(ਸਮਾਜਵੀਕਲੀ)
ਦੇਸ਼ ਅਤੇ ਰਾਜ ਨੂੰ ਚਲਾਉਂਦੀਆਂ ਦੋਵੇਂ ਸਰਕਾਰਾਂ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਦੀਆਂ ਜਾ ਰਹੀਆਂ ਹਨ। ਮੌਜੂਦਾ ਸਮੇਂ ਵਿੱਚ ਤਾਂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਭਾਰਤ ਅਤੇ ਪੰਜਾਬ ਵਿੱਚ ਲੋਕਤੰਤਰੀ ਸਰਕਾਰ ਨਹੀਂ ਸਗੋਂ ਤਾਨਾਸ਼ਾਹੀ ਸਰਕਾਰਾਂ ਦਾ ਰਾਜ ਹੈ। ਦੇਸ਼ ਅਤੇ ਰਾਜ ਨੂੰ ਸਹੀ ਤਰੀਕੇ ਨਾਲ ਚਲਾਉਣ ਵਿੱਚ ਦੋਵੇਂ ਸਰਕਾਰਾਂ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀਆਂ ਹਨ।ਹਰ ਗੰਭੀਰ ਮੁੱਦੇ ਤੇ ਸਿਰਫ਼ ਹਵਾ ਵਿੱਚ ਹੀ ਗੱਲਾਂ ਹੋ ਰਹੀਆਂ ਹਨ ਫਿਰ ਭਾਵੇਂ ਉਹ ਕਰੋਨਾ ਵਰਗੀ ਮਹਾਂਮਾਰੀ ਨਾਲ ਲੜਨ ਲਈ ਪੰਜਾਬ ਸਰਕਾਰ ਦੀ ਹਵਾਈ ਰਣਨੀਤੀ ਹੋਵੇ ਜਾਂ ਮੌਜੂਦਾ ਸਮੇਂ ਵਿੱਚ ਚੀਨ ਨਾਲ ਚਲ ਰਹੀ ਤਣਾਤਨੀ।
ਦੇਸ਼ ਦਾ ਮੁਖੀ ਸਿਰਫ਼ ਗੱਲਾਂ ਤੱਕ ਹੀ ਸੀਮਿਤ ਹੁੰਦਾ ਦਿਖ ਰਿਹਾ ਹੈ।ਉਹ ਆਪਣੇ ਦੇਸ਼ ਵਾਸੀਆਂ ਨਾਲ ਹੀ ਗੱਦਾਰੀ ਕਰਦਾ ਪ੍ਰਤੀਤ ਹੋ ਰਿਹਾ ਹੈ। ਮੌਜੂਦਾ ਸਰਕਾਰ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀ ਹੈ। ਆਪਣੇ ਪਿੱਛਲੇ ਕਾਰਜਕਾਲ ਵਿੱਚ ਦੇਸ਼ ਮੁਖੀ ਦੁਆਰਾ ਵੱਖ-ਵੱਖ ਦੇਸ਼ਾਂ ਵੱਲ ਕੀਤੀ ਯਾਤਰਾ ਸਿਰਫ਼ ਤੇ ਸਿਰਫ਼ ਦੇਸ਼ ਦੇ ਮੁਖੀ ਵੱਲੋਂ ਮਨਾਈ ਪਿਕਨਿਕ ਹੀ ਪ੍ਰਤੀਤ ਹੋ ਰਹੀ ਹੈ। ਕਿਉਂਕਿ ਇਸ ਸਮੇਂ ਕਿਸੇ ਵੀ ਗੁਆਂਢੀ ਦੇਸ਼ ਨਾਲ ਭਾਰਤ ਦੇ ਸੰਬੰਧ ਚੰਗੇ ਬਣਦੇ ਨਹੀਂ ਦਿਖ ਰਹੇ। ਨੇਪਾਲ ਵਰਗਾ ਇੱਕ ਛੋਟਾ ਜਿਹਾ ਦੇਸ਼ ਵੀ ਅੱਜ ਹਿੰਦੁਸਤਾਨ ਨੂੰ ਅੱਖਾਂ ਵਿਖਾ ਰਿਹਾ ਹੈ, ਪਾਕਿਸਤਾਨ ਨਾਲ ਸਾਡੇ ਸੰਬੰਧ ਪਹਿਲਾਂ ਤੋਂ ਹੀ ਖਰਾਬ ਚੱਲ ਰਹੇ ਹਨ।
ਰਹੀ ਸਹੀ ਕਸਰ ਚੀਨ ਨੇ ਗਲਵਾਨ ਘਾਟੀ ਵਿੱਚ ਧੋਖੇ ਨਾਲ ਦੇਸ਼ ਦੇ ਵੀਰ ਸਿਪਾਹੀਆਂ ਨੂੰ ਜਾਨੋਂ ਖ਼ਤਮ ਕਰਕੇ ਆਪਣੇ ਮਾੜੇ ਗੁਆਂਢੀ ਹੋਣ ਦਾ ਸਬੂਤ ਦੇ ਦਿੱਤਾ ਹੈ।ਅਚਾਨਕ ਇਹ ਦੇਸ਼ ਭਾਰਤ ਵਿਰੋਧੀ ਚਾਲਾਂ ਕਿਉਂ ਚੱਲਣ ਲੱਗ ਪਏ ਹਨ ? ਸੋਚਣ ਵਾਲੀ ਗੱਲ ਹੈ। ਸ਼ਾਇਦ ਇਹਨਾਂ ਦੇਸ਼ਾਂ ਨੂੰ ਪਤਾ ਚੱਲ ਗਿਆ ਹੈ ਕਿ ਭਾਰਤ ਵਰਗੇ ਦੇਸ਼ ਦੀ ਕਮਾਨ ਇਸ ਸਮੇਂ ਸੁਰਖੀਆਂ ਵਿੱਚ ਰਹਿਣ ਦੇ ਸ਼ੌਕੀਨ,ਇੱਕ ਵਿਸ਼ੇਸ਼ ਧਰਮ ਨਾਲ ਸਬੰਧਤ ਕੱਟੜ ਵਿਚਾਰਧਾਰਾ ਰੱਖਣ ਵਾਲੇ ਅਤੇ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕਰਨ ਵਾਲੇ ਵਿਅਕਤੀ ਦੇ ਹੱਥ ਵਿੱਚ ਹੈ ਜਿਸ ਉੱਪਰ ਗੁਜਰਾਤ ਵਿੱਚ ਦੰਗੇ ਕਰਾਉਣ ਦਾ ਦੋਸ਼ ਵੀ ਸਾਬਤ ਹੋ ਜਾਂਦਾ ਜੇਕਰ ਉਸ ਦੀ ਪਹੁੰਚ ਉਸ ਸਮੇਂ ਵਿੱਚ ਕੇਂਦਰ ਤੱਕ ਨਾ ਹੁੰਦੀ।
ਇਹ ਗੁਆਂਢੀ ਦੇਸ਼ ਸਮਝ ਚੁੱਕੇ ਹਨ ਕਿ ਜਿਸ ਦੇਸ਼ ਦਾ ਸ਼ਾਸਕ ਆਪਣੀ ਪਰਜਾ ਤੇ ਹੀ ਕਹਿਰ ਕਮਾਉਂਦਾ ਹੋਵੇ ਜਿਸ ਦੇਸ਼ ਦਾ ਸ਼ਾਸਕ ਆਪਣੇ ਦੇਸ਼ ਦੀ ਪਰਜਾ ਨੂੰ ਕੇਵਲ ਝੂਠੇ ਹਵਾਈ ਸੁਪਨੇ ਹੀ ਵਿਖਾਉਂਦਾ ਹੋਵੇ ਅਤੇ ਦੇਸ਼ ਦੇ ਮੂਰਖ ਲੋਕ ਵੀ ਅੰਨ੍ਹੇ ਹੋ ਕੇ ਉਸਦੀਆਂ ਝੂਠੀਆਂ ਮਿੱਠੀਆਂ ਗੱਲਾਂ ਵਿੱਚ ਆ ਕੇ ਆਪਣਾ ਆਪ ਲੁਟਾਈ ਜਾਣ ਅਤੇ ਉਸ ਖ਼ਿਲਾਫ਼ ਕੁੱਝ ਵੀ ਨਾ ਬੋਲਣ ਅਤੇ ਬੋਲਣ ਵਾਲੇ ਨੂੰ ਵੀ ਮਾਰ ਮੁਕਾਉਣ ਦੀਆਂ ਧਮਕੀਆਂ ਦੇਣ ਅਤੇ ਮਾਰ ਹੀ ਦੇਣ, ਜਿੱਥੇ ਸਿਰਫ਼ ਹਵਾਈ ਗੱਲਾਂ ਨਾਲ ਹੀ ਦੇਸ਼ ਚੱਲ ਰਿਹਾ ਹੋਵੇ,ਇਹੋ ਜਿਹਾ ਦੇਸ਼ ਸਾਡਾ ਕੀ ਕਰ ਸਕਦਾ ਹੈ।
ਇਸ ਦੀ ਉਦਾਹਰਨ ਮੌਜੂਦਾ ਸਮੇਂ ਵਿੱਚ ਵੇਖਣ ਨੂੰ ਮਿਲ ਜਾਵੇਗੀ ਜਦੋਂ ਆਪਣੇ ਹੋਸ਼ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਵੇਖਿਆ ਹੈ ਕਿ ਡੀਜ਼ਲ ਦੇ ਦਾਮ ਪਟਰੋਲ ਨੂੰ ਵੀ ਟੱਪ ਗਏ ਹਨ। ਜਿੱਥੇ ਪਟਰੋਲ ਦੇ ਦਾਮ ਅਸਮਾਨ ਨੂੰ ਛੂਹ ਰਹੇ ਹਨ ਉੱਥੇ ਬਿਨਾਂ ਸ਼ੱਕ ਡੀਜ਼ਲ ਦੇ ਰੇਟਾਂ ਵਿੱਚ ਹੋਇਆ ਭਾਰੀ ਵਾਧਾ ਮਹਿੰਗਾਈ ਵਧਣ ਵਿੱਚ ਜ਼ਿੰਮੇਵਾਰ ਹੋਵੇਗਾ।ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ, ਇਸਦਾ ਸਿੱਧਾ ਅਸਰ ਕਿਸਾਨੀ ਤੇ ਵੀ ਪਵੇਗਾ, ਡੀਜ਼ਲ ਦੇ ਰੇਟ ਵੱਧਣ ਨਾਲ ਕਿਸਾਨ ਉੱਪਰ ਹੋਰ ਮਾਰ ਪਵੇਗੀ, ਜਿਸ ਦੇ ਨਤੀਜੇ ਵਜੋਂ ਉਹ ਝੋਨੇ ਦੇ ਸੀਜ਼ਨ ਵਿੱਚ ਪ੍ਰਤੀ ਕਿੱਲੇ ਦਾ ਝੋਨਾ ਲਵਾਈ ਦਾ ਖਰਚਾ ਦੇਣ ਵਿੱਚ ਅਸਮਰਥਤਾ ਵਿਖਾਉਂਦਿਆਂ ਸਹੀ ਮੁੱਲ ਨਹੀਂ ਦੇ ਸਕੇਗਾ, ਆਪਣੇ ਹੱਕਾਂ ਲਈ ਲੱੜਦੇ ਆਏ ਮਜ਼ਦੂਰ ਵੀ ਇਸ ਗੱਲ ਲਈ ਕਿਸਾਨ ਦਾ ਵਿਰੋਧ ਕਰਨਗੇ ਅਤੇ ਪਿੰਡਾਂ ਵਿੱਚ ਧੜੇਬੰਦੀਆਂ ਬਣ ਜਾਣਗੀਆਂ ਜਿਸ ਦੇ ਸਿਰ ਤੇ ਇਹ ਸਰਕਾਰਾਂ ਆਪਣੀ ਸਿਆਸਤ ਦੀਆਂ ਰੋਟੀਆਂ ਸੇਕਣਗੀਆਂ ਅਤੇ ਇਹ ਆਮ ਲੋਕ ਆਪਸ ਵਿੱਚ ਲੜ-ਲੜ ਕੇ ਮਰ ਜਾਣਗੇ।
ਇਹਨਾਂ ਵਿਚਲੀ ਸਦੀਆਂ ਤੋਂ ਚਲਦੀ ਆ ਰਹੀ ਭਾਈਚਾਰਕ ਸਾਂਝ ਖ਼ਤਮ ਹੋ ਜਾਵੇਗੀ ਅਤੇ ਜਿਸਦਾ ਲਾਹਾ ਇਹ ਸਿਆਸੀ ਲੋਕ ਲੈਗਣੇ।’ਫੁੱਟ ਪਾਓ ਤੇ ਰਾਜ ਕਰੋ’ ਅੰਗਰੇਜ਼ਾਂ ਦੀ ਇਸ ਸੋਚ ਤੇ ਚਲਦੇ ਇਹ ਜ਼ਮੀਰੋਂ ਹੀਣੇ ਸਿਆਸਤਦਾਨ ਸਿਰਫ਼ ਤੇ ਸਿਰਫ਼ ਆਪਣਾ ਹੀ ਫਾਇਦਾ ਵੇਖ ਰਹੇ ਹਨ, ਉਹਨਾਂ ਨੂੰ ਕਿਸਾਨਾਂ , ਮਜ਼ਦੂਰਾਂ ਅਤੇ ਕਿਰਤੀ ਲੋਕਾਂ ਨਾਲ ਕੋਈ ਵਾਅ-ਵਾਸਤਾ ਨਹੀਂ ਹੈ। ਮਹਿੰਗਾਈ ਦਿਨੋਂ-ਦਿਨ ਵੱਧ ਰਹੀ ਹੈ, ਕਿਸਾਨੀ ਨਾਲ ਜੁੜੇ ਲੋਕ ਆਤਮ ਹੱਤਿਆ ਦਾ ਰਾਹ ਅਖਤਿਆਰ ਕਰ ਰਹੇ ਹਨ।
ਪਰ ਆਮ ਲੋਕਾਂ ਦੇ ਪੱਖ ਦੀਆਂ ਗੱਲਾਂ ਕਰਨ ਦਾ ਵਿਖਾਵਾ ਕਰਨ ਵਾਲੀ ਮੌਜੂਦਾ ਸਰਕਾਰ ਹੁਣ ਕਿਉਂ ਚੁੱਪ ਹੈ? ਅਤੇ ਇਸ ਰਾਜਨੀਤਕ ਪਾਰਟੀ ਨਾਲ ਸਬੰਧਤ ਅੰਨ੍ਹੇ ਭਗਤ ਹੁਣ ਕਿਉਂ ਚੁੱਪ ਹਨ? ਆਪਣੇ ਆਪ ਨੂੰ ਲੋਕਤੰਤਰ ਦਾ ਥੰਮ ਦੱਸਣ ਵਾਲੀ ਗੋਦੀ ਮੀਡੀਆ ਹੁਣ ਕਿਉਂ ਚੁੱਪ ਹੈ? ਜਾਂ ਤਾਂ ਇਹਨਾਂ ਲੋਕਾਂ ਦੇ ਵਾਹਨ ਪਾਣੀ ਨਾਲ ਚਲਦੇ ਹਨ, ਜਾਂ ਫਿਰ ਇਹਨਾਂ ਦੇਸ਼ ਦਾ ਭਲਾ ਨਾ ਸੋਚਣ ਵਾਲਿਆਂ ਨੂੰ ਸਰਕਾਰ ਦੇ ਖਰਚੇ ਤੇ ਪਟਰੋਲ ਅਤੇ ਡੀਜ਼ਲ ਮੁਫ਼ਤ ਮਿਲ ਰਿਹਾ ਹੋਣਾ। ਇਹਨਾਂ ਵਿੱਚੋਂ ਕੋਈ ਗੱਲ ਤਾਂ ਪੱਕਾ ਹੈ ਤਾਂ ਹੀ ਇਹਨਾਂ ਲੋਕਾਂ ਨੂੰ ਸਚਾਈ ਨਹੀਂ ਦਿਖ ਰਹੀ।ਪਰ ਇਸ ਗੱਲ ਦਾ ਠੀਕਰਾ ਵੀ ਇਹ ਸਰਕਾਰ ਅਤੇ ਇਸਦੇ ਅੰਨ੍ਹੇ ਭਗਤ ਪਿਛਲੀ ਸਰਕਾਰ ਤੇ ਜਾਂ ਆਮ ਆਦਮੀ ਤੇ ਹੀ ਭੰਨਣਗੇ।
ਅਤੇ ਜ਼ਮੀਰੋਂ ਹੀਣੇ ਬਹੁਤੇ ਨਿਊਜ਼ ਚੈਨਲ ਇਸ ਵਿੱਚ ‘ਬਲਦੀ ਵਿੱਚ ਘੀ ਪਾਉਣਾ’ ਵਾਲਾ ਕੰਮ ਕਰਨਗੇ। ਦੇਸ਼ ਦਾ ਮੁਖੀ ਤਾਂ ਦੇਸ਼ ਦੇ ਆਮ ਲੋਕਾਂ ਨੂੰ ਮੂਰਖ ਬਣਾ ਹੀ ਰਿਹਾ ਸੀ ਪਰ ਦੇਸ਼ ਦੇ ਇਹਨਾਂ ਵਿਕਾਊ ਨਿਊਜ਼ ਚੈਨਲਾਂ ਨੇ ਵੀ ਜੀਵੇਂ ਸੌਂਹ ਹੀ ਖਾ ਲਈ ਹੈ, ਦੇਸ਼ ਵਾਸੀਆਂ ਨੂੰ ਮੂਰਖ ਬਣਾਉਣ ਦੀ। ਆਪਣੇ ਆਪ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਦੱਸਣ ਵਾਲੇ ਇਹ ਨਿਊਜ਼ ਚੈਨਲ ਸ਼ਰੇਆਮ ਸਰਕਾਰ ਦੇ ਤਲਵੇ ਚੱਟਦੇ ਦਿਖ ਰਹੇ ਹਨ। ਸ਼ਾਇਦ ਇਹਨਾਂ ਦਾ ਜ਼ਮੀਰ ਮਰ ਚੁੱਕਿਆ ਹੈ ਜਾਂ ਇਹਨਾਂ ਨੂੰ ਅਸਲ ਸੱਚਾਈ ਨਜ਼ਰ ਹੀ ਨਹੀਂ ਆ ਰਹੀ। ਮੌਜੂਦਾ ਸਰਕਾਰ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਇਹ ਬਹੁਤੇ ਨਿਊਜ਼ ਚੈਨਲ ਸਰਕਾਰ ਦੇ ਗਲਤ ਫੈਸਲਿਆਂ ਨੂੰ ਵੀ ਸਹੀ ਬਣਾ ਕੇ ਪੇਸ਼ ਕਰ ਰਹੇ ਹਨ।
ਰੋਜ ਵੱਖ-ਵੱਖ ਨਿਊਜ਼ ਚੈਨਲਾਂ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਡੀਬੇਟ ਕਰਵਾਈ ਜਾ ਰਹੀ ਹੈ,ਜਿਸ ਵਿੱਚ ਜਾਂ ਤਾਂ ਮੌਜੂਦਾ ਸਰਕਾਰ ਦੇ ਨੁਮਾਇੰਦੇ ਨੂੰ ਬੋਲਣ ਦਾ ਹੱਕ ਹੈ ਜਾ ਫਿਰ ਡੀਬੇਟ ਕਰਾ ਰਹੇ ਆਪਣਾ ਮਾਨਸਿਕ ਸੰਤੁਲਨ ਖੋਹ ਚੁੱਕੇ ਪ੍ਰਤੀਤ ਹੁੰਦੇ, ਚੀਖਾਂ ਮਾਰ ਰਹੇ ਟੀ.ਵੀ ਐਂਕਰ ਨੂੰ ਬੋਲਣ ਅਤੇ ਚੀਖਣ ਦਾ ਹੱਕ ਹੁੰਦਾ ਹੈ। ਜੇਕਰ ਕਿਸੇ ਹੋਰ ਪਾਰਟੀ ਦਾ ਨੁਮਾਇੰਦਾ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਇਹ ਆਪਣਾ ਮਾਨਸਿਕ ਸੰਤੁਲਨ ਖੋਹ ਚੁੱਕੇ ਐਂਕਰ ਐਵੇਂ ਖਾਣ ਨੂੰ ਪੈਂਦੇ ਹਨ ਜਿਵੇਂ ਉਸਨੇ ਕੋਈ ਗੁਨਾਹ ਹੀ ਕਰ ਦਿੱਤਾ ਹੁੰਦਾ ਹੈ।ਅੱਜ ਦੇ ਸਮੇਂ ਵਿੱਚ ਦੇਸ਼ ਦੀ ਰਾਜਨੀਤੀ ਆਪਣੇ ਨਿਮਨ ਸਤਰ ਤੇ ਪਹੁੰਚ ਚੁੱਕੀ ਹੈ। ਜਿੱਥੇ ਰਾਜਨੀਤੀ ਮੁੱਦਿਆਂ ਦੀ ਨਹੀਂ ਆਰੋਪ-ਪ੍ਰਤੀ-ਆਰੋਪ ਦੀ ਹੋ ਰਹੀ ਹੈ।
ਮੌਜੂਦਾ ਕੇਂਦਰ ਅਤੇ ਰਾਜ ਦੀ ਸਰਕਾਰ ਖੁੱਲ ਕੇ ਆਪਣੀ ਮਣਿਆਈ ਕਰ ਰਹੀ ਹੈ। ਦੋਵੇਂ ਸਰਕਾਰਾਂ ਲਗਾਤਾਰ ਆਮ ਗਰੀਬ ਲੋਕਾਂ ਦੇ ਵਿਰੋਧ ਵਿੱਚ ਫੈਸਲੇ ਲੈ ਰਹੀਆਂ ਹਨ।ਪਰ ਜੇਕਰ ਵਿਰੋਧੀ ਪੱਖ ਇਸ ਖ਼ਿਲਾਫ਼ ਬੋਲਣ ਦੀ ਹਿੰਮਤ ਕਰਦਾ ਹੈ ਤਾਂ ਆਪਣੀ ਗਲਤੀ ਨਾ ਮੰਨਦੀਆਂ, ਇਹ ਸਰਕਾਰਾਂ ਉਹਨਾਂ ਦੇ ਕਾਰਜਕਾਲ ਵਿੱਚ ਹੋਏ ਇਸ ਤਰ੍ਹਾਂ ਦੇ ਲੋਕ ਵਿਰੋਧੀ ਫੈਸਲਿਆਂ ਨੂੰ ਗਿਨਾਉਣ ਲੱਗ ਜਾਂਦੀਆਂ ਹਨ। ਇੱਥੋਂ ਤਾਂ ਇਹੋ ਸਿੱਧ ਹੁੰਦਾ ਹੈ ਕਿ ਇਹਨਾਂ ਦੋਹਾਂ ਧਿਰਾਂ ਨੇ ਆਮ ਲੋਕਾਂ ਲਈ ਨਹੀਂ ਸਿਰਫ ਆਪਣੇ ਮੁਨਾਫ਼ੇ ਲਈ ਹੀ ਕੰਮ ਕਰਨਾ ਹੁੰਦਾ ਹੈ।ਇਸੇ ਤਰ੍ਹਾਂ ਦਾ ਹੀ ਅੜੀਅਲ ਰਵੱਈਆ ਮੌਜੂਦਾ ਪੰਜਾਬ ਸਰਕਾਰ ਨੇ ਅਪਣਾਇਆ ਹੋਇਆ ਹੈ। ਸਰਕਾਰ ਦਾ ਹਰ ਫ਼ੈਸਲਾ ਆਮ ਲੋਕਾਂ ਦੇ ਖ਼ਿਲਾਫ਼ ਹੈ।ਰਾਜ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।
ਪਾਰਟੀ ਦੇ ਮੰਤਰੀ ਤੋਂ ਲੈ ਕੇ ਸਰਪੰਚ ਅਤੇ ਪੰਚ ਤੱਕ ਸ਼ਰੇਆਮ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਆਮ ਗਰੀਬ ਮਜ਼ਲੂਮ ਲੋਕਾਂ ਤੇ ਆਪਣੀ ਗੁੰਡਾਗਰਦੀ ਵਿਖਾ ਰਹੇ ਹਨ।ਆਮ ਲੋਕਾਂ ਦੀ ਰਾਖੀ ਲਈ ਹੋਂਦ ਵਿੱਚ ਆਇਆ ਇੱਕ ਮਹਿਕਮਾ ਵੀ ਸ਼ਰੇਆਮ ਕਾਨੂੰਨੀ ਨਿਯਮਾਂ ਦੀ ਧੱਜੀਆਂ ਉਡਾਉਂਦਾ ਇਹਨਾਂ ਸੱਤਾ ਦੇ ਨਸ਼ੇ ਵਿੱਚ ਹੰਕਾਰੇ ਲੋਕਾਂ ਦਾ ਖੁੱਲ੍ਹ ਕੇ ਸਾਥ ਦੇ ਰਿਹਾ ਹੈ ਅਤੇ ਝੂਠੇ ਕੇਸ ਬਣਾ ਕੇ ਆਮ ਲੋਕਾਂ ਦੀ ਜ਼ਿੰਦਗੀ ਖ਼ਰਾਬ ਕਰ ਰਿਹਾ ਹੈ।ਲਾਕਡਾਊਨ ਦੌਰਾਨ ਪਹਿਲਾਂ ਹੀ ਆਰਥਿਕ ਤੰਗੀ ਝੇਲ ਰਹੇ ਗਰੀਬ ਲੋਕਾਂ ਤੇ ਮੌਜੂਦਾ ਸਮੇਂ ਦੀ ਬੋਲ਼ੀ ਸਰਕਾਰ ਨੇ ਹੁਣ ‘ਮਾਸਕ’ ਨਾ ਪਹਿਨਣ ਤੇ ਵੱਡਾ ਜ਼ੁਰਮਾਨਾ ਲਾਉਣ ਦਾ ਲੋਕ ਵਿਰੋਧੀ ਫ਼ੈਸਲਾ ਉਹਨਾਂ ਉੱਤੇ ਥੋਪ ਦਿੱਤਾ ਹੈ।ਜਿਸ ਦੀ ਮਾਰ ਸਿੱਧੇ ਤੌਰ ਤੇ ਗਰੀਬ ਮਜ਼ਦੂਰ ਲੋਕਾਂ ਤੇ ਹੀ ਪੈ ਰਹੀ ਹੈ।
ਕਿਉਂਕਿ ਵੱਡੀਆਂ ਗੱਡੀਆਂ ਵਿੱਚ ਬਿਨਾਂ ਮਾਸਕ ਤੋਂ ਸਫ਼ਰ ਕਰ ਰਹੇ ਕਾਕਿਆਂ ਨੂੰ ਰੋਕਣ ਦੀ ਤਾਂ ਇਹਨਾਂ ਮਹਿਕਮਿਆਂ ਵਿੱਚ ਹਿੰਮਤ ਨਹੀਂ ਹੁੰਦੀ।ਪਰ ਜਦੋਂ ਇਸਦਾ ਵਿਰੋਧ ਇਹ ਗਰੀਬ ਮਜ਼ਦੂਰ ਲੋਕ ਕਰਦੇ ਹਨ ਤਾਂ ਇਸ ਨੂੰ ਆਪਣੀ ਬੇਜ਼ਤੀ ਸਮਝਦਿਆਂ ਇਸ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਪਹਿਲਾਂ ਤਾਂ ਇਹਨਾਂ ਨਾਲ ਸ਼ਰੇਆਮ ਕੁੱਟਮਾਰ ਕੀਤੀ ਜਾਂਦੀ ਹੈ ਫਿਰ ਇੱਥੇ ਹੀ ਬੱਸ ਨਹੀਂ ਇਹਨਾਂ ਮੁਲਾਜ਼ਮਾਂ ਖ਼ਿਲਾਫ਼ ਬੋਲਣ ਵਾਲੇ ਤੇ ਅਜਿਹੇ ਝੂਠੇ ਕੇਸ ਪਾਏ ਜਾਂਦੇ ਹਨ ਜਿਹਨਾਂ ਨਾਲ ਉਸਦਾ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੁੰਦਾ।ਪਰ ਸਰਕਾਰ ਨੂੰ ਇਹਨਾਂ ਬੇਗੁਨਾਹ ਲੋਕਾਂ ਦੀਆਂ ਚੀਖਾਂ ਨਹੀਂ ਸੁਣਦੀਆਂ।ਸੱਤਾ ਵਿੱਚ ਆਉਣ ਲਈ ਆਮ ਲੋਕਾਂ ਸਾਹਮਣੇ ਤਰਲੋ ਮੱਛੀ ਹੁੰਦੇ ਇਹਨਾਂ ਗਿਰਗਿਟਾਂ ਨੂੰ ਸੱਤਾ ਮਿਲਣ ਤੋਂ ਬਾਅਦ ਇਹ ਲੋਕ ਕੀੜੇ-ਮਕੌੜੇ ਲੱਗਣ ਲੱਗ ਜਾਂਦੇ ਹਨ।
ਮੌਜੂਦਾ ਸਰਕਾਰ ਦਾ ਵਿੱਤੀ ਮਾਮਲਿਆਂ ਨੂੰ ਵੇਖਦਾ ਇੱਕ ਸ਼ਖ਼ਸ ਵੀ ਇਸ ਦੀ ਉਦਾਹਰਨ ਹੈ।ਇਸ ਸ਼ਖਸ ਨੇ ਸੱਤਾ ਦੇ ਲਾਲਚ ਵਿੱਚ ਪਹਿਲਾਂ ਦੋ ਪਾਰਟੀਆਂ ਛੱਡੀਆਂ ਅਤੇ ਫਿਰ ਮੋਜੂਦਾ ਪਾਰਟੀ ਵਿੱਚ ਸ਼ਾਮਲ ਹੋ ਕੇ ਲੋਕਾਂ ਨੂੰ ਝੂਠੇ ਸੁਪਨੇ ਵਿਖਾਏ, ਲੋਕ ਗੱਲਾਂ ਵਿੱਚ ਆ ਗਏ ਅਤੇ ਇਸਨੂੰ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ ਭੇਜਿਆ।ਵਿੱਤ ਮੰਤਰਾਲੇ ਮਿਲਣ ਤੋਂ ਤੁਰੰਤ ਬਾਅਦ ਹੀ ਇਸ ਵਿਅਕਤੀ ਨੇ ਆਪਣਾ ਰੰਗ ਬਦਲਦਿਆਂ ਆਮ ਲੋਕਾਂ ਉੱਪਰ ਟੈਕਸ ਲਗਾਉਣੇ ਸ਼ੁਰੂ ਕਰ ਦਿੱਤੇ, ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦੇ ਕੇ ਅਧਿਆਪਕਾਂ ਦੀ ਤਨਖਾਹਾਂ ਘਟਾ ਕੇ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਵਿੱਚ ਕਈ ਗੁਣਾ ਵਾਧਾ ਕਰ ਦਿੱਤਾ।
ਮੰਤਰੀਆਂ ਲਈ ਕਰੋੜਾਂ ਰੁਪਿਆਂ ਦੀਆਂ ਗੱਡੀਆਂ ਖਰੀਦੀਆਂ ਤੇ ਆਮ ਲੋਕਾਂ ਅੱਗੇ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੌਂਦਾ ਰਿਹਾ। ਇਸੇ ਤਰ੍ਹਾਂ ਹੀ ਇਸ ਸਰਕਾਰ ਦੇ ਸੱਤਾ ਦੀ ਸਮਝ ਨਾ ਰੱਖਣ ਵਾਲੇ ਸੱਤਾ ਦੇ ਨਸ਼ੇ ਵਿੱਚ ਚੂਰ ਹੰਕਾਰੇ ਹੋਏ ਬਾਕੀ ਮੰਤਰੀ ਅਤੇ ਵਿਧਾਇਕ ਆਮ ਲੋਕਾਂ ਨਾਲ, ਸਰਕਾਰੀ ਮੁਲਾਜ਼ਮਾਂ ਨਾਲ ਸ਼ਰੇਆਮ ਧੱਕਾ ਕਰ ਰਹੇ ਹਨ ਅਤੇ ਆਮ ਲੋਕਾਂ ਅਤੇ ਮੁਲਾਜ਼ਮਾਂ ਦੇ ਵਿਰੋਧ ਵਿੱਚ ਆਏ ਦਿਨ ਕੋਈ ਨਾ ਕੋਈ ਫਤਵਾ ਸੁਣਾ ਰਹੇ ਹਨ। ਗਰੀਬ ਲੋਕਾਂ ਤੇ ਟੈਕਸਾਂ ਦਾ ਬੋਝ ਪਾ ਰਹੇ ਇਹ ਪੜੇ ਲਿਖੇ ਅਨਪੜ੍ਹ ਮੰਤਰੀ ਅਤੇ ਸਿਫਾਰਸ਼ਾਂ ਨਾਲ ਅਹਿਮ ਪਦਾਂ ਤੇ ਬੈਠੇ ਅਫਸਰ ਆਪਣੇ ਜਮੀਰ ਨੂੰ ਮਾਰ ਕੇ ਆਪਣੀ ਜਾਇਦਾਦ ਵਿੱਚ ਦਿਨ ਰਾਤ ਵਾਧਾ ਕਰਨ ਵਿੱਚ ਵਿਅਸਤ ਹਨ। ਮੇਰੇ ਮੁਤਾਬਕ ਮੌਜੂਦਾਂ ਸਰਕਾਰਾਂ ਬੋਲ਼ੀ ਹੋਣ ਦੇ ਨਾਲ-ਨਾਲ ਅੰਨ੍ਹੀ ਵੀ ਹੋ ਗਈਆਂ ਹਨ । ਜਿਹੜੀਆਂ ਭ੍ਰਿਸ਼ਟਾਚਾਰੀ ਦੀ ਤਾਂ ਖੁੱਲ੍ਹ ਕੇ ਹਿਮਾਇਤ ਕਰ ਰਹੀਆਂ ਹਨ ਪਰ ਆਮ ਲੋਕਾਂ ਦੇ ਦੁੱਖ-ਦਰਦ ਇਹਨਾਂ ਅੰਨ੍ਹੀ-ਬੋਲ਼ੀ ਸਰਕਾਰਾਂ ਨੂੰ ਦਿਖ-ਸੁਣ ਹੀ ਨਹੀਂ ਰਹੇ।
ਚਰਨਜੀਤ ਸਿੰਘ ਰਾਜੌਰ
8427929558