ਜਲੰਧਰ : ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਦੇ ਸੰਬੰਧ ਵਿਚ ‘ਗੁਰੂ ਨਾਨਕ ਦੇਵ ਜੀ ਦੇ ਸਮਾਜਿਕ ਸਰੋਕਾਰ’ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਅੰਬੇਡਕਰ ਭਵਨ ਜਲੰਧਰ ਵਿਖੇ ਕੀਤਾ ਗਿਆ. ਪ੍ਰਿੰਸੀਪਲ ਡਾ. ਸਰਵਨ ਸਿੰਘ ਪ੍ਰਦੇਸੀ ਨੇ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ. ਉਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਜਿਕ ਸਰੋਕਾਰਾਂ ਤੇ ਬਹੁਤ
ਗਹਿਰਾਈ ਨਾਲ ਚਾਨਣਾ ਪਾਇਆ. ਸਰਵਨ ਸਿੰਘ ਪ੍ਰਦੇਸੀ ਨੇ ਕਿਹਾ ਕਿ ਮੂਸਾ ਨੇ ਖੁਦ ਨੂੰ ਰੱਬ ਦਾ ਦੂਤ ( ਪੈਗੰਬਰ ) ਕਿਹਾ. ਫਿਰ ਈਸਾ ਮਸੀਹ ਅਤੇ ਹਜਰਤ ਮੁਹੰਮਦ ਨੇ ਖੁਦ ਨੂੰ ਪੈਗੰਬਰ ਕਿਹਾ। ਖ਼ੁਦ ਕ੍ਰਿਸ਼ਨ ਕਹਿ ਰਿਹਾ ਹੈ ਕਿ ਮੈਂ ਹੀ ਅਭਿਨਾਸ਼ੀ ਰੱਬ ਹਾਂ ਤੇ ਮੈਂ ਹੀ ਆਪਣੀ ਮਾਇਆ ਨਾਲ ਜਦੋਂ ਦਿਲ ਕਰੇ ਜਨਮ ਲੈ ਕੇ (ਅਵਤਾਰ) ਆ ਜਾਂਦਾ ਹਾਂ. ਪਰ ਗੌਤਮ ਬੁੱਧ ਤੋਂ ਬਾਅਦ ਗੁਰੂ ਨਾਨਕ ਨੇ ਆਪਣੇ ਆਪ ਨੂੰ ਇਨਸਾਨ ਆਖਿਆ ਹੈ. ਉਨ੍ਹਾਂ ਨੇ ਲੋਕਾਈ ਦੀ ਭਲਾਈ ਵਾਸਤੇ ਸਾਰਾ ਜੀਵਨ ਲਗਾ ਦਿੱਤਾ. ਕੁਦਰਤ ਦੇ ਕਾਨੂੰਨ ਨੂੰ ਰੱਬ ਦੱਸਿਆ ਜੋ ਹਰ ਇਨਸਾਨ ਵਾਸਤੇ ਮੰਨਣਯੋਗ ਹੈ. ਉਨ੍ਹਾਂ ਨੇ ਸਮਾਜਿਕ ਬੁਰਾਈਆਂ ਤੇ ਅੰਧ ਵਿਸ਼ਵਾਸਾਂ ਨੂੰ ਦੂਰ ਕਰਨ ਵਾਸਤੇ ਗੰਗਾ ਵਿਚ ਪੰਡਤਾਂ ਦੇ ਉਲਟ ਆਪਣੇ ਖੇਤਾਂ ਨੂੰ ਪਾਣੀ ਦਿੱਤਾ, ਜਨੇਊ ਪਾਉਣ ਤੋਂ ਇਨਕਾਰ ਕੀਤਾ, ਮੱਕੇ ਵੱਲ ਪੈਰ ਕਰਕੇ ਸੁੱਤੇ, ਨਾਰੀ ਜਾਤੀ ਦਾ ਸਤਿਕਾਰ ਵਧਾਉਣ ਵਾਸਤੇ ਕਿਹਾ : ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ , ਊਚ ਨੀਚ ਦਾ ਅੰਤਰ ਮਿਟਾਉਣ ਵਾਸਤੇ ਉਨ੍ਹਾਂ ਕਿਹਾ : ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ. ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥’ ਗਰੀਬਾਂ ਦਾ ਸਨਮਾਨ ਵਧਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਧਨਾਢ ਮਲਿਕ ਭਾਗੋ ਦੇ ਪਕਵਾਨ ਛੱਡ ਕੇ ਗਰੀਬ ਭਾਈ ਲਾਲੋ ਦੀ ਹੱਕ ਹਲਾਲ ਦੀ ਰੁਖੀ ਮਿੱਸੀ ਰੋਟੀ ਖਾਧੀ, ਰਾਜਾਸ਼ਾਹੀ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ: ‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿੑ ਬੈਠੇ ਸੁਤੇ ॥’. ਗ੍ਰਹਿਸਥ ਜੀਵਨ ਬਤੀਤ ਕੀਤਾ ਅਤੇ 17 ਸਾਲ ਖੁਦ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਮਨੁੱਖ ਤੇ ਸਮਾਜ ਦੀ ਸਥਾਪਨਾ ਲਈ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦੇ ਤਿੰੰਨ ਮਹਾਨ ਉਪਦੇਸ਼ ਦਿੱਤੇ ਜੋ ਅੱਗੇ ਜਾ ਕੇ ਸਿੱਖ ਫਲਸਫੇ ਦਾ ਮੂਲ ਸਿਧਾਂਤ ਬਣੇ.
ਸੋਹਣ ਲਾਲ ਡੀਪੀਆਈ ਕਾਲਜਾਂ (ਰਿਟਾਇਰਡ) ਨੇ ਮੁੱਖ ਮਹਿਮਾਨ ਦੀ ਜਾਨ ਪਹਿਚਾਣ ਬਾਬਤ ਕੁਝ ਸ਼ਬਦ ਕਿਹੇ . ਡਾ. ਜੀ. ਸੀ. ਕੌਲ ਦੀ ਪੰਜਾਬੀ ਵਿਚ ਲਿਖੀ ਪੁਸਤਕ ‘ਗੁਰੂ ਨਾਨਕ ਦਾ ਮਾਨਵਵਾਦੀ ਸੰਦੇਸ਼’ ਲੋਕਅਰਪਨ ਕੀਤੀ ਗਈ. ਇਸ ਉਪਰੰਤ ਡਾ. ਕੌਲ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਆਪਣੀ ਬਹੁਤ ਹੀ ਮਹੱਤਵਪੂਰਨ ਪੁਸਤਕ “ਜਾਤ ਪਾਤ ਦਾ ਬੀਜ ਨਾਸ਼” ਵਿਚ ਜਾਤ ਪਾਤ ਨੂੰ ਖਤਮ ਕਰਨ ਲਈ ਬੁੱਧ ਅਤੇ ਗੁਰੂ ਨਾਨਕ ਦੇ ਫਲਸਫੇ ਤੇ ਚੱਲਣ ਲਈ ਕਿਹਾ ਹੈ. ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ. ਸਟੇਜ ਸੰਚਾਲਨ ਵਰਿੰਦਰ ਕੁਮਾਰ ਨੇ ਬਾਖੂਬੀ ਕੀਤਾ. ਇਸ ਮੌਕੇ ਲਾਹੌਰੀ ਰਾਮ ਬਾਲੀ, ਚਰਨ ਦਾਸ ਸੰਧੂ, ਬਲਦੇਵ ਰਾਜ ਭਾਰਦਵਾਜ, ਜਸਵਿੰਦਰ ਵਰਿਆਣਾ, ਰਮੇਸ਼ ਚੰਦਰ ਅੰਬੈਸਡਰ (ਰਿਟਾ.), ਹਰਮੇਸ਼ ਜੱਸਲ, ਰਾਮ ਲਾਲ ਦਾਸ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਆਗੂ ਹਾਜਰ ਸਨ .
–ਵਰਿੰਦਰ ਕੁਮਾਰ, ਜਨਰਲ ਸਕੱਤਰ