‘ਅੰਧਾਧੁਨ’ ਨੂੰ ਚਾਰ ਵਰਗਾਂ ’ਚ ਆਇਫਾ ਸਨਮਾਨ

ਮੁੰਬਈ ਵਿਚ ਹੋਏ 20ਵੇਂ ਆਇਫਾ ਐਵਾਰਡ ਸਮਾਗਮ ਮੌਕੇ ਸ੍ਰੀਰਾਮ ਰਾਘਵਨ ਵੱਲੋਂ ਨਿਰਦੇਸ਼ਿਤ ਕੌਮੀ ਸਨਮਾਨ ਜੇਤੂ ਫ਼ਿਲਮ ‘ਅੰਧਾਧੁਨ’ ਨੇ ਚਾਰ ਐਵਾਰਡ ਹਾਸਲ ਕੀਤੇ ਹਨ। ਫ਼ਿਲਮ ਨੂੰ ਤਕਨੀਕੀ ਵਰਗ ’ਚ ਪਟਕਥਾ ਤੇ ਸੰਪਾਦਨ ਲਈ ਵੀ ਆਇਫਾ ਸਨਮਾਨ ਮਿਲਿਆ ਹੈ। ‘ਆਇਫਾ ਰੌਕਸ’ ਸਮਾਰੋਹ ਵਿਚ ਪਟਕਥਾ ਲਈ ਮਿਲਿਆ ਸਨਮਾਨ ਰਾਘਵਨ ਨੇ ਅਰੀਜੀਤ ਬਿਸਵਾਸ, ਪੂਜਾ ਲੱਢਾ ਸੂਰਤੀ ਤੇ ਯੋਗੇਸ਼ ਚੰਡੇਕਰ ਨਾਲ ਸਾਂਝਾ ਕੀਤਾ। ਪੂਜਾ ਨੂੰ ਇਸੇ ਫ਼ਿਲਮ ਲਈ ਸੰਪਾਦਨ ਲਈ ਐਵਾਰਡ ਮਿਲਿਆ ਹੈ, ਜਦਕਿ ਸੰਗੀਤ ਮਿਕਸਿੰਗ ਲਈ ਅਜੈ ਕੁਮਾਰ ਪੀਬੀ ਨੂੰ ਤੇ ਪਿੱਠਵਰਤੀ ਸੰਗੀਤ ਲਈ ਡੇਨੀਅਲ ਬੀ. ਜੌਰਜ ਨੂੰ ਸਨਮਾਨਿਤ ਕੀਤਾ ਗਿਆ ਹੈ। ਫ਼ਿਲਮ ‘ਤੁੰਬਾੜ’ ਨੇ ਵੀ ਦੋ ਵਰਗਾਂ ਵਿਚ ਸਨਮਾਨ ਹਾਸਲ ਕੀਤੇ ਹਨ। ਇਸ ਫ਼ਿਲਮ ਲਈ ਤਕਨੀਕੀ ਵਰਗ ਵਿਚ ਸਾਊਂਡ ਡਿਜ਼ਾਈਨ ਲਈ ਕੁਨਾਲ ਵਰਮਾ ਨੂੰ ਤੇ ਸਪੈਸ਼ਲ ਇਫ਼ੈਕਟਸ ਲਈ ਫ਼ਿਲਮਗੇਟ ਫ਼ਿਲਮਜ਼ ਏਬੀ ਨੂੰ ਸਨਮਾਨ ਹਾਸਲ ਹੋਇਆ ਹੈ। ਸੁਦੀਪ ਚੈਟਰਜੀ ਨੂੰ ‘ਪਦਮਾਵਤ’ ਲਈ ਸਰਵੋਤਮ ਸਿਨੇਮੈਟੋਗ੍ਰਾਫ਼ੀ ਦਾ ਪੁਰਸਕਾਰ ਮਿਲਿਆ ਹੈ। ਇਸੇ ਫ਼ਿਲਮ ਦੇ ਗੀਤ ‘ਘੂਮਰ’ ਲਈ ਨ੍ਰਿਤ ਨਿਰਦੇਸ਼ਕ ਕ੍ਰਿਤੀ ਮਹੇਸ਼ ਮਿਡਯਾ ਤੇ ਜਯੋਤੀ ਤੋਮਾਰ ਨੂੰ ਆਇਫਾ ਸਨਮਾਨ ਮਿਲਿਆ ਹੈ। ਅਕਸ਼ਤ ਘਿਲਦਿਅਲ ਨੂੰ ‘ਬਧਾਈ ਹੋ’ ਦੇ ਡਾਇਲਾਗ ਲਿਖਣ ਲਈ ਸਨਮਾਨਿਤ ਕੀਤਾ ਗਿਆ ਹੈ। ਸਮਾਰੋਹ ਦੀ ਮੇਜ਼ਬਾਨੀ ਰਾਧਿਕਾ ਆਪਟੇ ਤੇ ਅਲੀ ਫ਼ਜ਼ਲ ਨੇ ਕੀਤੀ। ਇਸ ਮੌਕੇ ਪੰਜਾਬੀ ਗਾਇਕ ਜੱਸੀ ਗਿੱਲ, ਬੀ. ਪਰਾਕ ਤੇ ਹੋਰਾਂ ਨੇ ਵਿਸ਼ੇਸ਼ ਪੇਸ਼ਕਾਰੀਆਂ ਦਿੱਤੀਆਂ। ਇਸੇ ਦੌਰਾਨ ਹੋਏ ਫ਼ੈਸ਼ਨ ਸ਼ੋਅ ਵਿਚ ਅਰਜੁਨ ਰਾਮਪਾਲ ਤੇ ਰਕੁਲ ਪ੍ਰੀਤ ਸਣੇ ਕਈ ਫ਼ਿਲਮੀ ਹਸਤੀਆਂ ਨੇ ਹਿੱਸਾ ਲਿਆ।

Previous articleProtests in MP, cheers in Gujarat marked Modi’s B’day
Next articleਭਾਰਤ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ: ਸ਼ਾਹ