(ਸਮਾਜ ਵੀਕਲੀ)
ਹਰ ਇਨਸਾਨ ਚਾਹੁੰਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਹਮੇਸ਼ਾ ਸਫਲਤਾ ਨਾਲ ਅੱਗੇ ਵਧਦਾ ਹੋਇਆ ਖੂਬ ਤਰੱਕੀ ਕਰੇ ਤੇ ਆਪਣੇ ਪਰਵਾਰ ਨੂੰ ਚੰਗਾ ਜੀਵਨ ਦੇਵੇ ਬੱਚਿਆ ਨੂੰ ਵੀ ਪੜਾ ਲਿਖਾ ਕੇ ਉਹਨਾਂ ਦੇ ਪੈਰਾ ਤੇ ਖੜ੍ਹਾ ਕਰ ਦੇਵੇ ਪਰ ਹਰ ਇਨਸਾਨ ਸੋਚਦਾ ਤਾਂ ਇਸ ਤਰਾ ਹੀ ਹੈ ਕੁਝ ਇਨਸਾਨ ਸਫਲ ਹੁੰਦੇ ਹਨ ਕੁਝ ਨੂੰ ਅਸਫਲਤਾ ਦਾ ਮੂੰਹ ਦੇਖਣਾ ਪੈਦਾ ਹੈ।
ਸਫਲ ਹੋਏ ਇਨਸਾਨਾਂ ਵਿੱਚ ਸਭ ਤੋ ਵੱਧ ਉਹ ਲੋਕ ਸਫਲ ਹੁੰਦੇ ਹਨ ਜੋ ਆਪਣੇ ਬਜ਼ੁਰਗਾ ਤੋ ਹਰ ਕੰਮ ਤੋ ਪਹਿਲਾ ਸਲਾਹ ਲੈਂਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਸਾਡੇ ਬਜ਼ੁਰਗਾ ਨੂੰ ਜਿੰਦਗੀ ਦਾ ਤਜਰਬਾ ਹੈ। ਬਜ਼ੁਰਗਾ ਨੂੰ ਪਤਾ ਹੁੰਦਾ ਕਿ ਕਿਸ ਕੰਮ ਵਿੱਚ ਫਾਇਦਾ ਹੈ ਤੇ ਕਿਸ ਨਾਲ ਨੁਕਸਾਨ ਇਸ ਕਰਕੇ ਉਹ ਸਾਨੂੰ ਨੁਕਸਾਨ ਵਾਲੇ ਕੰਮ ਨਾ ਕਰਨ ਦੀ ਸਲਾਹ ਦੇ ਕੇ ਨੁਕਸਾਨ ਤੋ ਬਚਾ ਲੈਂਦੇ ਹਨ ।
ਬਜ਼ੁਰਗਾ ਦਾ ਸਾਰੀ ਉਮਰ ਦਾ ਤਜਰਬਾ ਹੁੰਦਾ ਉਹਨਾਂ ਨੇ ਚੰਗੇ ਮੰਦੇ ਸਮੇਂ ਆਪਣੇ ਉੱਤੇ ਹੰਢਾਏ ਹੁੰਦੇ ਹਨ ਉਹਨਾਂ ਨੇ ਕਦੇ ਨੁਕਸਾਨ ਤੇ ਕਦੇ ਫਾਇਦਾ ਦੇਖਿਆ ਹੁੰਦਾ ਅਤੇ ਇਸ ਕਰਕੇ ਉਹਨਾਂ ਨੂੰ ਪਤਾ ਹੁੰਦਾ ਕਿ ਨਫ਼ਾ ਨੁਕਸਾਨ ਕਿਉਂ ਹੋਇਆ ਤੇ ਕਿਵੇਂ? ਉਹ ਆਪਣੀ ਜਿੰਦਗੀ ਵਿੱਚ ਕਈ ਵਾਰ ਅਜਿਹੇ ਨਫ਼ੇ ਨੁਕਸਾਨ ਵਿੱਚੋਂ ਗੁਜਰਦੇ ਹਨ ਜਿਸ ਨਾਲ ਉਹਨਾਂ ਨੂੰ ਜਿਉਣ ਦੀ ਜਾਂਚ ਆ ਜਾਂਦੀ ਹੈ ਤੇ ਬਜ਼ੁਰਗ ਅਵਸਥਾ ਵਿੱਚ ਆਉਂਦੇ ਆਉਂਦੇ ਉਹਨਾਂ ਨੂੰ ਜੀਵਨ ਦਾ ਪੂਰਾ ਅਨੁਭਵ ਹੋ ਜਾਂਦਾ ਹੈ ਅਤੇ ਜਦੋਂ ਉਹਨਾਂ ਦੇ ਬੱਚੇ ਉਹਨਾਂ ਦੀ ਸਲਾਹ ਨਾਲ ਕੰਮ ਕਰਦੇ ਹਨ
ਫਿਰ ਨੁਕਸਾਨ ਹੋਣ ਦੀ ਗੁੰਜਾਇਸ਼ ਘੱਟ ਜਾਂਦੀ ਹੈਂ। ਜਦੋਂ ਨੌਜਵਾਨ ਜਿੰਦਗੀ ਵਿੱਚ ਕੰਮ ਕਰਦੇ ਹਨ ਤਾਂ ਉਹਨਾਂ ਨੂੰ ਆਪਣੇ ਵੱਡਿਆ ਦੀ ਸਲਾਹ ਲੈਣੀ ਹੀ ਪੈਂਦੀ ਹੈ ਕਿਉਂਕਿ ਉਹਨਾਂ ਲਈ ਜੋ ਕੰਮ ਦੀ ਸ਼ੁਰੂਆਤ ਹੁੰਦੀ ਹੈ ਉਹਨਾਂ ਦੇ ਬਜ਼ੁਰਗਾ ਨੇ ਇਹ ਕੰਮ ਕਈ -ਕਈ ਵਾਰ ਕੀਤੇ ਹੁੰਦੇ ਹਨ ਭਾਵੇਂ ਅੱਜ ਦੇ ਨੌਜਵਾਨ ਕਿੰਨੇ ਹੀ ਪੜੇ ਲਿਖੇ ਹੋਣ ਚਾਹੇ ਖੇਤੀ ਬਾੜੀ , ਬਿਜ਼ਨਸ ਜਾ ਕੋਈ ਦੁਕਾਨਦਾਰੀ ਕਰਨੀ ਹੈ ਉਹਨਾਂ ਨੂੰ ਕੋਈ ਤਜਰਬਾ ਨਹੀਂ ਹੁੰਦਾ
ਅਜਿਹੀ ਸਥਿਤੀ ਵਿੱਚ ਉਹਨਾਂ ਨੂੰ ਇੱਕ ਤਜਰਬੇਕਾਰ ਇਨਸਾਨ ਦੀ ਲੋੜ ਹੁੰਦੀ ਹੈ ਇਹ ਕਮੀ ਹਰ ਘਰ ਵਿੱਚ ਬਜ਼ੁਰਗ ਪੂਰੀ ਕਰਦੇ ਹਨ ਅਤੇ ਜਦੋਂ ਨੌਜਵਾਨ ਆਪਣੇ ਤਜਰਬੇਕਾਰ ਬਜ਼ੁਰਗਾ ਦੀ ਸਲਾਹ ਨਾਲ ਕੰਮ ਕਰਦੇ ਹਨ ਤਾਂ ਉਹ ਤਰੱਕੀ ਦੀਆ ਬੁਲੰਦੀਆਂ ਨੂੰ ਛੋਂਹਦੇ ਹਨ ਤੇ ਦੂਜੇ ਲੋਕਾਂ ਲਈ ਇੱਕ ਮਿਸਾਲ ਬਣਦੇ ਹਨ ਕਿਉਂਕਿ ਉਹਨਾਂ ਨਾਲ ਆਪਣੇ ਬਜ਼ੁਰਗਾ ਦਾ ਤਜਰਬਾ ਤੇ ਅਸ਼ੀਰਵਾਦ ਹੁੰਦਾ।
ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਅੱਜ ਆਪਣੇ ਬਜ਼ੁਰਗਾ ਤੋ ਸਲਾਹਾਂ ਤਾਂ ਦੂਰ ਦੀ ਗੱਲ ਹੈ ਉਹਨਾਂ ਨਾਲ ਚੰਗਾ ਵਿਵਹਾਰ ਵੀ ਨਹੀਂ ਕਰਦੇ। ਅੱਜ ਸਾਡੇ ਬਜ਼ੁਰਗਾ ਦੀ ਹਾਲਤ ਸਾਡੇ ਹੀ ਕਰਕੇ ਬਹੁਤ ਮਾੜੀ ਹੋ ਚੁੱਕੀ ਹੈ । ਬਜ਼ੁਰਗ ਤਾਂ ਸਾਡੇ ਘਰ ਦਾ ਪੁਰਾਣਾ ਤੇ ਕੀਮਤੀ ਖਜਾਨਾ ਹੁੰਦੇ ਹਨ ਜੋ ਕਿਸੇ ਕਿਸੇ ਤੋ ਹੀ ਸੰਭਾਲਿਆ ਜਾਂਦਾ ਹੈ ਤੇ ਜੋ ਇਹਨਾਂ ਨੂੰ ਸਾਂਭਦੇ ਹਨ ਉਹ ਹਮੇਸ਼ਾ ਹੀ ਬੁਲੰਦੀਆਂ ਨੂੰ ਸੋਂਹਦੇ ਹਨ।
ਇਸ ਲਈ ਜੀਵਨ ਵਿੱਚ ਕਾਮਯਾਬੀ ਚਾਹੁੰਦੇ ਹੋ ਤਾਂ ਹਮੇਸ਼ਾ ਆਪਣੇ ਬਜ਼ੁਰਗਾ ਨੂੰ ਨਾਲ ਲੈ ਕੇ ਚੱਲੋ ਉਹਨਾਂ ਦਾ ਸਾਥ,ਅਸ਼ੀਰਵਾਦ ਤੇ ਉਹਨਾਂ ਵੱਲੋਂ ਕਮਾਇਆ ਆਪਣੇ ਜੀਵਨ ਭਰ ਦਾ ਅਨੁਭਵ ਸਾਡੇ ਲਈ ਪ੍ਰਮਾਤਮਾ ਦਾ ਵਰਦਾਨ ਸਿੱਧ ਹੋ ਸਕਦਾ ਉਹਨਾਂ ਦੇ ਤਜਰਬੇ ਕਰਕੇ ਸਾਨੂੰ ਜੀਵਨ ਵਿੱਚ ਉਹਨਾਂ ਦੇ ਸਾਥ ਨਾਲ ਉਹਨਾਂ ਤੋ ਵੀ ਵੱਧ ਚੰਗਾ ਤਜਰਬਾ ਹਾਸਿਲ ਹੋਵੇਗਾ ਜੋ ਸਾਡੇ ਬੱਚਿਆ ਦੇ ਭਵਿੱਖ ਲਈ ਚੰਗਾ ਹੋਵੇਗਾ।
ਭਾਵੇਂ ਤੁਸੀਂ ਅੱਜ ਚੰਗੀ ਪੜਾਈ ਕਰਕੇ ਕਈ ਤਰਾ ਦੇ ਡਿਪਲੋਮੇ ਕਰਕੇ ਕਾਬਿਲ ਹੋ ਚੁੱਕੇ ਹੋ ਕਿ ਆਪਣੇ ਪਰਵਾਰ ਲਈ ਚੰਗੀ ਕਮਾਈ ਕਰਕੇ ਉਹਨਾਂ ਦੀਆ ਲੋੜਾਂ ਪੂਰੀਆਂ ਕਰ ਸਕਦੇ ਹੋ ਫਿਰ ਵੀ ਜੇ ਕਦੇ ਤੁਸੀਂ ਅਜਿਹੀ ਸਥਿਤੀ ਵਿੱਚ ਫਸ ਜਾਂਦੇ ਹੋ ਕਿ ਤੁਹਾਨੂੰ ਇਹ ਸਮਝ ਨਹੀਂ ਆਉਂਦਾ ਕਿ ਹੁਣ ਕੀ ਕੀਤਾ ਜਾਵੇ ਇਹ ਕੰਮ ਜੋ ਮੈ ਕਰਨਾ ਹੈ ਠੀਕ ਹੈ ਜਾ ਗਲਤ ਤਾਂ ਬੇਫਿਕਰ ਹੋ ਕੇ ਸਲਾਹ ਲਓ ਆਪਣੇ ਮਾਂ ਬਾਪ ਤੋ ਭਾਵ ਆਪਣੇ ਬਜ਼ੁਰਗ ਹਮੇਸ਼ਾ ਤੁਹਾਡੇ ਨਫ਼ੇ ਬਾਰੇ ਹੀ ਸੋਚਣਗੇ ਜੇ ਤੁਹਾਡਾ ਕਿਸੇ ਕਾਰਣ ਕਰਕੇ ਕੋਈ ਨੁਕਸਾਨ ਹੁੰਦਾ ਤਾਂ ਉਹ ਤੁਹਾਨੂੰ ਇਸ ਨੁਕਸਾਨ ਵਿੱਚੋਂ ਕਿਵੇਂ ਬਚਣਾ ਹੈ ਉਹ ਸੋਚਣ ਵਿੱਚ ਤੁਹਾਡਾ ਸਾਥ ਵੀ ਦੇਣਗੇ।
ਜੇ ਆਪਾ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਸਾਡੀ ਸਲਾਹ ਨਾਲ ਹੀ ਜਿੰਦਗੀ ਵਿੱਚ ਹਮੇਸ਼ਾ ਕੰਮ -ਕਾਰ ਕਰਨ ਤਾਂ ਆਪਾ ਨੂੰ ਵੀ ਆਪਣੇ ਬਜ਼ੁਰਗਾ ਦੀ ਸਲਾਹ ਨਾਲ ਹਰ ਕੰਮ ਕਰਨਾ ਚਾਹੀਦਾ ਇਸ ਕਰਕੇ ਜਦੋਂ ਆਪਣੇ ਬੱਚੇ ਵੀ ਇਹ ਦੇਖਣਗੇ ਕਿ ਸਾਡੇ ਮਾਂ ਬਾਪ ਹਰ ਕੰਮ ਵੱਡਿਆ ਦੀ ਸਲਾਹ ਨਾਲ ਕਰਦੇ ਹਨ ਤਾਂ ਉਹਨਾਂ ਦੀ ਸੋਚ ਵੀ ਹਮੇਸ਼ਾ ਵੱਡਿਆ ਪ੍ਰਤੀ ਸਤਿਕਾਰਯੋਗ ਹੀ ਰਹੇਗੀ ਅਤੇ ਉਹ ਹਮੇਸ਼ਾ ਹੀ ਸਾਡੇ ਨਾਲ ਜੁੜੇ ਰਹਿਣਗੇ।
ਕਰਮਜੀਤ ਕੌਰ ਸਮਾਓ
ਸੰਪਰਕ- 7888900620