ਬੰਗਲੌਰ ਐੱਫਸੀ ਦੇ ਕਪਤਾਨ ਸੁਨੀਲ ਛੇਤਰੀ ਨੇ ਐੱਫਸੀ ਗੋਆ ਦੇ ਵਿਰੁੱਧ ਆਈਐੱਸਐੱਲ ਵਿੱਚ ਪਹਿਲੀ ਖ਼ਿਤਾਬੀ ਜਿੱਤ ਨੂੰ ਸ਼ਾਨਦਾਰ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਪਿਛਲੀ ਵਾਰ ਦੇ ਫਾਈਨਲ ਵਿੱਚ ਚੇਨਈਅਨ ਐੱਫਸੀ ਤੋਂ ਮਿਲੀ ਹਾਰ ਬਾਅਦ ਇਹ ਜਿੱਤ ਹੋਰ ਵੀ ਸੁਆਦਲੀ ਹੋ ਗਈ ਹੈ।
ਰਾਹੁਲ ਭੇਕੇ ਦੇ ਵੱਲੋਂ ਮੈਚ ਦੇ 116ਵੇਂ ਮਿੰਟ ਕੀਤੇ ਗਏ ਸ਼ਾਨਦਾਰ ਹੈੱਡਰ ਗੋਲ ਦੀ ਮੱਦਦ ਨਾਲ ਬੰਗਲੌਰ ਐੱਫਸੀ ਨੇ ਇਥੇ ਐਤਵਾਰ ਨੂੰ ਗੋਆ ਐੱਫਸੀ ਨੂੰ 1-0 ਨਾਲ ਹਰਾ ਕੇ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦੇ ਪੰਜਵੇਂ ਸੈਸ਼ਨ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਸੀ।
ਛੇਤਰੀ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ,‘ ਅਗਲੇ ਸਾਲ ਉਹ ਫਿਰ ਵਾਪਿਸ ਆਉਣਗੇ। ਬਾਲ ਬੁਆਏ ਤੋਂ ਲੈਕੇ ਕੋਚ ਚਾਰਲਸ ਕੁਆਡਾਰਟ ਤੱਕ ਹਰ ਕੋਈ ਟੀਮ ਨੂੰ ਚੈਂਪੀਅਨ ਬਣਿਆ ਦੇਖਣ ਦਾ ਚਾਹਵਾਨ ਸੀ। ਟੀਮ ਹਰ ਹਾਲ ਵਿੱਚ ਖ਼ਿਤਾਬ ਜਿੱਤਣਾ ਚਾਹੁੰਦੀ ਸੀ। ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਹਾਰ ਗਏ ਸੀ, ਉਸ ਤਰ੍ਹਾਂ ਜਿੱਤ ਕਾਫੀ ਅਹਿਮ ਸੀ।’
ਛੇਤਰੀ ਨੇ ਕਿਹਾ ਕਿ ਟੀਮ ਦਾ ਪ੍ਰਦਰਸ਼ਨ ਇਸ ਲਈ ਵੀ ਸ਼ਾਨਦਾਰ ਹੈ ਕਿ ਕਿਉਂਕਿ ਗੋਆ ਦੇ ਗੋਲਡਨ ਬੂਟ ਜੇਤੂ ਫੇਰਾਨ ਕੋਰੋਮੀਨਾਸ ਨੂੰ ਬੰਗਲੌਰ ਦੇ ਖਿਡਾਰੀਆਂ ਨੇ ਤਿੰਨਾਂ ਮੈਚਾਂ ਵਿੱਚ ਆਪਣੇ ਵਿਰੁੱਧ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਇਸ ਸੈਸ਼ਨ ਵਿੱਚ ਬੰਗਲੌਰ ਦੀ ਇਹ ਗੋਆ ਉੱਤੇ ਲਗਾਤਾਰ ਤੀਜੀ ਜਿੱਤ ਹੈ।
ਉਨ੍ਹਾਂ ਦੱਸਿਆ ਕਿ ਕੋਚ ਦੀ ਰਣਨੀਤੀ ਸੀ ਕਿ ਹਮਲਾ ਕਰਨ ਲਈ ਤਿਆਰ ਰਹਿਣਾ ਹੈ ਤੇ ਜਿਉਂ ਹੀ ਗੇਂਦ ਤੋਂ ਕਬਜ਼ਾ ਹਟੇ ਤਾਂ ਡਿਫੈਂਸ ਉੱਤੇ ਆ ਜਾਣਾ ਹੈ। ਉਸ ਦੇ ਲਈ, ਮਿੰਕੂ ਅਤੇ ਉਦੰਤਾ ਸਿੰਘ ਵਰਗੇ ਖਿਡਾਰੀਆਂ ਦੇ ਲਈ ਇਹ ਰਣਨੀਤੀ ਆਸਾਨ ਨਹੀਂ ਸੀ ਕਿਉਂਕਿ ਸਾਨੂੰ ਹਮਲਾਵਰ ਖੇਡ ਹੀ ਪਸੰਦ ਹੈ। ਇਸ ਦੌਰਾਨ ਗੋਆ ਦੇ ਕੋਚ ਸਰਗੀਓ ਲਬੇਰਾ ਨੇ ਕਿਹਾ ਕਿ ਅਹਿਮਦ ਜਾਹੋ ਦਾ ਵਾਧੂ ਸਮੇਂ ਵਿੱਚ ਲਾਲ ਕਾਰਡ ਕਾਰਨ ਮੈਦਾਨ ਤੋਂ ਬਾਹਰ ਜਾਣਾ ਸਭ ਤੋਂ ਅਹਿਮ ਪਲ ਰਿਹਾ ਅਤੇ ਮੈਚ ਦਾ ਪਾਸਾ ਪਲਟ ਗਿਆ।
Sports ਅਸੀਂ ਹਰ ਹਾਲਤ ’ਚ ਖ਼ਿਤਾਬ ਜਿੱਤਣਾ ਚਾਹੁੰਦੇ ਸੀ: ਛੇਤਰੀ