ਮੁੰਬਈ (ਸਮਾਜਵੀਕਲੀ) : ਕੇਂਦਰੀ ਮੁੰਬਈ ਵਿਚ ਦਾਦਰ ਸਥਿਤ ਡਾ. ਬੀ.ਆਰ. ਅੰਬੇਡਕਰ ਦੇ ਘਰ ‘ਰਾਜਗ੍ਰਹਿ’ ਵਿੱਚ ਭੰਨਤੋੜ ਕਰਨ ਦੇ ਦੋਸ਼ ਹੇਠ ਪੁਲੀਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਟੁੰਗਾ ਪੁਲੀਸ ਥਾਣੇ ਵਿੱਚ ਅੰਬੇਡਕਰ ਦੇ ਪੋਤਰੇ ਭੀਮਰਾਓ ਅੰਬੇਡਕਰ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਸੀਸੀਟੀਵੀ ਵਿੱਚ ਨਜ਼ਰ ਆਏ ਅਣਪਛਾਤੇ ਦੋਸ਼ੀ ਦੀ ਮਾਨਸਿਕ ਹਾਲਤ ਸਥਿਰ ਨਹੀਂ ਜਾਪਦੀ।
ਮੰਗਲਵਾਰ ਦੀ ਰਾਤ ਇਸ ਵਿਅਕਤੀ ਨੇ ਘਰ ਵਿੱਚ ਦਾਖ਼ਲ ਹੋ ਕੇ ਫੁੱਲਾਂ ਵਾਲੇ ਗਮਲੇ, ਪੌਦੇ, ਸੀਸੀਟੀਵੀ ਕੈਮਰੇ ਤੋੜ ਦਿੱਤੇ ਅਤੇ ਖਿੜਕੀਆਂ ’ਤੇ ਪੱਥਰ ਸੁੱਟੇ। ਇਸ ਸਬੰਧੀ ਆਈਪੀਸੀ ਦੀ ਧਾਰਾ 427 ਅਤੇ 447 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਦੱਸਿਆ ਕਿ ਡਾ. ਅੰਬੇਡਕਰ ਦੇ ਘਰ ਨੂੰ ਪੱਕੀ ਪੁਲੀਸ ਸੁਰੱਖਿਆ ਦਿੱਤੀ ਜਾਵੇਗੀ, ਜੋ 24 ਘੰਟੇ ਜਾਰੀ ਰਿਹਾ ਕਰੇਗੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਹਮਲੇ ਵਿਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।