ਇਸਲਾਮਾਬਾਦ– ਵਿਦਿਆਰਥੀ ਜਥੇਬੰਦੀਆਂ ਨੂੰ ਬਹਾਲ ਕਰਨ ਦੀ ਮੰਗ ਬਾਰੇ ਪਾਕਿਸਤਾਨ ਵਿਚ ਹਾਲ ਹੀ ’ਚ ਹੋਏ ਰੋਸ ਮਾਰਚਾਂ ਤੋਂ ਬਾਅਦ ਇਕ ਨੌਜਵਾਨ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਪ੍ਰਬੰਧਕਾਂ ਅਤੇ ਭਾਗ ਲੈਣ ਵਾਲੇ ਕਈ ਕਾਰਕੁਨਾਂ-ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਲਾਹੌਰ ਵਿਚ ਸਿਵਲ ਲਾਈਨ ਪੁਲੀਸ ਨੇ ਰਾਜ ਸਰਕਾਰ ਦੇ ਹਵਾਲੇ ਨਾਲ ਮਾਰਚ ਦੇ ਪ੍ਰਬੰਧਕਾਂ ਤੇ 250-300 ਅਣਪਛਾਤੇ ਹਿੱਸਾ ਲੈਣ ਵਾਲਿਆਂ ’ਤੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਲਾਈਆਂ ਹਨ। ਮੁਲਕ ਵਿਚ ਵਿਦਿਆਰਥੀ ਜਥੇਬੰਦੀਆਂ ’ਤੇ ਫ਼ੌਜੀ ਤਾਨਾਸ਼ਾਹ ਜਨਰਲ ਜ਼ਿਆਉੱਲ ਹੱਕ ਨੇ 1984 ਵਿਚ ਪਾਬੰਦੀ ਲਾ ਦਿੱਤੀ ਸੀ। ਉਸ ਤੋਂ ਬਾਅਦ ਵਿਦਿਆਰਥੀਆਂ ਦੀ ਲਗਾਤਾਰ ਮੰਗ ਦੇ ਬਾਵਜੂਦ ਇਨ੍ਹਾਂ ਨੂੰ ਬਹਾਲ ਨਹੀਂ ਕੀਤਾ ਗਿਆ। ਪਾਕਿਸਤਾਨ ਦੇ 50 ਵੱਡੇ ਸ਼ਹਿਰਾਂ ਵਿਚ ਲੰਘੇ ਸ਼ੁੱਕਰਵਾਰ ਹਜ਼ਾਰਾਂ ਵਿਦਿਆਰਥੀਆਂ ਨੇ ਕਈ ਮੰਗਾਂ ਬਾਰੇ ਰੋਸ ਮਾਰਚ ਕੀਤੇ ਸਨ। ਇਨ੍ਹਾਂ ਨੂੰ ‘ਵਿਦਿਆਰਥੀ ਏਕਤਾ ਮਾਰਚ’ ਦਾ ਨਾਂ ਦਿੱਤਾ ਗਿਆ ਸੀ ਤੇ ‘ਸਟੂਡੈਂਟ ਐਕਸ਼ਨ ਕਮੇਟੀ’ ਦੇ ਝੰਡੇ ਹੇਠ ਇਹ ਮਾਰਚ ਕਈ ਵਿਦਿਆਰਥੀ ਸਮੂਹਾਂ ਨੇ ਵੱਖ-ਵੱਖ ਸ਼ਹਿਰਾਂ ਵਿਚ ਕੀਤੇ ਸਨ। ਲਾਹੌਰ ਦੇ ਪੁਲੀਸ ਅਧਿਕਾਰੀ ਜੁਲਫ਼ਿਕਾਰ ਹਮੀਦ ਨੇ ਕਿਹਾ ਕਿ ਵਿਦਿਆਰਥੀ ਭੜਕਾਊ ਭਾਸ਼ਨ ਦੇ ਰਹੇ ਸਨ ਤੇ ਸਰਕਾਰੀ ਸੰਸਥਾਵਾਂ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਪ੍ਰਬੰਧਕਾਂ ਦੇ ਨਾਲ ਮਾਰਚ ਕਰ ਰਹੇ ਇਕ ਵਿਦਿਆਰਥੀ ਆਗੂ ਆਲਮਗੀਰ ਵਜ਼ੀਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
HOME ਅੰਦੋਲਨਕਾਰੀ ਵਿਦਿਆਰਥੀਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ