ਅਸਾਂਜ ਦੇ ਜੇਲ੍ਹ ’ਚ ਬਿਮਾਰੀ ਨਾਲ ਮਰਨ ਦਾ ਖ਼ਦਸ਼ਾ

ਲੰਡਨ -ਡਾਕਟਰਾਂ ਨੇ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਦੀ ਸਿਹਤ ਬਹੁਤ ਖ਼ਰਾਬ ਹੋਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਹ ਉੱਚ ਸੁਰੱਖਿਆ ਵਾਲੀ ਬ੍ਰਿਟਿਸ਼ ਜੇਲ੍ਹ ਦੇ ਅੰਦਰ ਹੀ ਮਰ ਸਕਦਾ ਹੈ। 60 ਤੋਂ ਵੱਧ ਡਾਕਟਰਾਂ ਨੇ ਖੁਲ੍ਹੀ ਚਿੱਠੀ ’ਚ ਇਹ ਖ਼ਦਸ਼ਾ ਜਤਾਇਆ ਹੈ। ਗ੍ਰਹਿ ਮਾਮਲਿਆਂ ਬਾਰੇ ਮੰਤਰੀ ਪ੍ਰੀਤੀ ਪਟੇਲ ਨੂੰ ਲਿਖੀ ਚਿੱਠੀ ’ਚ ਡਾਕਟਰਾਂ ਨੇ ਕਿਹਾ ਹੈ ਕਿ ਅਸਾਂਜ ਨੂੰ ਬੇਲਮਾਰਸ਼ ਜੇਲ੍ਹ ਤੋਂ ਤਬਦੀਲ ਕਰਕੇ ਯੂਨੀਵਰਸਿਟੀ ਟੀਚਿੰਗ ਹਸਪਤਾਲ ’ਚ ਦਾਖ਼ਲ ਕਰਵਾਇਆ ਜਾਵੇ। ਇਨ੍ਹਾਂ ਡਾਕਟਰਾਂ ਨੇ 21 ਅਕਤੂਬਰ ਨੂੰ ਜੂਲੀਅਨ ਦੀ ਲੰਡਨ ਅਦਾਲਤ ’ਚ ਪੇਸ਼ੀ ਮੌਕੇ ਪ੍ਰਤੱਖਦਰਸ਼ੀਆਂ ਅਤੇ ਪਹਿਲੀ ਨਵੰਬਰ ਨੂੰ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਨੁਮਾਇੰਦੇ ਨਿਲਸ ਮੇਲਜ਼ਰ ਦੀ ਰਿਪੋਰਟ ਦੇ ਆਧਾਰ ’ਤੇ ਉਕਤ ਦਾਅਵਾ ਕੀਤਾ ਹੈ। ਡਾਕਟਰਾਂ ਨੇ 16 ਪੰਨਿਆਂ ਦੇ ਖੁੱਲ੍ਹੇ ਖ਼ਤ ’ਚ ਕਿਹਾ ਹੈ,‘‘ਅਸੀਂ ਜੂਲੀਅਨ ਅਸਾਂਜ ਦੀ ਸਰੀਰਕ ਅਤੇ ਮਾਨਸਿਕ ਸਿਹਤ ਬਾਰੇ ਗੰਭੀਰ ਫਿਕਰ ਜਤਾਉਂਦਿਆਂ ਇਹ ਖ਼ਤ ਲਿਖ ਰਹੇ ਹਾਂ। ਹਵਾਲਗੀ ਬਾਰੇ ਅਗਲੇ ਸਾਲ ਫਰਵਰੀ ’ਚ ਹੋਣ ਵਾਲੀ ਸੁਣਵਾਈ ਨੂੰ ਦੇਖਦਿਆਂ ਸ੍ਰੀ ਅਸਾਂਜ ਦੀ ਫਿਟਨਸ ਲਈ ਸਾਨੂੰ ਫਿਕਰ ਹੈ।’’ ਉਨ੍ਹਾਂ ਕਿਹਾ ਕਿ ਅਸਾਂਜ ਨੂੰ ਫੌਰੀ ਮਾਹਿਰ ਡਾਕਟਰਾਂ ਤੋਂ ਇਲਾਜ ਦੀ ਲੋੜ ਹੈ। ਇਹ ਡਾਕਟਰ ਅਮਰੀਕਾ, ਆਸਟਰੇਲੀਆ, ਬ੍ਰਿਟੇਨ, ਸਵੀਡਨ, ਇਟਲੀ, ਜਰਮਨੀ, ਸ੍ਰੀਲੰਕਾ ਅਤੇ ਪੋਲੈਂਡ ਤੋਂ ਹਨ। ਪਿਛਲੇ ਮਹੀਨੇ ਅਦਾਲਤੀ ਸੁਣਵਾਈ ਦੌਰਾਨ ਅਸਾਂਜ ਕਮਜ਼ੋਰ ਜਾਪਦਾ ਸੀ। ਉਹ ਛੇ ਮਹੀਨਿਆਂ ਮਗਰੋਂ ਪਹਿਲੀ ਵਾਰ ਦਿਖਾਈ ਦਿੱਤਾ ਸੀ। ਅਦਾਲਤ ’ਚ ਜਦੋਂ ਉਸ ਨੂੰ ਬੋਲਣ ਲਈ ਕਿਹਾ ਗਿਆ ਤਾਂ ਉਹ ਦੁਚਿੱਤੀ ’ਚ ਦਿਖਾਈ ਦਿੱਤਾ। ਆਸਟਰੇਲੀਅਨ ਵਾਸੀ ਅਸਾਂਜ ’ਤੇ ਅਮਰੀਕਾ ਨੇ ਜਾਸੂਸੀ ਐਕਟ ਤਹਿਤ ਮੁਕੱਦਮਾ ਚਲਾਇਆ ਹੋਇਆ ਹੈ ਅਤੇ ਉਹ ਬ੍ਰਿਟੇਨ ਤੋਂ ਉਸ ਦੀ ਹਵਾਲਗੀ ਮੰਗ ਰਿਹਾ ਹੈ।

Previous articleClimate change making El Ninos more extreme: Study
Next articleIs Pakistan’s oil & gas migrating to Indian side?