ਗੁਹਾਟੀ (ਸਮਾਜਵੀਕਲੀ): ਆਇਲ ਇੰਡੀਆ ਲਿਮਟਿਡ ਦੇ ਬਾਗਜਾਨ ਖੂਹ ’ਚ ਲੱਗੀ ਅੱਗ ਨੇ ਦੋ ਫਾਇਰਮੈਨਾਂ ਦੀ ਜਾਨ ਲੈ ਲਈ। ਅੱਗ ਪਿਛਲੇ 15 ਦਿਨਾਂ ਤੋਂ ਲੱਗੀ ਹੋਈ ਸੀ। ਇਸ ਦੌਰਾਨ ਕੰਪਨੀ ਦੇ ਦੋ ਫਾਇਰਮੈਨ ਲਾਪਤਾ ਹੋ ਗਏ ਸਨ ਅਤੇ ਐੱਨਡੀਆਰਐੱਫ ਦੀ ਟੀਮ ਨੇ ਅੱਜ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।
ਅੱਗ ਲੱਗਣ ਤੋਂ ਬਾਅਦ ਇਲਾਕੇ ’ਚ ਤਣਾਅ ਫੈਲ ਗਿਆ ਸੀ ਕਿਉਂਕਿ ਇਸ ਨਾਲ ਜੰਗਲੀ ਇਲਾਕੇ, ਮਕਾਨਾਂ ਅਤੇ ਵਾਹਨਾਂ ਨੂੰ ਨੁਕਸਾਨ ਪੁੱਜਾ ਜਿਸ ’ਤੇ ਲੋਕਾਂ ਨੇ ਕੰਪਨੀ ਦੇ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਆਇਲ ਇੰਡੀਆ ਲਿਮਟਿਡ ਦੇ ਤਰਜਮਾਨ ਤ੍ਰਿਦਿਵ ਹਜ਼ਾਰਿਕਾ ਨੇ ਦੱਸਿਆ ਕਿ ਇੰਜ ਜਾਪਦਾ ਹੈ ਕਿ ਦੋਵੇਂ ਫਾਇਰਮੈਨਾਂ ਨੇ ਉਥੇ ਮੌਜੂਦ ਜਲ ਦੇ ਸਰੋਤ ’ਚ ਛਾਲ ਮਾਰ ਦਿੱਤੀ ਜਿਸ ਮਗਰੋਂ ਊਹ ਡੁੱਬ ਗਏ। ਉਨ੍ਹਾਂ ਦੇ ਸਰੀਰ ’ਤੇ ਸੜਨ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਉਧਰ ਡਿਊਟੀ ’ਚ ਕੋਤਾਹੀ ਲਈ ਕੰਪਨੀ ਦੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੰਪਨੀ ਨੇ ਗੈਸ ਦੇ ਖੂਹ ਨੂੰ ਚਲਾਊਣ ਵਾਲੀ ਜੌਹਨ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਅੱਗ ਫੈਲਣ ਕਾਰਨ ਕਰੀਬ 7 ਹਜ਼ਾਰ ਵਿਅਕਤੀਆਂ ਨੂੰ 12 ਕੈਂਪਾਂ ’ਚ ਤਬਦੀਲ ਕੀਤਾ ਹੈ।