥਰ ਦੱਸਿਆ ਕਿ ਅੱਜ ਪੂਰੇ ਦੇਸ਼ ਵਿੱਚ ਦਲਿਤ ਲੋਕਾਂ ਖਾਸ ਕਰਕੇ ਦਲਿਤ ਮਹਿਲਾਵਾਂ ਅਤੇ ਬੱਚੀਆਂ ਨਾਲ ਬਲਾਤਕਾਰ ਵਰਗੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ।ਬੇਸ਼ੱਕ ਸਰਕਾਰ ਕਿਸੇ ਦੀ ਵੀ ਹੋਵੇ ਦਲਿਤ ਲੋਕਾਂ ਤੇ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਦਲਿਤ ਸਮਾਜ ਦੇ ਬੁੱਧੀਜੀਵੀ ਵਰਗ ਅਤੇ ਸਮਾਜ ਸੁਧਾਰਕਾਂ ਲਈ ਇਹ ਚਿੰਤਾ ਦਾ ਵਿਸ਼ਾ ਹੈ।ਅਗਰ ਦੇਸ਼ ਦੀਆਂ ਸਰਕਾਰਾਂ ਨੇ ਜਬਰ ਜੁਲਮ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਦੇਸ਼ ਵਿੱਚ ਗ੍ਰਹਿ ਯੁੱਧ ਨੂੰ ਟਾਲਿਆ ਨਹੀਂ ਜਾ ਸਕਦਾ।
ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਆਲ ਇੰਡੀਆ ਐਸੀ/ਐਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ, ਦੇ ਜੋਨਲ ਪ੍ਰਧਾਨ ਜੀਤ ਸਿੰਘ, ਵਰਕਿੰਗ ਪ੍ਰਧਾਨ ਰਣਜੀਤ ਸਿੰਘ, ਜੋਨਲ ਸਕੱਤਰ ਆਰ. ਸੀ. ਮੀਨਾ ਅਤੇ ਜੋਨਲ ਕੈਸ਼ੀਅਰ ਸੋਹਨ ਬੈਠਾ ਆਦਿ ਨੇ ਕਿਹਾ ਕਿ ਅਜੇ ਯੂ ਪੀ ਹਾਥਰਸ ਦੀ ਬੇਟੀ ਮਨੀਸ਼ਾ ਦੇ ਕਤਲ ਦਾ ਮਾਮਲਾ ਠੰਡਾ ਨਹੀਂ ਪਿਆ ਤੇ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਲਾਲਪੁਰ ਵਿਖੇ ੬ ਸਾਲਾ ਬੱਚੀ ਨੂੰ ਜਗੀਰੂ ਮਾਨਸਿਕਤਾ ਦੇ ਮਾਲਿਕ ਦਾਦਾ ਪੋਤੇ ਵਲੋਂ ਮੂੰਹ ਕਾਲਾ ਕਰਨ ਤੋਂ ਬਾਅਦ ਬੱਚੀ ਨੂੰ ਜਲਾਉਣ ਵਾਲੀ ਘਟਨਾ ਦੀ ਕੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ।ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਫਾਂਸੀ ਦਿੱਤੀ ਜਾਵੇ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਸਾਇਟੀ ਦੇ ਸੀਨੀਅਰ ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ, ਸੁਸਾਇਟੀ ਦੇ ਬੁਲਾਰੇ ਪੂਰਨ ਚੰਦ ਬੋਧ ਤੋਂ ਇਲਾਵਾ ਉੱਪ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਸੁਸਾਇਟੀ ਸਰਕਾਰ ਨੂੰ ਬਾਰ ਬਾਰ ਅਪੀਲ ਕਰਦੀ ਆ ਰਹੀ ਹੈ ਕਿ ਦਲਿਤ ਲੋਕਾਂ ਤੇ ਹੋ ਰਹੇ ਜਬਰ ਜੁਲਮ ਅਤੇ ਦੁਰਵਿਹਾਰ ਵਰਗੀਆਂ ਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਫਾਸਟ ਟ੍ਰੈਕ ਅਦਾਲਤਾਂ ਦਾ ਗਠਨ ਕੀਤਾ ਜਾਵੇ। ਪਰ ਸਰਕਾਰ ਨੇ ਇਸ ਮੁੱਦੇ ਪ੍ਰਤੀ ਗੰਭੀਰਤਾ ਨਹੀਂ ਦਿਖਾਉਂਦੀ ਜਿਸ ਕਰਕੇ ਦਲਿਤ ਲੋਕਾਂ ਤੇ ਜੁਲਮਾਂ ਦਾ ਕੋਹਾੜਾ ਦਿਨੋ ਦਿਨ ਤੇਜ ਹੁੰਦਾ ਜਾ ਰਿਹਾ ਹੈ।
ਇਸ ਮੌਕੇ ਤੇ ਸੁਸਾਇਟੀ ਨੂੰ ਪਿਛਲੇ ਲੰਬੇ ਸਮੇਂ ਤੋਂ ਤਨ ਮਨ ਧੰਨ ਨਾਲ ਸੇਵਾਵਾਂ ਕਰਨ ਵਾਲੇ ਸ਼੍ਰੀ ਭਗਤ ਰਾਮ ਨੂੰ ਯਾਦਗਾਰੀ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੀ ਭਗਤ ਰਾਮ ਨੇ ਸੁਸਾਇਟੀ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਨੂੰ ਮੁੱਖ ਰੱਖਦੇ ਹੋਏ ੫੧੦੦/- ਰੁਪਏ ਦੀ ਸਹਿਯੋਗ ਰਾਸ਼ੀ ਦਿੱਤੀ। ਸ਼ੀ ਭਗਤ ਰਾਮ ਨੇ ਕਿਹਾ ਕਿ ਸੁਸਾਇਟੀ ਵਲੋਂ ਕੀਤਾ ਗਿਆ ਸਨਮਾਨ ਜਿੰਦਗੀ ਭਰ ਯਾਦ ਰਹੇਗਾ। ਮੈਂ ਇਹ ਸਨਮਾਨ ਪਾ ਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਿਹਾ ਹਾਂ। ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਸੁਸਾਇਟੀ ਦੇ ਸਮਾਜ ਸੇਵੀ ਕਾਰਜਾਂ ਲਈ ਸਹਿਯੋਗ ਕਰਦਾ ਰਹਾਂਗਾ। ਮੀਟਿੰਗ ਵਿੱਚ, ਜਸਪਾਲ ਸਿੰਘ ਚੌਹਾਨ, ਕਰਨੈਲ ਸਿੰਘ ਬੇਲਾ, ਸੰਧੂਰਾ ਸਿੰਘ, ਦੇਸ ਰਾਜ, ਸੰਦੀਪ ਕੁਮਾਰ, ਪਰਮਜੀਤ ਪਾਲ, ਕੇ. ਐਸ ਖੋਖਰ, ਰੰਗਕਰਮੀ ਕਸ਼ਮੀਰ ਸਿੰਘ ਬਿਜਰੌਲ ਅਤੇ ਸ਼ਿਵ ਕੁਮਾਰ ਸੁਲਤਾਨਪੁਰੀ ਆਦਿ ਸ਼ਾਮਿਲ ਹੋਏ।