ਅੰਤਰਰਾਸ਼ਟਰੀ ਲੋਕਤੰਤਰ ਦਿਵਸ ਤੇ ” ਭਾਰਤ ਵਿੱਚ ਲੋਕਤੰਤਰ ਜਾਂ ਸਿਆਸੀ ਤੰਤਰ”।

(ਸਮਾਜ ਵੀਕਲੀ)

 

ਕਿਸੇ ਵੇਲੇ ਭਾਰਤ ਵਿੱਚ ਰਾਜੇ ਮਹਾਰਾਜਿਆਂ ਦੀ ਹਕੂਮਤ ਹੁੰਦੀ ਸੀ ਜਿਹੜਾ ਰਾਜਾਂ ਤਾਕਤਵਰ ਹੁੰਦਾ ਸੀ ਉਹ ਦੂਜਿਆਂ ਰਾਜਾਂ ਤੇ ਵੀ ਕਬਜਾ ਕਰਕੇ ਆਪਣੀ ਹਕੂਮਤ ਕਾਇਮ ਕਰ ਲੈਂਦਾ ਸੀ। ਮੁਗਲਾਂ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਤੇ ਰਾਜ ਕੀਤਾ ਅਤੇ ਇਸ ਤੋਂ ਬਾਅਦ ਅਜ਼ਾਦੀ ਘੁਲਾਟੀਆ ਵਲੋਂ ਦੇਸ਼ ਨੂੰ ਅਜ਼ਾਦ ਕਰਵਾਇਆ ਗਿਆ ਅਤੇ ਭਾਰਤ ਨੂੰ ਇਕ ਲੋਕਤੰਤਰ ਦੇਸ਼ ਹੋਣ ਦਾ ਮਾਣ ਮਿਲਿਆ। ਭਾਵੇਂ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਮੰਨਿਆ ਜਾਂਦਾ ਹੈ ਪਰ ਇਥੋਂ ਦੀ ਗੰਦਲੀ ਰਾਜਨੀਤੀ ਨੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹੋਏ ਹਨ। ਇੱਥੋਂ ਦੀ ਜਨਤਾ ਬਾਲਗ ਮਤ ਅਧਿਕਾਰ ਦੀ ਵਰਤੋਂ ਕਰਦੇ ਹੋਏ ਆਪਣੇ ਉਮੀਦਵਾਰਾਂ ਦੀ ਚੋਣ ਆਪ ਕਰਦੀ ਹੈ। ਲੋਕਤੰਤਰੀ ਦੇਸ਼ਾਂ ਵਿਚ ਸਰਕਾਰ ਜਨਤਾ ਪ੍ਰਤੀ ਉੱਤਰਦਾਈ ਹੁੰਦੀ ਹੈ। ਜੇਕਰ ਕੋਈ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਉਸ ਸਰਕਾਰ ਨੂੰ ਬਦਲਣ ਦੀ ਸ਼ਕਤੀ ਜਨਤਾ ਦੇ ਹੱਥ ਵਿਚ ਹੁੰਦੀ ਹੈ। ਜਨਤਾ ਅਗਲੀਆਂ ਚੋਣਾਂ ਸਮੇਂ ਸਰਕਾਰ ਨੂੰ ਬਦਲ ਸਕਦੀ ਹੈ।

ਭਾਰਤ ਦੀ ਜਨਤਾ ਨੂੰ ਵੀ ਇਹ ਸਭ ਅਧਿਕਾਰ ਪ੍ਰਾਪਤ ਹਨ ਪਰ ਵਰਤਮਾਨ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਹਾਉਣ ਵਾਲਾ ਭਾਰਤ ਲੋਕਤੰਤਰੀ ਪ੍ਰਣਾਲੀ ਪੱਖੋਂ ਖੋਖਲਾ ਹੋ ਰਿਹਾ ਹੈ। ਇੱਥੇ ਲੋਕਤੰਤਰ ਦਿਨ ਪ੍ਰਤੀ ਦਿਨ ਗਿਰਾਵਟ ਵੱਲ ਜਾ ਰਿਹਾ ਹੈ। ਰਾਜਸੀ ਪਾਰਟੀਆਂ ਅਤੇ ਲੀਡਰਾਂ ਵਲੋਂ ਅਪਣੇ ਤਰੀਕੇ ਵੋਟ ਬੈਂਕ ਬਣਾਏ ਜਾਂਦੇ ਹਨ ਅਤੇ ਆਪਣੇ ਤਰੀਕੇ ਨਾਲ ਵੋਟਾਂ ਲੈ ਕੇ ਸੱਤਾ ਹਾਸਲ ਕਰ ਲਈ ਜਾਂਦੀ ਹੈ। ਸੱਤਾ ਹਾਸਲ ਕਰਨ ਤੋਂ ਬਾਅਦ ਸਭ ਕੁਝ ਉਲਟ ਹੋ ਜਾਂਦਾ ਹੈ ਲੋਕਤੰਤਰ ਦੀ ਥਾਂ ਹਾਕਮ ਤੰਤਰ ਅਤੇ ਅਫਸਰ ਸ਼ਾਹੀ ਤੰਤਰ ਬਣ ਜਾਂਦਾ ਹੈ। ਪੰਜ ਸਾਲਾ ਤੱਕ ਲੋਕਾਂ ਕੋਲ ਚੁਪ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ।

ਹਰ ਪੰਜ ਸਾਲ ਬਾਅਦ ਲੋਕੀ ਇੱਕ ਨਵੀਂ ਉਮੀਦ ਨਾਲ ਨਵੀਂ ਸਰਕਾਰ ਚੁਣਦੇ ਹਨ ਪਰ ਫਿਰ ਤੋਂ ਉਹੀ ਸਿਸਟਮ ਨਾਲ ਸਰਕਾਰਾ ਪੰਜ ਸਾਲ ਪੂਰੇ ਕਰ ਲੈਂਦੀਆਂ ਹਨ । ਇਹੀ 75 ਸਾਲਾਂ ਤੋਂ ਚਲਦਾ ਆ ਰਿਹਾ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਭਾਰਤ ਵਿਚ ਲੋਕਤੰਤਰ ਹੁੰਦੇ ਹੋਏ ਵੀ ਅਸੀਂ ਭ੍ਰਿਸ਼ਟਾਚਾਰ, ਨਸ਼ਾ, ਬੇਰੁਜ਼ਗਾਰੀ,ਮਹਿਗਾਈ ਆਦਿ ਤੇ ਕੰਟਰੋਲ ਕਰਨ ਵਿੱਚ ਸਫਲ ਨਹੀਂ ਹੋ ਪਾਏ। ਲੋਕਤੰਤਰ ਹੁੰਦੇ ਹੋਏ ਵੀ ਸਾਨੂੰ ਰਿਸ਼ਵਤ ਜਾਂ ਸਿਫ਼ਾਰਸ਼ ਨਾਲ ਕੰਮ ਕਰਵਾਉਣੇ ਪੈਂਦੇ ਹਨ। ਚੋਣਾਂ ਸਮੇਂ ਹੀ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਹੋ ਜਾਂਦੀ ਹੈ ਵੱਡੇ ਵੱਡੇ ਧਨਾਢ ਲੋਕਾਂ ਵਲੋ ਪਾਰਟੀ ਫੰਡ ਦੇ ਨਾਂ ਤੇ ਫੰਡ ਦਿੱਤੇ ਜਾਂਦੇ ਹਨ ਅਤੇ ਭਾਰਤ ਦਾ ਲੋਕਤੰਤਰ ਪੰਜ ਸਾਲ ਉਨ੍ਹਾਂ ਦੇ ਹਿਸਾਬ ਨਾਲ ਚਲਦਾ ਰਹਿੰਦਾ ਹੈ।

ਇਸ ਪ੍ਰਬੰਧ ਅਧੀਨ ਨਾਗਰਿਕਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਉੱਤੇ ਡਾਕਾ ਵੱਜ ਰਿਹਾ ਹੈ। ਕਈ ਲੋਕਾਂ ਨੂੰ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਰੋਸ ਅਤੇ ਪ੍ਰਦਰਸ਼ਨ ਕਰਨੇ ਪੈਂਦੇ ਹਨ। ਜਿਸ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਅਧਿਕਾਰ ਲੈਣ ਲਈ ਇੰਨਾ ਸੰਘਰਸ਼ ਕਰਨਾ ਪਵੇ, ਉੱਥੇ ਅਸੀਂ ਲੋਕਤੰਤਰ ਦੀ ਆਸ ਕਿਵੇਂ ਕਰ ਸਕਦੇ ਹਾਂ? ਇੱਥੇ ਹੀ ਬੱਸ ਨਹੀਂ, ਨਾਗਰਿਕਾਂ ਦੁਆਰਾ ਇੰਨਾ ਸੰਘਰਸ਼ ਕਰਨ ਦੇ ਬਾਵਜੂਦ ਸਾਡੀਆਂ ਸਰਕਾਰਾਂ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੁੰਦੀਆਂ ਸਗੋਂ ਸੰਘਰਸ਼ ਕਰ ਰਹੇ ਲੋਕਾਂ ਨਾਲ ਅਣਮਨੁੱਖੀ ਵਿਹਾਰ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਦਬਾਉਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਇਸ ਦੀ ਉਦਾਹਰਨ ਅਸੀਂ ਕਿਸਾਨ ਅੰਦੋਲਨ ਦੀ ਦੇ ਸਕਦੇ ਹਾਂ।

ਅਸੀਂ ਸਾਰੇ ਭਲੀ-ਭਾਂਤੀ ਜਾਣੂ ਹਾਂ ਕਿ ਕਿਸ ਤਰ੍ਹਾਂ ਸਰਕਾਰਾਂ ਦੁਆਰਾ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਪ੍ਰਸ਼ਾਸਨ ਜੋ ਵੀ ਹੱਥਕੰਡੇ ਵਰਤ ਸਕਦਾ ਸੀ, ਉਹ ਸਭ ਵਰਤੇ ਗਏ। ਪ੍ਰਸ਼ਾਸਨ ਦੁਆਰਾ ਲੋਕਾਂ ਨੂੰ ਦਬਾਉਣ ਲਈ ਵਰਤੇ ਗਏ ਹੱਥਕੰਡਿਆਂ ਨੇ ਕਈ ਨਿਰਦੋਸ਼ ਜਾਨਾਂ ਲੈ ਲਈਆਂ।ਭਾਰਤ ਵਿਚ ਲੋਕਤੰਤਰ ਦੇ ਹੋ ਰਹੇ ਘਾਣ ਦਾ ਅੰਦਾਜ਼ਾ ਅਸੀਂ ਇਸ ਤੱਥ ਤੋਂ ਵੀ ਲਗਾ ਸਕਦੇ ਹਾਂ ਕਿ ਸੰਸਦ ਵਿਚ ਕਿਵੇਂ ਬਿਨਾਂ ਬਹਿਸ ਕਰਵਾਏ ਹੀ ਧੜਾ-ਧੜ ਬਿੱਲ ਪਾਸ ਕੀਤੇ ਜਾ ਰਹੇ ਹਨ। ਵਿਰੋਧੀ ਪਾਰਟੀਆਂ ਦੁਆਰਾ ਰੌਲਾ-ਰੱਪਾ ਪਾਏ ਜਾਣ ਦੇ ਬਾਵਜੂਦ ਉਨ੍ਹਾਂ ਦੀ ਗੱਲ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ।

ਪ੍ਰੈੱਸ ਦੀ ਸੁਤੰਤਰਤਾ ਲੋਕਤੰਤਰ ਦੀ ਮੁੱਖ ਵਿਸ਼ੇਸ਼ਤਾ ਹੈ ਪਰ ਇਸ ਸਮੇਂ ਸਾਡੇ ਮੁਲਕ ਦਾ ਅੱਧੇ ਤੋਂ ਜਿ਼ਆਦਾ ਮੀਡੀਆ ਵਿਕ ਚੁੱਕਿਆ ਹੈ। ਵੱਖ ਵੱਖ ਪਾਰਟੀਆਂ ਦੁਆਰਾ ਖ਼ਰੀਦੇ ਗਏ ਟੀਵੀ ਚੈਨਲਾਂ ਅਤੇ ਪ੍ਰੈੱਸ ਦੇ ਹੋਰ ਸਾਧਨਾਂ ਦੇ ਵਿਕਾਊ ਹੋਣ ਦੀ ਗੱਲ ਕੋਈ ਗੁੱਝੀ ਨਹੀਂ ਹੈ। ਪ੍ਰੈੱਸ ਦੇ ਵੱਖ ਵੱਖ ਮਾਧਿਅਮਾਂ ਦੁਆਰਾ ਖ਼ਬਰਾਂ ਨੂੰ ਤੋੜ ਮਰੋੜ ਕੇ ਜਨਤਾ ਸਾਹਮਣੇ ਪਰੋਸਿਆ ਜਾਂਦਾ ਹੈ। ਹੁਣ ਤਾਂ ਮੁਲਕ ਦੇ ਨਾਗਰਿਕਾਂ ਦਾ ਪ੍ਰੈੱਸ ਦੇ ਸਾਧਨਾਂ ਉੱਪਰੋਂ ਵੀ ਵਿਸ਼ਵਾਸ ਉੱਠ ਗਿਆ ਹੈ। ਜਿਸ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ, ਉਸ ਦਾ ਵਿਕਣਾ ਬਹੁਤ ਸ਼ਰਮਨਾਕ ਅਤੇ ਨਿੰਦਣਯੋਗ ਹੈ। ਮੀਡੀਆ ਜਨਤਾ ਦੀ ਗੱਲ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਸਾਧਨ ਹੈ ਪਰ ਅਫ਼ਸੋਸ ਇਹ ਤਾਂ ਖ਼ੁਦ ਹੀ ਗੁਲਾਮ ਬਣ ਚੁੱਕਾ ਹੈ।ਲੋਕਤੰਤਰ ਵਿਚ ਕਾਨੂੰਨ ਦਾ ਸ਼ਾਸਨ ਹੁੰਦਾ ਹੈ ਪਰ ਅੱਜ ਪ੍ਰਤੀਤ ਹੁੰਦਾ ਹੈ ਕਿ ਹੁਣ ਕਾਨੂੰਨ ਦੇ ਸ਼ਾਸਨ ਦੀ ਬਜਾਇ ਕੁਝ ਕੁ ਬੰਦੇ ਹੀ ਕਾਨੂੰਨ ਉੱਪਰ ਕਬਜ਼ਾ ਕਰਕੇ ਬੈਠੇ ਹਨ।

ਸਾਡੀਆਂ ਅਦਾਲਤਾਂ ਵੀ ਨਿਰਪੱਖ ਨਹੀਂ। ਧਨੀ ਲੋਕ ਪੈਸੇ ਦੇ ਬਲ ਤੇ ਫ਼ੈਸਲੇ ਆਪਣੇ ਪੱਖ ਵਿਚ ਕਰਵਾ ਲੈਂਦੇ ਹਨ। ਸਾਡੇ ਦੇਸ਼ ਵਿਚ ਗੰਭੀਰ ਅਪਰਾਧ ਕਰਨ ਵਾਲੇ ਅਮੀਰ ਲੋਕ ਜਿਨ੍ਹਾਂ ਵਿਚ ਕਈ ਸਿਆਸੀ ਲੀਡਰ ਵੀ ਸ਼ਾਮਿਲ ਹਨ, ਖੁੱਲ੍ਹੇਆਮ ਫਿਰ ਰਹੇ ਹਨ। ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਜਦਕਿ ਕੋਈ ਗ਼ਰੀਬ ਬੰਦਾ ਨਿਆਂ ਦੀ ਆਸ ਵਿਚ ਅਦਾਲਤਾਂ ਦੇ ਗੇੜੇ ਕੱਢਦਾ ਆਪਣੀ ਸਾਰੀ ਉਮਰ ਲੰਘਾ ਦਿੰਦਾ ਹੈ। ਇਹੋ ਜਿਹੇ ਹਾਲਾਤ ਹੋਣ ਦੇ ਬਾਵਜੂਦ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਉਸ ਲੋਕਤੰਤਰੀ ਪ੍ਰਣਾਲੀ ਅਧੀਨ ਰਹਿ ਰਹੇ ਹਾਂ ਜਿੱਥੇ ਸਭ ਨੂੰ ਨਿਆਂ ਮਿਲਦਾ ਹੈ। ਇਸੇ ਉਮੀਦ ਨਾਲ ਲੋਕ ਨਵੀਂ ਪਾਰਟੀਆ ਤੋਂ ਆਸ ਰੱਖਦੇ ਹੋਏ ਸੱਤਾ ਦਿੰਦੇ ਹਨ ਕਿ ਭਾਰਤ ਵਿਚ ਸਹੀ ਮਾਅਨਿਆਂ ਵਿੱਚ ਲੋਕਤੰਤਰ ਬਹਾਲ ਹੋ ਸਕੇ।

ਕੁਲਦੀਪ ਸਿੰਘ ਰਾਮਨਗਰ
9417990040

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਇਨਕਲਾਬੀ ਸਲਾਮ