(ਸਮਾਜ ਵੀਕਲੀ)
ਅੱਜ ਦੁਨੀਆਂ ਮੰਗਲ ਗ੍ਰਹਿ ‘ਤੇ ਜਾ ਕੇ ਵਸਣ ਦੀ ਗੱਲ ਕਰ ਰਹੀ ਹੈ। ਮਨੁੱਖ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਵਿਗਿਆਨੀ ਅਹਿਮ ਯਤਨ ਕਰਦੇ ਆ ਰਹੇ ਨੇ , ਪਰ ਦੂਸਰੇ ਹੀ ਪਾਸੇ ਮਨੁੱਖੀ – ਪ੍ਰਜਾਤੀ ਵਿਚ ਅਜਿਹੇ ਸੌੜੀ – ਸੋਚ ਅਤੇ ਅੰਧ – ਵਿਸ਼ਵਾਸੀ ਵਿਚਾਰਾਂ ਨਾਲ ਭਰੇ ਹੋਏ ਇਨਸਾਨ ਵੀ ਮਿਲ਼ ਜਾਂਦੇ ਹਨ , ਜੋ ਆਪਣੇ ਚੋਰੀ – ਛੁਪੇ ਵੇਲੇ – ਕੁਵੇਲੇ ਕੀਤੇ ਮੰਦੇ ਤੇ ਤੁੱਛ – ਬੁੱਧੀ ਕਰਮਾਂ ਨੂੰ ਕਰਨ ਸਦਕਾ ਸਮੁੱਚੀ ਮਾਨਵਤਾ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੰਦੇ ਨੇ। ਵਿਸ਼ਵਾਸ ਅਤੇ ਅੰਧ – ਵਿਸ਼ਵਾਸ ਦੋ ਵੱਖੋ – ਵੱਖਰੇ ਪਹਿਲੂ ਅਤੇ ਵਿਚਾਰਨਯੋਗ ਮੁੱਦੇ ਹਨ।
ਜੋ ਸੱਚ ਹੈ , ਕੇਵਲ ਉਸੇ ‘ਤੇ ਹੀ ਵਿਸ਼ਵਾਸ ਕੀਤਾ ਜਾ ਸਕਦਾ ਹੈ ; ਫਿਰ ਭਾਵੇਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲਈਏ। ਅੱਜ ਜਦੋਂ ਵੀ ਕਿਸੇ ਨਦੀ , ਨਹਿਰ ਦੇ ਕਿਨਾਰੇ , ਚੌਕ , ਚੁਰਾਹੇ ਜਾਂ ਪਿੱਪਲ ਦੇ ਰੁੱਖ , ਤਿਰਾਹੇ ਆਦਿ ਕੋਲੋਂ ਸੈਰ ਕਰਦੇ – ਕਰਦੇ ਜਾਂ ਜ਼ਿੰਦਗੀ ਵਿਚ ਰੋਜ਼ਮੱਰਾ ਦੀ ਤਰ੍ਹਾਂ ਵਿਚਰਦੇ ਹੋਏ ਲੰਘੀਏ , ਤਾਂ ਇਨ੍ਹਾਂ ਥਾਂਵਾਂ ‘ਤੇ ਖੁੱਲ੍ਹਾ ਪਿਆ ਜਾਂ ਬੰਦ ਆਮ ਝਾੜੂ , ਕੋਲੇ , ਦੀਵੇ , ਕੰਕਰ , ਰੋਟੀ , ਮੌਲ਼ੀ , ਨਾਰੀਅਲ , ਰਿਬਨ , ਸੰਧੂਰ , ਕੱਪੜੇ , ਪੈਕੇਟ , ਆਟਾ ਤੇ ਪਤਾ ਨਹੀਂ ਕੀ – ਕੀ ਪਿਆ / ਰੱਖਿਆ ਹੋਇਆ ਦੇਖਣ ਨੂੰ ਅਕਸਰ ਵੇਲੇ – ਕੁਵੇਲੇ ਮਿਲ ਹੀ ਜਾਂਦਾ ਹੈ ਤੇ ਕਈ ਸੋਚਾਂ – ਵਿਚਾਰਾਂ ਨੂੰ ਮਨ ਵਿੱਚ ਪੈਦਾ ਕਰਦਾ ਹੈ।
ਅਜਿਹਾ ਕੁਝ ਊਟ – ਪਟਾਂਗ ਕਰਨ ਵਾਲੇ ਭੱਦਰਪੁਰਸ਼ਾਂ ਦੇ ਖਾਨੇ ਇੱਕ ਗੱਲ ਜ਼ਰੂਰ ਪੈ ਜਾਣੀ ਚਾਹੀਦੀ ਹੈ ਕਿ ਜੇਕਰ ਤੁਹਾਨੂੰ , ਤੁਹਾਡੇ ਕਿਸੇ ਆਪਣੇ ਨੂੰ ਜਾਂ ਘਰ ਵਿੱਚ ਕੋਈ ਦੁੱਖ – ਰੋਗ ਜਾਂ ਸਮੱਸਿਆ ਹੈ ਤਾਂ ਉਸ ਨੂੰ ਵਿਗਿਆਨਕ ਨਜ਼ਰੀਏ ਨਾਲ ਵਿਚਾਰੋ। ਕਿਸੇ ਨੂੰ ਕੋਈ ਸਰੀਰਕ ਬਿਮਾਰੀ ਹੈ ਜਾਂ ਮਾਨਸਿਕ ਬੀਮਾਰੀ ਹੈ ਤਾਂ ਡਾਕਟਰ ਜਾਂ ਮਨੋਰੋਗੀ – ਵਿਸ਼ੇਸ਼ ਡਾਕਟਰ ਪਾਸੋਂ ਉਸ ਦਾ ਪੂਰਾ ਤੇ ਸਹੀ ਇਲਾਜ ਕਰਵਾਓ। ਘਰ ਵਿੱਚ ਇੱਕ – ਦੂਸਰੇ ਦੀਆਂ ਮਨ ਦੀਆਂ ਭਾਵਨਾਵਾਂ ਨੂੰ ਸਮਝੋ , ਵਿਚਾਰੋ , ਉਨ੍ਹਾਂ ਦਾ ਹੱਲ ਕਰੋ ਉਨ੍ਹਾਂ ਦੀ ਇੱਜ਼ਤ ਤੇ ਕਦਰ ਕਰੋ।
ਹਮੇਸ਼ਾਂ ਯਾਦ ਰੱਖੋ ਕਿ ਜੇਕਰ ਕਿਸੇ ਨੂੰ ਕੋਈ ਰੋਗ ਦੀ ਸਮੱਸਿਆ ਹੈ ਤਾਂ ਡਾਕਟਰ ਕੋਲ ਜਾ ਕੇ ਹੀ ਤੇ ਸਹੀ ਇਲਾਜ ਕਰਵਾ ਕੇ ਹੀ ਠੀਕ ਹੋਇਆ ਜਾ ਸਕਦਾ ਹੈ। ਜੇਕਰ ਕਰਜ਼ ਦੀ ਸਮੱਸਿਆ ਹੈ ਤਾਂ ਭਾਵੇਂ ਹੌਲੀ – ਹੌਲੀ ਹੀ ਕਰਜ਼ ਵਾਪਸੀ ਕਰੋ , ਕਰਜ਼ ਤਾਂ ਕੇਵਲ ਵਾਪਸ ਕਰਕੇ ਹੀ ਖ਼ਤਮ ਹੋਣਾ ਹੈ , ਆਪਸੀ ਮਨ – ਮੁਟਾਵ ਮਿਲ ਬੈਠ ਕੇ ਹੀ ਸੁਲਝਣੇ ਹਨ , ਘਰੇਲੂ ਕਲੇਸ਼ ਇੱਕ – ਦੂਸਰੇ ਦੀਆਂ ਭਾਵਨਾਵਾਂ ਤੇ ਜ਼ਰੂਰਤਾਂ ਸਮਝ ਕੇ ਹੀ ਦੂਰ ਹੋਣੇ ਹਨ ਜਾਂ ਹੋਰ ਜੋ ਵੀ ਸਮੱਸਿਆ ਹੈ , ਉਸ ਦੇ ਕਾਰਨਾਂ ਨੂੰ ਸਮਝ ਕੇ ਹੀ ਉਸ ਦਾ ਨਿਵਾਰਣ ਹੋਣਾ ਹੈ , ਨਾ ਕਿ ਇਨ੍ਹਾਂ ਅਡੰਬਰਾਂ ਜਾਂ ਟੂਣੇ – ਟਾਮਣਿਆਂ ਨਾਲ।
ਅੇੈਦਾਂ ਕਰਨ ਨਾਲ ਕਿਸੇ ਦੇ ਬੇਡ਼ੇ ਪਾਰ ਨਹੀਂ ਲੱਗੇ , ਨਾ ਹੀ ਲੱਗਣਗੇ। ਅਜਿਹਾ ਕੁਝ ਕਰਨ ਨਾਲ ਤੁਹਾਡਾ ਧਨ ਤੇ ਸਮਾਂ ਹੀ ਬਰਬਾਦ ਹੋਵੇਗਾ ; ਹੋਰ ਕੁਝ ਨਹੀਂ। ਇਸ ਨਾਲੋਂ ਬਿਹਤਰ ਹੈ ਕਿ ਆਪਣਾ ਕੀਮਤੀ ਧਨ ਤੇ ਸਮਾਂ ਆਪਣੇ ਲਈ , ਆਪਣੇ ਪਰਿਵਾਰ ਲਈ ਜਾਂ ਲੋੜਵੰਦਾਂ ਲਈ ਸਮਰਪਣ ਕਰ ਦੇਈਏ ਜਾਂ ਕੋਈ ਚੰਗਾ ਉਚੇਚਾ ਮਾਨਵਤਾ ਦੀ ਭਲਾਈ ਦਾ ਧਾਰਮਿਕ ਕਾਰਜ ਕਰੀਏ।
” ਆਓ ! ਇੱਕੀਵੀਂ ਸਦੀ ਦੇ ਮਨੁੱਖ ਕਹਿਲਾਈਏ ,
ਅੰਧ – ਵਿਸ਼ਵਾਸਾਂ ਤੋਂ ਬਚ ਕੇ ਸੁਖੀ ਘਰ ਵਸਾਈਏ ,
ਮਨੁੱਖ ਹਾਂ ਅਤੇ ਮਨੁੱਖਤਾ ਦੀ ਹੀ ਗੱਲ ਕਰੀਏ – ਕਰਾਈਏ ,
ਚੰਗੀ ਸੋਝੀ ਅਪਨਾਉਣ ਲਈ ਚੰਗੇ ਸਾਹਿਤ ਨੂੰ ਅਪਣਾਈਏ, ਚੰਗੀਆਂ ਕਿਤਾਬਾਂ ਨਾਲ ਪਿਆਰ ਵਧਾਈਏ ,
ਅੰਧ – ਵਿਸ਼ਵਾਸਾਂ ਤੋਂ ਬਚ ਕੇ , ਅਡੰਬਰਾਂ ਤੋਂ ਮੁਕਤੀ ਪਾਈਏ, ਊਚ – ਨੀਚ ਤੇ ਜਾਤ – ਪਾਤ ਤੋਂ ਉੱਪਰ ਉੱਠ ਕੇ ,
ਮਾਨਵਤਾ ਦੀ ਅਲਖ ਜਗਾਈਏ , ਮਾਨਵਤਾ ਦੀ ਅਲਖ ਜਗਾਈਏ । ”
ਲੇਖਕ ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.