“ਅਸੀਂ ਮਰਦੇ ਨਹੀਂ”

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

“ਹਵਾ ਵਿੱਚ ਉੱਡਦੇ ਇਹ ਫਿਰਦੇ ਜੋ ਬਾਜ਼ ਨੇ ,
ਤੈਥੋਂ ਸਾਂਭ ਨਹੀਉਂ ਹੋਣੇ ਇਹ ਪੱਤਰੇ ਕਮਾਦ ਦੇ;
ਹਾਲੇ ਤਕ ਚੁੱਪ ਸੀ ਜੋ ਇਹ ਸ਼ਾਂਤ ਸੀ ਸਮੁੰਦਰਾਂ ਜਹੇ,
ਨਗਾੜੇ ਵੱਜੇ ਹੁਣ ਹੋ ਗਏ ਇਹ ਯੁੱਧ ਦੇ ਐਲਾਨ ਨੇ;
ਤੈਨੂੰ ਜਾਪਦਾ ਇਹ ਦੂਰੋਂ ਕਹੀਆਂ, ਦਾਤੀਆਂ ਤੇ ਚਾਦਰਿਆਂ ਵਾਲ਼ੇ ਇਹ ਲੋਕ,
ਸਾਡੇ ਹੱਥੀਂ ਤੇਗਾਂ ਲਿਸ਼ਕਦੀਆਂ,ਅਸੀਂ ਭਗਤ ਸਿੰਘ ਦੀ ਕਿਤਾਬ ਵਾਲ਼ੇ ਹਾਂ;
ਐਨਾਂ ਤੇਰੇ ਹਥਿਆਰਾਂ ‘ਚ ਨਹੀਂ,ਜਿੰਨਾਂ ਸਾਡੀ ਹਿੱਕ ‘ਚ ਬਰੂਦ,
ਅਸੀਂ ਡਰਦੇ ਨਹੀਂ,ਅਸੀਂ ਮਰਦੇ ਨਹੀਂ,ਪੰਜਾਬ ਵਾਲ਼ੇ ਹਾਂ…;
ਤੇਰੇ ਮਹਿਲਾਂ ‘ਤੇ ਲਹਿਰਾਉਣਾ ਝੰਡਾ ਕਿਰਤੀ ਕਿਸਾਨਾਂ ਦਾ,
ਬਾਜ਼ਾਂ ਨੂੰ ਕੀ ਖ਼ੌਫ਼ ਇਨ੍ਹਾਂ ਝੱਖੜ ਤੂਫ਼ਾਨਾਂ ਦਾ;
ਅਸੀਂ ਰੰਬੀਆਂ ‘ਤੇ ਚੜ੍ਹੇ,ਅਸੀਂ ਆਰਿਆਂ ਨਾ’ ਚੀਰੇ,
ਸਾਡਾ ਹੌਂਸਲਾ ਨਾਂ ਮੁੜੇ, ਮੂੰਹ ਮੁੜੇ ਕਿਰਪਾਨਾਂ ਦਾ;
ਅਸੀਂ ‘ਅਨੰਦਪੁਰੋਂ’ ਤੁਰੇ ਵੈਰੀਆਂ ਨੂੰ ਲਲਕਾਰ,
ਅਸੀਂ ਸਿਕੰਦਰ ਹਰਾਏ,ਅਸੀਂ ਜਿੱਤੇ ਅਫ਼ਗਾਨ;
ਤੇਰੇ ਚੇਤਿਆਂ ‘ਚ ਵਸੇ ਸਾਡੇ ਫ਼ੁੱਲਾਂ ਜਹੇ ਸੁਭਾਅ,
ਸੁੱਚੀ ਬਾਣੀਆਂ ਨੂੰ ਪੜ੍ਹ ਮਿਲੇ ਚੜ੍ਹਦੀਕਲਾ;
ਬਾਬੇ ਨਾਨਕ ਦੇ ਸਦਾ ਅਸੀਂ ਮੰਨਦੇ ਹਾਂ ਭਾਣੇ,
ਅਸੀਂ ਮਰਦੇ ਨਹੀਂ, ‘ਮਰਦਾਨੇ’ ਦੀ ਰਬਾਬ ਵਾਲ਼ੇ ਹਾਂ,
ਅਸੀਂ ਡਰਦੇ ਨਹੀਂ,ਅਸੀਂ ਮਰਦੇ ਨਹੀਂ,ਪੰਜਾਬ ਵਾਲ਼ੇ ਹਾਂ…;
ਤੇਰੇ ਕਿਹਾਂ ਸਾਨੂੰ ਨਸ਼ਿਆਂ ਦਾ ਕੋਹੜ ਗਿਆ ਲੱਗ,
ਸਾਡੀ ਪੁੰਗਰੀ ਜਵਾਨੀ ਦੀ ਤੂੰ ਜੜ੍ਹ ਦਿੱਤੀ ਵੱਢ;
ਅਸੀਂ ਭਟਕੇ ਸੀ ਭਾਵੇਂ,ਪਰ! ਮਰੇ ਨਹੀਂ ਸੀ ਹਾਲੇ,
ਸਾਡੇ ਸਬਰਾਂ ਦਾ ਰੱਤ,ਲਾ ਦਊ ਪੈਰੀਂ ਤੇਰੇ ਅੱਗ;
ਸਮੇਂ ਬਦਲੇ ਆ ਭਾਵੇਂ,ਸਾਡੇ ਉਹੀ ਨੇ ਰਿਵਾਜ਼,
ਸਾਡੇ ਰਾਜ ਵਿੱਚ ਲੜਦੇ ਆ ਚਿੜੀਆਂ ਨਾ’ ਬਾਜ਼;
ਤੇਰੇ ਤਖ਼ਤ ਤਾਂ ਬਸ! ਹੈਗੇ ਪਾਣੀ ‘ਤੇ ਲਕੀਰਾਂ,
ਤੇਰੇ ਸਿਖ਼ਰਾਂ ‘ਤੇ ਝੂਲਣੇ ਨੇ ‘ਪੰਥ’ ਦੇ ਨਿਸ਼ਾਨ;
ਸਰਬੱਤ ਦਾ ਹੀ ਭਲਾ ਜਿੱਥੇ ਮੰਗਣ ਹਵਾਵਾਂ,
ਉਨ੍ਹਾਂ ਸਮਿਆਂ ਦੇ ਵਗਦੇ ਪੰਜ’ਆਬ ਵਾਲ਼ੇ ਹਾਂ,
ਅਸੀਂ ਡਰਦੇ ਨਹੀਂ,ਅਸੀਂ ਮਰਦੇ ਨਹੀਂ,ਪੰਜਾਬ ਵਾਲ਼ੇ ਹਾਂ…;
ਤੇਰੇ ਮਹਿਲਾਂ ਦੀਆਂ ਨੀਹਾਂ ਸਾਡੇ ਹੱਥਾਂ ਉੱਤੇ ਖੜੀਆਂ,
ਤੂੰ ਬਿੱਲੀਆਂ ਦੇ ਵਾਂਗ ਕਰੇ ਚਲਾਕੀਆਂ ਜੋ ਬੜੀਆਂ;
ਤੇਰੀ ਹਿੱਕ ਉੱਤੇ ਬੀਜ਼ ਦਿੱਤਾ ਪਿੱਪਲ ਸਾਡੀ ਕੌਮ ਨੇ,
ਸਾਡੇ ਚੇਤਿਆਂ ‘ਚ ‘ਚੰਡੀ ਦੀਆਂ ਵਾਰਾਂ’ ਨੇਂ ਜੋ ਪੜ੍ਹੀਆਂ;
ਸਾਡੇ ਉੱਤੇ ਨਿਗ੍ਹਾ ਤੂੰ ਸਦਾ ਵਾਂਗ ਵੈਰੀਆਂ ਦੇ ਰੱਖੀ,
ਅਸੀਂ ਪਰ! ਸਲਾਮਤੀ ਸਦਾ ਸਰਬੱਤ ਦੀ ਹੀ ਮੰਗੀ;
ਸਾਡੀ ਪੱਗ ਨੂੰ ਤੂੰ ਪਾਕੇ ਹੱਥ ਚੰਗਾ ਨਹੀਉਂ ਕੀਤਾ,
ਹੁਣ ਟੁੱਟ ਗਿਆ ਬੰਨ੍ਹ, ਜੋ ਘੁੱਟ ਸਬਰਾਂ ਦਾ ਸੀ ਪੀਤਾ;
ਅਸੀਂ ਗੁਰੂ ਦੇ ਹਾਂ ਬੰਦੇ,ਅਸੀਂ ਧਰਤੀ ਦੇ ਪੁੱਤ,
ਅਸੀਂ ਮਿੱਟੀਆਂ ਦੇ ਜਾਏ,ਤੇ ਭੰਗਾਣੀਆਂ ‘ਚ ਲੜੇ,
ਅਸੀਂ ਬੇਦਾਵੇ ਨਹੀਓਂ ਦੇਣੇ,ਖਿਦਰਾਣੇ ਦੀ ਢਾਬ ਵਾਲੇ;
ਅਸੀਂ ਡਰਦੇ ਨਹੀਂ,ਮਰਦੇ ਨਹੀਂ,ਪੰਜਾਬ ਵਾਲ਼ੇ ਹਾਂ,
ਅਸੀਂ ਮਰਦੇ ਨਹੀਂ, ‘ਮਰਦਾਨੇ’ ਦੀ ਰਬਾਬ ਵਾਲ਼ੇ ਹਾਂ;
ਅਸੀਂ ਡਰਦੇ ਨਹੀਂ,ਮਰਦੇ ਨਹੀਂ,ਪੰਜਾਬ ਵਾਲ਼ੇ ਹਾਂ….!!”
ਹਰਕਮਲ ਧਾਲੀਵਾਲ
ਸੰਪਰਕ:- 8437403720
Previous articleਉਦਾਸੀ ਵਰਗੇ ਗਾਣੇ
Next articleਨੰਬਰਦਾਰਾਂ ਦੀ ਅਗਵਾਈ ਹੇਠ ਬੂਲਪੁਰ ਤੋਂ ਕਿਸਾਨਾਂ ਦਾ ਦੂਸਰਾ ਜਥਾ ਦਿੱਲੀ ਰਵਾਨਾ