ਅਸਾਮ ਤੋਂ ਪੱਛਮੀ ਬੰਗਾਲ ਤੱਕ ਪਹੁੰਚਿਆ ਸੇਕ

ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਰੋਸ ਜਾਰੀ

ਪੱਛਮੀ ਬੰਗਾਲ ’ਚ ਹਿੰਸਕ ਮੁਜ਼ਾਹਰੇ;
ਅਸਾਮ ਤੇ ਮੇਘਾਲਿਆ ਦੇ ਇਲਾਕਿਆਂ ’ਚੋਂ ਕਰਫਿਊ ਹਟਾਇਆ

ਨਾਗਰਿਕਤਾ (ਸੋਧ) ਕਾਨੂੰਨ ਖ਼ਿਲਾਫ਼ ਉੱਤਰ-ਪੂਰਬੀ ਸੂਬਿਆਂ ’ਚ ਚੱਲ ਰਹੇ ਹਿੰਸਕ ਮੁਜ਼ਾਹਰੇ ਥੋੜ੍ਹੇ ਮੱਠੇ ਪੈਣ ਦੇ ਆਸਾਰ ਦਿਖਾਈ ਰਹੇ ਹਨ ਕਿਉਂਕਿ ਅੱਜ ਕੁਝ ਇਲਾਕਿਆਂ ’ਚੋਂ ਕਰਫਿਊ ’ਚ ਰਾਹਤ ਦਿੱਤੀ ਗਈ ਹੈ। ਹਾਲਾਂਕਿ ਗੁਆਂਢੀ ਸੂਬੇ ਪੱਛਮੀ ਬੰਗਾਲ ’ਚ ਵੱਡੇ ਪੱਧਰ ’ਤੇ ਹਿੰਸਕ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ’ਚ ਮੁਜ਼ਾਹਰਾਕਾਰੀਆਂ ਨੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਪੁਲੀਸ ਨਾਲ ਝੜਪਾਂ ਵੀ ਹੋਈਆਂ ਹਨ। ਹਿੰਸਕ ਮੁਜ਼ਾਹਰਿਆਂ ਕਾਰਨ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਇਸੇ ਦੌਰਾਨ ਮੇਘਾਲਿਆ ਦੇ ਰਾਜਪਾਲ ਤਥਾਗਤ ਰੌਏ ਦੇ ਬਿਆਨ ਨਾਲ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ‘ਵੰਡਪਾਊ ਜਮਹੂਰੀਅਤ’ ’ਚ ਯਕੀਨ ਨਹੀਂ ਰੱਖਦੇ ਉਹ ਉੱਤਰੀ ਕੋਰੀਆ ਚਲੇ ਜਾਣ। ਦੂਜੇ ਪਾਸੇ ਸ਼ਾਂਤੀ ਬਹਾਲੀ ਲਈ ਫੌਜ ਤੇ ਅਸਾਮ ਰਾਈਫਲਜ਼ ਦੀਆਂ ਅੱਠ ਟੁਕੜੀਆਂ ਅਸਾਮ ਭੇਜੀਆਂ ਗਈਆਂ ਹਨ। ਮੇਘਾਲਿਆ ਦੇ ਰਾਜ ਭਵਨ ਦੇ ਬਾਹਰ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਮੁਜ਼ਾਹਰਾਕਾਰੀਆਂ ਤੇ ਪੁਲੀਸ ਦੀ ਝੜਪ ਵੀ ਹੋ ਗਈ ਤੇ 25 ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅਸਾਮ ਦੇ ਡਿਬਰੂਗੜ੍ਹ ਤੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ’ਚ ਕਰਫਿਊ ’ਚ ਰਾਹਤ ਦਿੱਤੀ ਗਈ ਪਰ ਪੱਛਮੀ ਬੰਗਾਲ ’ਚ ਮੁਜ਼ਾਹਰੇ ਹਿੰਸਕ ਰੂਪ ਧਾਰ ਗਏ ਜਿੱਥੇ ਮੁਜ਼ਾਹਰਾਕਾਰੀਆਂ ਨੇ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਬੇਲਡਾਂਗਾ ਰੇਲਵੇ ਸਟੇਸ਼ਨ ਨੂੰ ਅੱਗ ਲਾ ਦਿੱਤੀ ਤੇ ਰੇਲਵੇ ਪੁਲੀਸ ਦੇ ਜਵਾਨ ਨਾਲ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਹਾਵੜਾ, ਬੀਰਭੂਮ ਅਤੇ ਬੁਰਦਵਾਨ ਤੇ ਉੱਤਰੀ ਬੰਗਾਲ ਦੇ ਕੁਝ ਹਿੱਸਿਆਂ ’ਚ ਹਿੰਸਕ ਘਟਨਾਵਾਂ ਵਾਪਰੀਆਂ। ਰੇਲਵੇ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਰੇਲਵੇ ਸਟੇਸ਼ਨਾਂ ਦੇ ਕਈ ਹਿੱਸੇ, ਮਸ਼ੀਨਾਂ ਤੇ ਪੱਟੜੀਆਂ ਨੂੰ ਲੱਗ ਲਗਾ ਦਿੱਤੀ ਹੈ। ਰੇਲਵੇ ਦੀ ਸੇਵਾ ਵੀ ਮੁਜ਼ਾਹਰਿਆਂ ਕਾਰਨ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਬੇਲਡਾਂਗਾ ਥਾਣੇ ਨੂੰ ਅੱਗ ਲਾ ਦਿੱਤੀ ਤੇ ਰਘੂਨਾਥਗੰਜ ਥਾਣੇ ਅਧੀਨ ਆਉਂਦੇ ਖੇਤਰ ’ਚ ਕਈ ਵਾਹਨ ਸਾੜ ਦਿੱਤੇ। ਮੁਜ਼ਾਹਰਾਕਾਰੀਆਂ ਨੇ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ’ਚ ਰੇਲ ਆਵਾਜਾਈ ’ਚ ਵਿਘਨ ਪਾਇਆ। ਰੇਲਵੇ ਸਟੇਸ਼ਨਾਂ ਤੇ ਕੁਝ ਰੇਲਾਂ ਨੂੰ ਅੱਗ ਲਾਈ ਤੇ ਇੱਕ ਡਰਾਈਵਰ ਨੂੰ ਜ਼ਖ਼ਮੀ ਕਰ ਦਿੱਤਾ। ਦੱਖਣੀ-ਪੂਰਬੀ ਰੇਲਵੇ ਦੇ ਬੁਲਾਰੇ ਸੰਜੋਇ ਘੋਸ਼ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਵੱਲੋਂ ਪੱਟੜੀਆਂ ’ਤੇ ਧਰਨੇ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਠੱਪ ਰਹੀ। ਮੁਜ਼ਾਹਰਾਕਾਰੀਆਂ ਨੇ ਪੱਥਰਬਾਜ਼ੀ ਵੀ ਕੀਤੀ ਜਿਸ ਕਾਰਨ ਹਾਵੜਾ-ਚੇਨੱਈ ਕੋਰੋਮੰਡਲ ਐਕਸਪ੍ਰੈੱਸ ਦਾ ਡਰਾਈਵਰ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਰੇਲਵੇ ਸਟੇਸ਼ਨਾਂ ਤੇ ਹਮਸਫਰ ਐਕਸਪ੍ਰੈੱਸ ਦੇ ਖਾਲੀ ਡੱਬਿਆਂ ਨੂੰ ਸਾੜ ਦਿੱਤਾ। ਇਨ੍ਹਾਂ ਘਟਨਾਵਾਂ ’ਚ ਕੋਈ ਮੁਸਾਫ਼ਰ ਜ਼ਖ਼ਮੀ ਨਹੀਂ ਹੋਇਆ ਹੈ। ਰੋਸ ਮੁਜ਼ਾਹਰਿਆਂ ਕਾਰਨ ਪੂਰਬੀ ਰੇਲਵੇ ਦੀ ਸਿਆਲਦਾ ਡਿਵੀਜ਼ਨ ਦੀ ਰੇਲ ਸੇਵਾ ਵੀ ਪ੍ਰਭਾਵਿਤ ਰਹੀ। ਇਸੇ ਦੌਰਾਨ ਰੋਸ ਮੁਜ਼ਾਹਰਿਆਂ ਕਾਰਨ ਉੱਤਰ-ਪੂਰਬ ਫਰੰਟੀਅਰ ਰੇਲਵੇ ਦੀਆਂ ਘੱਟੋ-ਘੱਟ 106 ਮੁਸਾਫ਼ਰ ਗੱਡੀਆਂ ਜਾਂ ਤਾਂ ਰੱਦ ਕੀਤੀਆਂ ਗਈਆਂ ਹਨ ਜਾਂ ਘੱਟ ਸਮੇਂ ਲਈ ਮੁਲਤਵੀ ਕੀਤੀਆਂ ਗਈਆਂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਰੋਸ ਮੁਜ਼ਾਹਰਿਆਂ ਦਾ ਸੇਕ ਅੱਜ ਅਰੁਣਾਚਲ ਪ੍ਰਦੇਸ਼ ਵੀ ਪਹੁੰਚ ਗਿਆ। ਲੋਕਾਂ ਨੇ ਸੜਕਾਂ ’ਤੇ ਉੱਤਰ ਨਾਗਰਿਕਤਾ ਕਾਨੂੰਨ ਦਾ ਵਿਰੋਧ ਕੀਤਾ ਤੇ ਵਿਦਿਆਰਥੀ ਜਥੇਬੰਦੀਆਂ ਨੇ ਪ੍ਰੀਖਿਆਵਾਂ ਦਾ ਬਾਈਕਾਟ ਕੀਤਾ। ਲੋਕਾਂ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਤੇ ਸਟੂਡੈਂਟ ਯੂਨੀਅਨ ਆਫ ਐੱਨਈਆਰਆਈਐੱਸਟੀ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰਕੇ ਰਾਜਪਾਲ ਬੀ.ਡੀ. ਮਿਸ਼ਰਾ ਨੂੰ ਮੰਗ ਪੱਤਰ ਸੌਂਪਿਆ। ਇਸੇ ਦੌਰਾਨ ਅਸਾਮ ਵਿੱਚ ਉਲਫਾ ਦੇ ਵਾਰਤਾ ਵਿਰੋਧੀ ਧੜੇ ਦੇ ਆਗੂ ਪਰੇਸ਼ ਬਰੁਆ ਨੇ ਅੱਜ ਅਸਾਮ ਸਰਕਾਰ ਨੂੰ ਚਿਤਾਵਨੀ ਦਿੱਤੀ ਜੇਕਰ ਲੋਕਾਂ ਦੇ ਮੁਜ਼ਾਹਰਿਆਂ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕੀਤੀ ਗਈ ਤਾਂ ਉਹ ਇਸ ਦਾ ਢੁੱਕਵਾਂ ਜਵਾਬ ਦੇਣਗੇ। ਇਸ ਤੋਂ ਪਹਿਲਾਂ ਦਿਨੇ ਉਲਫਾ ਦੇ ਵਾਰਤਾ ਦੇ ਹਮਾਇਤੀ ਧੜੇ ਦੇ ਅਰਵਿੰਦ ਰਾਜਖੋਵਾ ਨੇ ਕਿਹਾ ਕਿ ਇਹ ਸੋਧਿਆ ਹੋਇਆ ਨਾਗਰਿਕਤਾ ਬਿੱਲ ਅਸਾਮ ਨੂੰ ਬਰਬਾਦ ਕਰ ਦੇਵੇਗਾ ਤੇ ਉਹ ਇਸ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਇਸੇ ਦੌਰਾਨ ਅਸਾਮ ਦੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਨੇ ਚਿਤਾਵਨੀ ਦਿੱਤੀ ਕਿ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫ਼ੌਜ ਵੱਲੋਂ ਵੱਖ-ਵੱਖ ਥਾਵਾਂ ’ਤੇ ਫਲੈਗ ਮਾਰਚ ਵੀ ਕੀਤੇ ਗਏ ਹਨ। ਨਾਗਰਿਕਤਾ ਕਾਨੂੰਨ ਖ਼ਿਲਾਫ਼ ਹੈਦਰਾਬਾਦ ਵਿੱਚ ਸੀਪੀਆਈ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਵੀ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਤਿਰੂਵਨੰਤਪੁਰਮ ’ਚ ਹਾਕਮ ਧਿਰ ਸੀਪੀਆਈ (ਐੱਮ) ਦੀ ਅਗਵਾਈ ਵਾਲੇ ਐੱਲਡੀਐੱਫ ਤੇ ਵਿਰੋਧੀ ਧਿਰ ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਵੱਲੋਂ 16 ਨੂੰ ਸਾਂਝੇ ਤੌਰ ’ਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।

Previous articleAnti-CAA protesters torch railway stations in Bengal
Next articleਬਰਤਾਨਵੀ ਇਤਿਹਾਸਕ ਚੋਣਾਂ ’ਚ ਜੌਹਨਸਨ ਦੀ ਜਿੱਤ