(ਸਮਾਜ ਵੀਕਲੀ)
ਜਿਹੜੇ ਹੋਏ ਨੇ ਅਾਜ਼ਾਦ ਕੋਈ ਹੋਰ ਹੋਣਗੇ,
ਕੋਈ ਚੁਸਤ ਚਲਾਕ ਠੱਗ ਚੋਰ ਹੋਣਗੇ,
ਗਿਣੇਂ ਚੁਣੇਂ ਪਰਿਵਾਰ ਨੇ ਅਾਬਾਦ ਹੋ ਗਏ.
ਅਸੀਂ ਦੱਸੋ ਕਿਹੜੇ ਪਾਸਿਓਂ ਅਾਜ਼ਾਦ ਹੋ ਗਏ.
ਸਾਡੇ ਪੁਰਖਿਅਾਂ ਦੀ ਕੋਈ ਅਾਸ ਪੂਰੀ ਨਹੀਓਂ ਹੋਈ.
ਰੂਹ ਵੇਖ ਕੇ ਸ਼ਹੀਦਾਂ ਦੀ ਵੀ ਛੱਮ ਛੱਮ ਰੋਈ .
ਸੁਖੀ ਵਸਦਿਅਾਂ ‘ਚ ਜਦੋਂ ਸੀ ਫਸਾਦ ਹੋ ਗਏ.
ਅਸੀਂ ਦੱਸੋ ਕਿਹੜੇ ———-
ਸਾਡੇ ਕਿਸੇ ਕੰਮ ਨੂੰ ਵੀ ਮਨਜ਼ੂਰੀ ਨਾ ਮਿਲੇ.
ਸਾਨੂੰ ਮਿਹਨਤ ਦੀ ਪੂਰੀ ਮਜ਼ਦੂਰੀ ਨਾ ਮਿਲੇ .
ਸਾਡੇ ਮੂੰਹਾਂ ਦੇ ਸੁਅਾਦ ਬੇ-ਸੁਅਾਦ ਹੋ ਗਏ.
ਅਸੀਂ ਦੱਸੋ ਕਿਹੜੇ ————-
ਵੇਖੋ ਨਸ਼ਿਅਾਂ ਦੇ ਅੱਡੇ ਪਿੰਡ ਪਿੰਡ ਖੁੱਲ੍ ਗਏ.
ਸਾਡੇ ਗੱਭਰੂ ਜਵਾਨ ਮੁੰਡੇ ਘਰ ਭੁੱਲ ਗਏ.
ਸਾਥੋਂ ਪੜੇ੍ ਹੋਏ ਸਾਡੇ ੳੁਸਤਾਦ ਹੋ ਗਏ .
ਅਸੀਂ ਦੱਸੋ ਕਿਹੜੇ ———-
ਕਿਤੇ ਨੀਲਾ ਕਿਤੇ ਚਿੱਟਾ ਕਿਤੇ ਭਗਵਾਂ ਹੈ ਰੰਗ.
ਇੱਕੋ ਸਾਰਿਅਾਂ ਦੀ ਸੋਚ ਇੱਕੋ ਸਾਰਿਅਾਂ ਦਾ ਢੰਗ.
ਅਾਪੋ ਅਾਪਣੇ ਨੇ ਸਭ ਦੇ ਮੁਫ਼ਾਦ ਹੋ ਗਏ.
ਅਸੀਂ ਦੱਸੋ ਕਿਹੜੇ ———-
ਨਿੱਤ ੳੁੱਨ ਲਾਹੀਂ ਜਾਣ ਸਾਨੂੰ ਸਮਝ ਕੇ ਭੇਡਾਂ.
ਸਾਨੂੰ ਅਾਖਦੇ ਇਹ ਹੋਣ ਤਕਦੀਰਾਂ ਦੀਅਾਂ ਖੇਡਾਂ.
ਪਾਣੀ ਬਿਨਾਂ ਸਾਡੇ ਖੇਤ ਬੇ ਅਾਬਾਦ ਹੋ ਗਏ .
ਅਸੀਂ ਦੱਸੋ ਕਿਹੜੇ ————
ਸਾਡਾ ਭਖ਼ਦਾ ਸੀ ਖ਼ੂਨ ਠੰਡਾ ਸੀਤ ਕਰ ਦਿੱਤਾ.
ਸਾਡਾ ਪੀਣ ਵਾਲਾ ਪਾਣੀ ਵੀ ਪਲੀਤ ਕਰ ਦਿੱਤਾ.
ਅਸੀਂ ਪਿੰਡਾਂ ਦਿਅਾਂ ਟੋਭਿਅਾਂ ਦੀ ਗਾਦ ਹੋ ਗਏ.
ਅਸੀਂ ਦੱਸੋ ਕਿਹੜੇ ———–
ਕਿਹੜੇ ਚਾਵਾਂ ਨਾਲ਼ ਪੰਦਰਾਂ ਅਗਸਤ ਮਨਾਈਏ.
ਬੁਝੇ ਮਨ ਨਾਲ਼ ਕਿਵੇਂ ਗਿੱਧੇ ਭੰਗੜੇ ‘ਚ ਅਾਈਏ .
ਕੁੱਝ ਹੋਣਗੇ ਜੋ ਤਨੋਂ ਮਨੋਂ ਸ਼ਾਦ ਹੋ ਗਏ .
ਅਸੀਂ ਦੱਸੋ ਕਿਹੜੇ ————
ਅਸੀਂ ਅੱਕ ਕੇ ਅਖੀਰ ਜਦੋਂ ਤਾਣ ਖੜੇ ਮੁੱਕੀ.
ਅਸਾਂ ਬਖ਼ਸ਼ੀ ਗੁਰਾਂ ਦੀ ਤਲਵਾਰ ਜਦੋਂ ਚੁੱਕੀ .
ਪਿੰਡ ਰੰਚਣਾਂ ਲਈ ਵਿਗੜੀ ਅੌਲਾਦ ਹੋ ਗਏ.
ਅਸੀਂ ਦੱਸੋ ਕਿਹੜੇ ———–
ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )