(ਸਮਾਜ ਵੀਕਲੀ)
ਪਿਤਾ ਦਾ ਆਪਣਾ ਸਥਾਨ ਹੈ। ਪਿਤਾ ਸਤਿਕਾਰ ਦਾ ਪਾਤਰ ਸੀ, ਹੈ ਅਤੇ ਰਹੇਗਾ। ਮਾਂ ਕੁਝ ਅਲੱਗ ਹੈ। ਮਾਂ ਸਿਰਫ਼ ਬੱਚੇ ਨਹੀਂ ਜਨਮਦੀ। ਉਹ ਸਭ ਕੁਝ ਜਨਮਦੀ ਹੈ। ਅੱਖਾਂ ਤਾਂ ਖੋਲ੍ਹੋ, ਸਭ ਦਿਖਾਈ ਦੇਵੇਗਾ। ਉਹ ਭਾਵਨਾਵਾਂ ਦਾ ਕਲਪ ਬ੍ਰਿਖ ਹੈ। ਸਭ ਉਸ ਤੋਂ ਪੈਦਾ ਹੋ ਰਿਹਾ ਹੈ। ਪ੍ਰੇਮ ਇਸ ਤੋਂ ਪੈਦਾ ਹੁੰਦਾ ਹੈ। ਨਫ਼ਰਤ ਵੀ ਇਸ ਤੋਂ ਉਗਦੀ ਹੈ।
ਲੜਾਈਆਂ ਵੀ ਇਸ ਕਰਕੇ ਹਨ। ਸਮਝੌਤਾ ਵੀ ਇਸ ਕਰਕੇ ਹੀ ਹੁੰਦਾ ਹੈ। ਪਾਲਣਾ ਕਰਨ ਵਾਲੀ ਮਾਂ ਹੈ। ਮੱਤ ਦੇਣ ਵਾਲੀ ਮਾਂ ਹੈ। ਧਰਤੀ ਵੀ ਮਾਂ ਹੈ। ਦੇਸ਼ ਮਾਂ ਹੈ। ਬੋਲਿਆ ਹਰ ਬੋਲ ਕਦੇ ਨਾ ਕਦੇ ਮਾਂ ਨੇ ਬੋਲਿਆ ਹੋਣਾ ਜਾਂ ਮਾਂ ਵਾਸਤੇ ਬੋਲਿਆ ਗਿਆ ਹੋਣਾ, ਜੇ ਅਜਿਹਾ ਨਹੀਂ ਤਾਂ ਉਸ ਵਿੱਚ ਅਰਥ ਰੁੱਖੇ ਹਨ। ਉਹ ਬੇਜਾਨ ਹੈ। ਨਿਰਾ ਮਾਦਾ। ਹੈਂ! ਮਾਦਾ ਮਾਂ ਹੈ। ਪਿਤਾ ਨਰ ਹੈ। ਨਰ ਅਤੇ ਮਦੀਨ ਤੋਂ ਇਹ ਜੱਗ ਰਚਨਾ ਹੈ।
ਪਿਤਾ ਦਾ ਜੱਗ ਵਿੱਚ ਵੱਡਾ ਆਸਰਾ ਹੈ। ਮਾਂ ਆਸਰੇ ਦਾ ਆਸਰਾ ਹੈ। ਉਸਦੀ ਠਾਹਰ ਹੈ। ਦੋਵਾਂ ਪੱਲੇ ਕੁਝ ਆਸਾਂ ਹਨ । ਯਾਦਾਂ ਹਨ । ਉਹ ਢਲ ਰਹੇ ਹਨ। ਜ਼ਿੰਦਗੀ ਦਾ ਸੂਰਜ ਕਿੰਨੂੰ ਰੰਗਾ ਹੋ ਰਿਹਾ ਹੈ ਨਾਲ ਹੀ ਉਮੀਦਾਂ ਦਾ ਆਸਮਾਨ। ਭਵਿੱਖ ਰਾਤ ਹੈ, ਗਹਿਰੀ ਰਾਤ। ਪਿਤਾ ਬੇਚੈਨ ਹੋ ਉੱਠਿਆ। ਘਰੋਂ ਨਿਕਲ ਤੁਰਿਆ ਹੈ। ਸੂਰਜ ਦੀ ਆਸ ਦੂਰ ਦੂਰ ਤੱਕ ਨਹੀਂ। ਉਹ ਘਰ ਨਹੀਂ ਪਰਤਿਆ। ਰਾਤਾਂ ਲੰਘ ਰਹੀਆਂ ਹਨ।
ਮੌਸਮ ਬਦਲ ਰਹੇ ਹਨ। ਉਸਦੀ ਖ਼ਬਰ ਸਾਰ ਮਿਲਦੀ ਰਹੀ ਹੈ ਕਿ ਉਸਦੇ ਮੌਰਾਂ ਤੇ ਡਾਂਗਾਂ ਦੇ ਨੀਲ ਲਿਸ਼ਕਦੇ ਹਨ, ਅੱਥਰੂ ਗੈਸ ਅਤੇ ਜਗਰਾਤਿਆਂ ਦੀ ਮਾਰ ਅੱਖਾਂ ਵਿੱਚ ਲਾਲ ਡੋਰੇ ਮੋਟੇ ਗੂੜ੍ਹੇ ਹੋ ਗਏ ਹਨ। ਹਾਕਮ ਹਮਲਾਵਰ ਹੈ, ਪਿਤਾ ਚਿੰਤਾ ਵਿੱਚ ਹੈ। ਹੌਸਲੇ ਨਾਲ ਦਹਾੜਦਾ ਹੈ। ਆਵਾਜ਼ਾਂ ਵਿੱਚ ਆਵਾਜ਼ ਗੁਆਚਣ ਲੱਗਦੀ ਹੈ। ਕੁੱਤੇ ਭੌਂਕਣ ਲੱਗਦੇ ਹਨ। ਲੂੰਬੜੀਆਂ ਰੋੰਦੀਆਂ ਹਨ ਅਤੇ ਗਿੱਦੜ-ਗਿੱਦੜੀਆਂ ਹੁਆਂਕਣ ਲਗਦੇ ਹਨ। ਮਾਂ ਗਹਿਰੇ ਚਿੰਤਨ ਵਿੱਚੋਂ ਲੰਘ ਰਹੀ ਹੈ। ਜਿਵੇਂ ਉਹ ਜਨਮ ਦੇਣ ਤੋਂ ਪਹਿਲਾਂ ਹਮੇਸ਼ਾ ਹੁੰਦੀ ਹੈ। ਦੁਨੀਆ ਦੇ ਲੋਕ ਮਾਂ ਨੂੰ ਮੁਬਾਰਕਾਂ ਦੇਣ ਦੀਆਂ ਤਿਆਰੀਆਂ ਕਰਦੇ ਹਨ।
ਧੁੰਦ ਚੁੱਕੀ ਗਈ। ਉੱਚੇ ਅਸੀਮ ਆਸਮਾਨ ਦਾ ਮੱਥਾ ਥੜਾਕ ਕਰਕੇ ਫਟ ਗਿਆ। ਅਨੰਤ ਚਾਨਣ ਦੇ ਫ਼ੁਹਾਰੇ ਫੁੱਟਣ ਲੱਗੇ। ਇੱਕ ਦਰਿਆ ਜਮਨਾ ਦੇ ਨੇੜੇ ਵਗਣ ਲੱਗਾ। ਦੁਨੀਆ ਦੀ ਆਸ ਪੂਰੀ ਹੋਈ। ਵਧਾਈਆਂ ਮਿਲਣ ਲੱਗੀਆਂ। ਕੜਕਦੀ ਬਿਜਲੀ ਸ਼ਰਮਾ ਗਈ। ਮਾਰਚ ਦਾ ਅੱਠਵਾਂ ਦਿਨ, ਅੰਤਰ-ਰਾਸ਼ਟਰੀ ਰਾਸ਼ਟਰੀ ਮਹਿਲਾ ਦਿਵਸ ਦਾ ਮੌਕਾ ਸੀ।
ਔਰਤ ਨੂੰ ਮਜਬੂਤ ਕਰਨ ਦੇ ਹੋਕੇ ਸਨ। ਮੰਚ ਤੋਂ ਬੁਲੰਦ ਆਵਾਜ਼ ਉੱਠੀ। “ਸਾਥੀਓ, ਮੇਰੇ ਭਰਾਵੋ, ਮੇਰੇ ਬੱਚਿਓ, ਮੇਰੇ ਦੇਸ਼ ਦੇ ਲੋਕੋ! ਅੱਜ ਧਰਤੀ ਤੇ ਅਸਮਾਨ ਦੇ ਮੇਲ ਨੂੰ ਦੇਖੋ, ਦੇਖੋ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ। ਧਰਮੀ ਮਾਂ ਅੱਜ ਦੀ ਗੋਦੀ ਭਰੀ ਹੋਈ ਹੈ। ਚੁੰਨੀਆਂ ਹੀ ਚੁੰਨੀਆਂ ਨਜ਼ਰ ਆ ਰਹੀਆਂ ਹਨ। ਮਾਵਾਂ ਹੀ ਮਾਵਾਂ, ਭੈਣਾਂ ਹੀ ਭੈਣਾਂ, ਧੀਆਂ ਹੀ ਧੀਆਂ ਜਾਗਦੇ ਸਿਰਾਂ ਦੀ ਗਵਾਹੀ ਬਣ ਗਈਆਂ ਹਨ। ਝੰਡੇ ਨਵੀਂ ਫੁਰਤੀ ਨਾਲ ‘ਏਕੇ’ ਦੀ ਹਾਮੀ ਭਰਨ ਲੱਗੇ ਹਨ। ਹੁਣ ਤੱਕ ਅੰਦੋਲਨ ਚਲਾਇਆ ਜਾ ਰਿਹਾ ਸੀ। ਹੁਣ ਅੰਦੋਲਨ ਦਾ ਜਨਮ ਹੋਇਆ ਹੈ।
ਜੱਗ ਜਨਨੀ ਦੀ ਅੰਦੋਲਨ ਵਿੱਚ ਬਰਾਬਰ ਦੀ ਹਿੱਸੇਦਾਰੀ ਨੇ ਨਵੀਂ ਆਸ ਪੈਦਾ ਕੀਤੀ ਹੈ। ਰਾਤ ਕਿੰਨੀ ਵੀ ਗਹਿਰੀ ਹੋਵੇ, ਸੂਰਜ ਜ਼ਰੂਰ ਉੱਗੇਗਾ। ਲੋਕਾਂ ਦਾ ਏਕਾ ਜ਼ਰੂਰ ਜਿੱਤੇਗਾ। ਨਾਢੂ ਖਾਂ ਦੀ ਧੌਣ ਦਾ ਕਿੱਲਾ ਨਿੱਕਲ ਜਾਵੇਗਾ ਤੇ ਉਹ ਜੜ੍ਹੋਂ ਉੱਖੜੇ ਬਲੂਤ ਵਾਂਗੂੰ ਲੋਕਾਂ ਦੇ ਹੁਕਮ ਅੱਗੇ ਬੇਬਸ ਪਿਆ ਹੋਵੇਗਾ।” ਇਹ ਪਿਤਾ ਦੇ ਬੋਲ ਸਨ। ਅੱਖਾਂ ਦੇ ਨਾਲ ਡੋਰਿਆਂ ਵਿੱਚ ਹੁਣ ਭਰੋਸੇ ਦਾ ਸੂਰਜ ਚਮਕ ਰਿਹਾ ਸੀ। ਹਾਕਮ ਦੇ ਘਰ ਧੁੰਦ ਗਿਰਨ ਲੱਗੀ ਸੀ। ਉਸਨੂੰ ਕਾਂਬਾ ਲੱਗ ਰਿਹਾ ਸੀ।
ਪਰਮਿੰਦਰ ਸਿੰਘ ਭੁੱਲਰ
9463067430