(ਸਮਾਜ ਵੀਕਲੀ)
ਬਾਡਰਾਂ ‘ਤੇ ਲਾ ਕੇ ਧਰਨੇ ,
ਦਿਨੇਂ ਰਾਤੀਂ ਮਾਰਦੇ ਨੇ ਲਲਕਾਰੇ ।
ਇਹ ਅੰਨਦਾਤੇ ਹੱਕ ਮੰਗਦੇ ,
ਤੈਥੋਂ ਭੀਖ ਨਾ ਮੰਗਣ ਸਰਕਾਰੇ ।
ਦੱਸਣੀਂ ਮੈਂ ਗੱਲ ਤੈਨੂੰ ਆਪਣੇ ਪੰਜਾਬ ਦੀ ।
‘ਕੱਲੀ ‘ਕੱਲੀ ਪੱਤੀ ਹੈ ਉਦਾਸ ਇਹ ਗੁਲਾਬ ਦੀ।
ਇਹ ਕਹਿੰਦੇ ਸਾਨੂੰ ਨਹੀਂਓਂ ਚਾਹੀਦੇ ,
ਸੋਧ ਬਿੱਲ ਜੋ ਬਣਾਏ ਤੂੰ ਨਿਆਰੇ ।
ਅੰਨਦਾਤੇ ਹੱਕ ਮੰਗਦੇ ————
ਆਖੇਂ ਤੂੰ ਵਿਰੋਧੀਆਂ ਨੇ ਕੀਤੇ ਗੁਮਰਾਹ ਨੇ ।
ਤੇਰੀ ਪਾਰਟੀ ਦੇ ਕਈ ਆਗੂ ਵੀ ਗਵਾਹ ਨੇ ।
ਉਹਨਾਂ ਵੀ ਅਸਤੀਫੇ ਲਿਖ ਕੇ ,
ਥੋਡੇ ਮੂੰਹਾਂ ‘ਤੇ ਵਗਾਹ ਕੇ ਮਾਰੇ ।
ਅੰਨਦਾਤੇ ਹੱਕ ਮੰਗਦੇ ————
‘ਕੱਲੇ ਕਿਰਸਾਨ ਨਹੀਂਓਂ ਸਾਰਾ ਦੇਸ਼ ਨਾਲ਼ ਹੈ ।
ਬੱਚੇ ਬੁੱਢੇ ਚੋਬਰਾਂ ਨੇ ਬੰਨੀ੍ਂਂ ਹੋਈ ਪਾਲ਼ ਹੈ ।
ਮਾਵਾਂ ਭੈਣਾਂ ਨਾਲ਼ ਜੁੜੀਆਂ ਨੇ ,
ਭੁੱਲ ਗਈਆਂ ਘਰ-ਬਾਰਾਂ ਦੇ ਨਜ਼ਾਰੇ ।
ਅੰਨਦਾਤੇ ਹੱਕ ਮੰਗਦੇ ————-
ਇੱਕ ਸੌ ਸਤਾਰਾਂ ਵਿੱਚੋਂ ਬੱਸ ਦੋ ਨੂੰ ਛੱਡ ਕੇ ।
ਇੱਕ ਸੌ ‘ਤੇ ਪੰਦਰਾਂ ਖੜੇ੍ ਨੇ ਲਾਈਨ ਕੱਢ ਕੇ ।
ਤੇਰਾਂ ਦੇ ਵਿੱਚੋਂ ਗਿਆਰਾਂ ਐੱਮ ਪੀ ,
ਕਹਿਣਾਂ ਮੰਨ ਲੈ ਕਹਿੰਦੇ ਨੇ ਤੈਨੂੰ ਸਾਰੇ ।
ਅੰਨਦਾਤੇ ਹੱਕ ਮੰਗਦੇ ————-
ਪਰ ਇੱਕ ਗੱਲੋਂ ਕਰਦੇ ਹਾਂ ਤੇਰਾ ਧੰਨਵਾਦ ਨੀ।
ਤੂੰ ਏਕੇ ‘ਚ ਪ੍ਰੋਅ ‘ਤਾ ਸਾਨੂੰ ਬੜੇ ਚਿਰਾਂ ਬਾਅਦ ਨੀ ।
ਜੇ ਰੁਲ਼ਦੂ ਦੀ ਗੱਲ ਨਾ ਮੰਨੀਂ ,
ਦਿਨੇਂ ਵੇਖਣੇ ਪੈਣਗੇ ਤਾਰੇ ।
ਅੰਨਦਾਤੇ ਹੱਕ ਮੰਗਦੇ —————
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
9478408898