ਲੰਡਨ (ਸਮਾਜ ਵੀਕਲੀ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੰਧਕਾਰ ’ਤੇ ਪ੍ਰਕਾਸ਼ ਅਤੇ ਬਦੀ ’ਤੇ ਨੇਕੀ ਦੀ ਜਿੱਤ ਦੀ ਭਾਵਨਾ ਵਾਲੇ ਤਿਉਹਾਰ ਦੀਵਾਲੀ ਦੀ ਸ਼ਲਾਘਾ ਕਰਦਿਆਂ ਕਰੋਨਾਵਾਇਰਸ ਮਹਾਮਾਰੀ ’ਤੇ ਜਿੱਤ ਪ੍ਰਤੀ ਆਸ ਦਾ ਸੁਨੇਹਾ ਦਿੱਤਾ ਹੈ।
ਪਹਿਲੀ ਵਾਰ ਦੀਵਾਲੀ ਦਾ ਤਿਉਹਾਰ ਵਰਚੁਅਲੀ ਮਨਾਇਆ ਜਾ ਰਿਹਾ ਹੈ। ਇੰਗਲੈਂਡ ’ਚ ਦੂਜੇ ਲੌਕਡਾਊਨ ਦੇ ਦੂਜੇ ਦਿਨ ਜੌਹਨਸਨ ਨੇ ਲੋਕਾਂ ਨੂੰ ਸਾਂਝੀਆਂ ਕੋਸ਼ਿਸ਼ਾਂ ਨਾਲ ਇਹ ਸਫ਼ਲ ਬਣਾਉਣ ਦੀ ਅਪੀਲ ਕੀਤੀ। ਆਈਗਲੋਬਲ ਦੀਵਾਲੀ ਫੈਸਟ 2020 ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਅੱਗੇ ਵੱਡੀਆਂ ਚੁਣੌਤੀਆਂ ਹਨ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਸਾਰੇ ਰਲ ਕੇ ਵਾਇਰਸ ’ਤੇ ਜਿੱਤ ਹਾਸਲ ਕਰ ਲਵਾਂਗੇ ਜਿਵੇਂ ਦੀਵਾਲੀ ਦਾ ਤਿਉਹਾਰ ਸਾਨੂੰ ਸਾਰਿਆਂ ਨੂੰ ਸੁਨੇਹਾ ਦਿੰਦਾ ਹੈ।
ਭਗਵਾਨ ਰਾਮ ਅਤੇ ਉਨ੍ਹਾਂ ਦੀ ਪਤਨੀ ਸੀਤਾ, ਰਾਵਣ ਨੂੰ ਹਰਾਉਣ ਮਗਰੋਂ ਜਦੋਂ ਘਰ ਪਰਤੇ ਸਨ ਤਾਂ ਲੱਖਾਂ ਦੀਵੇ ਬਾਲੇ ਗਏ ਸਨ। ਬਸ ਇਸੇ ਤਰ੍ਹਾਂ ਸਾਨੂੰ ਵੀ ਆਪਣਾ ਰਾਹ ਲੱਭਣਾ ਹੈ ਅਤੇ ਅਸੀਂ ਜਿੱਤ ਹਾਸਲ ਕਰਕੇ ਰਹਾਂਗੇ।’’ ਜੌਹਨਸਨ ਨੇ ਯੂਕੇ ’ਚ ਭਾਰਤੀਆਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸੁਰੱਖਿਅਤ ਦੀਵਾਲੀ ਮਨਾਉਣ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਸਮੋਸਿਆਂ ਜਾਂ ਗੁਲਾਬ ਜਾਮਣਾਂ ਦਾ ਰਲ ਕੇ ਆਨੰਦ ਮਾਣਨਾ ਹੋਵੇ ਤਾਂ ਦੂਰੀ ਬਣਾ ਕੇ ਤਿਉਹਾਰ ਮਨਾਉਣਾ ਮੁਸ਼ਕਲ ਹੁੰਦਾ ਹੈ। ਉਨ੍ਹਾਂ ਸੰਕਟ ਦੀ ਘੜੀ ’ਚ ਹਿੰਦੂਆਂ, ਸਿੱਖਾਂ ਅਤੇ ਜੈਨੀਆਂ ਦੇ ਵਤੀਰੇ ਦੀ ਵੀ ਪ੍ਰਸ਼ੰਸਾ ਕੀਤੀ।