ਜੋਸ਼ੋ ਸੀ (ਜਪਾਨ), 21 ਦਸੰਬਰ(ਰਮੇਸ਼ਵਰ ਸਿੰਘ)- ਆਪਣੀ ਇਨਕਲਾਬੀ ਵਿਚਾਰਧਾਰਾ ਅਤੇ ਕਾਰਜਾਂ ਲਈ ਪ੍ਰਸਿੱਧ ਸੰਸਥਾ ਅੰਤਰਰਾਸ਼ਟਰੀ ਇਨਕਲਾਬੀ ਮੰਚ ਪਿਛਲੇ ਲੰਮੇ ਸਮੇਂ ਤੋਂ ਸਮਾਜਿਕ ਗਤੀਵਿਧੀਆਂ ਵਿੱਚ ਮੂਹਰਲੀਆਂ ਸਫ਼ਾਵਾਂ ਵਿੱਚ ਵਿਚਰ ਰਿਹਾ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਮੰਚ ਵੱਲੋਂ ਦਿੱਲੀ ਵਿਖੇ ਚੱਲ ਰਹੇ ਲੋਕ ਅੰਦੋਲਨ ਲਈ 89,500 ਰੁਪਏ ਦੀ ਵਿਸ਼ੇਸ਼ ਯੋਗਦਾਨ ਰਾਸ਼ੀ ਕਿਸਾਨ ਮਜ਼ਦੂਰ ਸਾਂਝਾ ਮੋਰਚਾ, ਜੋਧਾਂ (ਲੁਧਿਆਣਾ) ਨੂੰ ਭੇਜੀ ਗਈ।
ਜਿਕਰਯੋਗ ਹੈ ਕਿ ਪਿੰਡ ਜੋਧਾਂ ਦੇ ਸਮਾਜ ਸੇਵੀ ਬਿਰਤੀ ਵਾਲੇ਼ ਸੱਜਣਾਂ ਦੀ ਅਗਵਾਈ ਵਿੱਚ ਇਹ ਮੋਰਚਾ ਇਲਾਕੇ ਵਿੱਚੋਂ ਦਿੱਲੀ ਜਾ ਰਹੀਆਂ ਸੰਗਤਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਕਾਰਜਸ਼ੀਲ ਹੈ। ਉਪਰੋਕਤ ਯੋਗਦਾਨ ਵਿੱਚ ਦਿਲ ਖੋਲ੍ਹ ਕੇ ਹਿੱਸਾ ਪਾਉਣ ਲਈ ਮੰਚ ਦੇ ਕੌਮਾਂਤਰੀ ਪ੍ਰਧਾਨ ਰੁਪਿੰਦਰ ਜੋਧਾਂ ਜਾਪਾਨ, ਕੌਮਾਂਤਰੀ ਸਰਪ੍ਰਸਤ ਦਵਿੰਦਰ ਸਿੰਘ ਪੱਪੂ ਬੈਲਜ਼ੀਅਮ, ਕੌਮਾਂਤਰੀ ਬੁਲਾਰੇ ਨਵਦੀਪ ਜੋਧਾਂ ਕੈਨੇਡਾ ਅਤੇ ਖਾਸ ਤੌਰ ਤੇ ਮੰਚ ਨੂੰ ਬਾਹਰੋਂ ਸਮਰਥਨ ਦੇਣ ਵਾਲ਼ੇ ਸੱਜਣਾਂ ਦਾ ਕੌਮਾਂਤਰੀ ਚੇਅਰਪਰਸਨ ਰਣਬੀਰ ਕੌਰ ਬੱਲ ਯੂ.ਐੱਸ.ਏ, ਕੌਮਾਂਤਰੀ ਜਰਨਲ ਸਕੱਤਰ ਬਲਿਹਾਰ ਸੰਧੂ ਅਸਟ੍ਰੇਲੀਆ ਅਤੇ ਕੌਮਾਂਤਰੀ ਕੋਆਰਡੀਨੇਟਰ ਰੋਮੀ ਘੜਾਮੇਂ ਵਾਲ਼ਾ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਬਾਕੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਇਤਿਹਾਸਕ ਅੰਦੋਲਨ ਵਿੱਚ ਆਪੋ-ਆਪਣਾ ਬਣਦਾ ਯੋਗਦਾਨ ਜਰੂਰ ਪਾਉਣ ਅਤੇ ਆਪਣੇ ਮੰਚ ਵੱਲੋਂ ਆਉਣ ਵਾਲੇ਼ ਦਿਨਾਂ ਵਿੱਚ ਹੋਰ ਬਣਦੇ ਉਪਰਾਲੇ ਕਰਨ ਦਾ ਭਰੋਸਾ ਦਿੱਤਾ।