ਅਹਿਮਦਾਬਾਦ/ਲਖਨਊ (ਸਮਾਜਵੀਕਲੀ) : ਪਿੱਤਰੀ ਸੂਬਿਆਂ ’ਚ ਜਾਣ ਦੀ ਮੰਗ ਕਰ ਰਹੇ ਕਰੀਬ 100 ਪਰਵਾਸੀ ਮਜ਼ਦੂਰਾਂ ਨੇ ਅੱਜ ਇਥੇ ਪੁਲੀਸ ’ਤੇ ਪਥਰਾਅ ਕਰ ਦਿੱਤਾ। ਉਨ੍ਹਾਂ ਉਥੋਂ ਗੁਜ਼ਰ ਰਹੇ ਲੋਕਾਂ ਨੂੰ ਵੀ ਨਹੀਂ ਬਖ਼ਸ਼ਿਆ। ਪੁਲੀਸ ਨੇ ਪਰਵਾਸੀ ਮਜ਼ਦੂਰਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਹਲਕਾ ਲਾਠੀਚਾਰਜ ਕਰ ਕੇ ਕਈਆਂ ਨੂੰ ਹਿਰਾਸਤ ’ਚ ਲੈ ਲਿਆ।
ਇਹ ਘਟਨਾ ਆਈਆਈਐੱਮ ਅਹਿਮਦਾਬਾਦ ਅਤੇ ਵਸਤਰਪੁਰ ਇਲਾਕੇ ਨੂੰ ਜੋੜਦੀ ਸੜਕ ’ਤੇ ਵਾਪਰੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਅਚਾਨਕ ਹੀ ਪਰਵਾਸੀ ਮਜ਼ਦੂਰ ਸਵੇਰ ਵੇਲੇ ਸੜਕ ’ਤੇ ਆ ਗਏ ਅਤੇ ਉਨ੍ਹਾਂ ਪਥਰਾਅ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ’ਤੇ ਵੱਡੀ ਗਿਣਤੀ ’ਚ ਪੁਲੀਸ ਬਲ ਮੌਕੇ ’ਤੇ ਭੇਜਿਆ ਗਿਆ। ਪੁਲੀਸ ਨੇ ਜਦੋਂ ਕਾਰਵਾਈ ਸ਼ੁਰੂ ਕੀਤੀ ਤਾਂ ਉਹ ਮਜ਼ਦੂਰਾਂ ਦੀ ਬਸਤੀ ’ਚ ਵੜ ਗਏ ਜਿਥੋਂ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਉਧਰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਪਰਵਾਸੀ ਮਜ਼ਦੂਰਾਂ ਨਾਲ ਭਰੇ ਛੇ ਟਰੱਕਾਂ ਨੂੰ ਰੋਕ ਲਿਆ ਗਿਆ। ਕਰੀਬ 500 ਪਰਵਾਸੀ ਮਜ਼ਦੂਰ ਹਰਿਆਣਾ ਦੇ ਯਮੁਨਾਨਗਰ ਤੋਂ ਬਿਹਾਰ ਅਤੇ ਪੱਛਮੀ ਬੰਗਾਲ ਲਈ ਰਵਾਨਾ ਹੋਏ ਸਨ। ਪੁਲੀਸ ਨੇ ਉਨ੍ਹਾਂ ਨੂੰ ਪਨਾਹ ਕੇਂਦਰਾਂ ’ਚ ਤਬਦੀਲ ਕੀਤਾ ਹੈ ਅਤੇ ਬਾਅਦ ’ਚ ਪਿੱਤਰੀ ਸੂਬਿਆਂ ਵੱਲ ਰਵਾਨਾ ਕੀਤਾ ਜਾਵੇਗਾ।