ਕਾਬੁਲ (ਸਮਾਜਵੀਕਲੀ) : ਅਮਰੀਕਾ ਦੇ ਵਿਸ਼ੇਸ਼ ਦੂਤ ਜਿਸ ਨੇ ਤਾਲਿਬਾਨ ਨਾਲ ਸੋਮਵਾਰ ਨੂੰ ਕੈਦੀਆਂ ਦੀ ਰਿਹਾਈ ਬਾਰੇ ਗੱਲਬਾਤ ਕੀਤੀ ਸੀ, ਨੇ ਕਿਹਾ ਹੈ ਕਿ ਅਫ਼ਗਾਨ ਕੈਦੀਆਂ ਦੀ ਰਿਹਾਈ ਦੇਸ਼ ਦੀ ਸ਼ਾਂਤੀ ਵੱਲ ਪਹਿਲਾ ਕਦਮ ਹੈ।
ਰੈੱਡ ਕ੍ਰਾਸ ਦੀ ਕੌਮਾਂਤਰੀ ਕਮੇਟੀ ਨੇ ਐਤਵਾਰ ਨੂੰ ਦੱਸਿਆ ਕਿ ਤਾਲਿਬਾਨ ਨੇ 20 ਅਫ਼ਗਾਨ ਸੁਰੱਖਿਆ ਅਧਿਕਾਰੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਹ ਕਾਰਵਾਈ ਸਰਕਾਰ ਵੱਲੋਂ ਪਿਛਲੇ ਹਫ਼ਤੇ ਸੈਂਕੜੇ ਤਾਲਿਬਾਨ ਕੈਦੀਆਂ ਦੀ ਰਿਹਾਈ ਪਿੱਛੋਂ ਚੁੱਕਿਆ ਗਿਆ ਹੈ। ਅਮਰੀਕਾ ਦੇ ਅਫ਼ਗਾਨ ਸ਼ਾਂਤੀ ਵਾਰਤਾ ਬਾਰੇ ਵਿਸ਼ੇਸ਼ ਦੂਤ ਜ਼ਾਲਮੇ ਖ਼ਲੀਲਜ਼ਾਦ ਨੇ ਟਵਿੱਟਰ ‘ਤੇ ਕਿਹਾ ਕਿ ਇਹ ਦੇਸ਼ ਵਿਚ ਸ਼ਾਂਤੀ ਵੱਲ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਹੁਣ ਦੋਵਾਂ ਧਿਰਾਂ ਨੂੰ ਅਮਰੀਕਾ ਤੇ ਤਾਲਿਬਾਨ ਵਿਚਕਾਰ ਹੋਏ ਸਮਝੌਤੇ ਅਨੁਸਾਰ ਅੱਗੇ ਵੱਧਣਾ ਚਾਹੀਦਾ ਹੈ।
ਖ਼ਲੀਲਜ਼ਾਦ ਤੇ ਤਾਲਿਬਾਨ ਵਿਚਕਾਰ 29 ਫਰਵਰੀ ਨੂੰ ਅਫ਼ਗਾਨ ਸ਼ਾਂਤੀ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ਸਨ। ਇਸ ਸਮਝੌਤੇ ਅਨੁਸਾਰ ਅਫ਼ਗਾਨਿਸਤਾਨ ਦੀ ਸਰਕਾਰ ਪੰਜ ਹਜ਼ਾਰ ਤਾਲਿਬਾਨ ਕੈਦੀਆਂ ਨੂੰ ਰਿਹਾਅ ਕਰੇਗੀ ਜਦਕਿ ਤਾਲਿਬਾਨ 1,000 ਅਫ਼ਗਾਨ ਸੁਰੱਖਿਆ ਅਧਿਕਾਰੀਆਂ ਨੂੰ ਰਿਹਾਅ ਕਰੇਗਾ।
ਕੈਦੀਆਂ ਦਾ ਇਹ ਤਬਾਦਲਾ 10 ਮਾਰਚ ਤੋਂ ਸ਼ੁਰੂ ਹੋਣਾ ਸੀ ਪ੍ਰੰਤੂ ਕੁਝ ਕਾਰਨਾਂ ਕਰ ਕੇ ਇਸ ਨੂੰ ਅੱਗੇ ਪਾ ਦਿੱਤਾ ਗਿਆ। ਕਾਬੁਲ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਆਪਣੇ ਚੋਟੀ ਦੇ 15 ਕਮਾਂਡਰਾਂ ਦੀ ਰਿਹਾਈ ਚਾਹੁੰਦਾ ਹੈ ਜਦਕਿ ਤਾਲਿਬਾਨ ਦਾ ਕਹਿਣਾ ਹੈ ਕਿ ਸਰਕਾਰ ਬਿਨਾਂ ਵਜ੍ਹਾ ਸਮਾਂ ਬਰਬਾਦ ਕਰ ਰਹੀ ਹੈ। ਇਸ ਦੌਰਾਨ ਤਾਲਿਬਾਨ ਨੇ ਕੈਦੀਆਂ ਦੇ ਤਬਾਦਲੇ ਦੀ ਸਰਕਾਰੀ ਕਾਰਵਾਈ ਦਾ ਸਵਾਗਤ ਕੀਤਾ ਹੈ।