ਸੀਆਈਏ ਪੁਲੀਸ ਨੇ ਤਿੰਨ ਜਣਿਆਂ ਨੂੰ ਦੋ ਪਿਸਤੌਲ, ਕਾਰਤੂਸਾਂ, ਪਾਕਿਸਤਾਨੀ ਕਰੰਸੀ ਤੇ 15 ਪਾਸਪੋਰਟਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਉਕਤ ਮੁਲਜ਼ਮ ਬੱਬਰ ਖ਼ਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਸੰਪਰਕ ਵਿਚ ਸਨ। ਇਨ੍ਹਾਂ ਦਾ ਮਕਸਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਣਾ ਸੀ। ਐਸ.ਪੀ (ਜਾਂਚ) ਵਜ਼ੀਰ ਸਿੰਘ ਨੇ ਦੱਸਿਆ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਗੁਰਦੀਪ ਸਿੰਘ ਉਰਫ਼ ਦੀਪ ਉਰਫ਼ ਛੋਟਾ ਕੁਤਰਾ ਵਾਸੀ ਕੌਲਗੜ੍ਹ ਦੇ ਬੱਬਰ ਖ਼ਾਲਸਾ ਨਾਲ ਸਬੰਧ ਹਨ। ਉਹ ਸਾਥੀਆਂ ਨਾਲ ਮਿਲ ਕੇ ਜ਼ਿਲ੍ਹੇ ਵਿੱਚ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਹੈ। ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਦੀ ਹਦਾਇਤ ’ਤੇ ਸੀ.ਆਈ.ਏ ਪੁਲੀਸ ਦੇ ਇੰਚਾਰਜ ਅਜੀਤਪਾਲ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਗੁਰਦੀਪ ਸਿੰਘ ਨੇ ਇਕਬਾਲ ਕੀਤਾ ਕਿ ਉਹ ਅਰਵਿੰਦਰ ਸਿੰਘ ਉਰਫ਼ ਮਿੱਠਾ ਵਾਸੀ ਪੱਲੀਆਂ ਖੁਰਦ ਜੋ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦਾ ਮੈਂਬਰ ਹੈ, ਦੇ ਸੰਪਰਕ ਵਿੱਚ ਹਨ। ਉਸ ਨੂੰ ਮਿੱਠਾ ਨੇ ਹਥਿਆਰ ਵੀ ਮੁਹੱਈਆ ਕਰਵਾਏ ਸਨ। ਪੁਲੀਸ ਨੇ ਕੁਤਰਾ ਦੀ ਨਿਸ਼ਾਨਦੇਹੀ ’ਤੇ ਇੱਕ ਪਿਸਤੌਲ ਤੇ 6 ਕਾਰਤੂਸ ਬਰਾਮਦ ਕੀਤੇ ਹਨ। ਗੁਰਦੀਪ ਨੇ ਦੱਸਿਆ ਕਿ ਉਸ ਦਾ ਦੋਸਤ ਹਰਸ਼ਪ੍ਰੀਤ ਸਿੰਘ, ਜੋ ਵਿਦੇਸ਼ ਵਿਚ ਰਹਿੰਦਾ ਹੈ, ਨੇ ਵਟਸਐਪ ਤੇ ਅਰਵਿੰਦਰ ਸਿੰਘ ਉਰਫ਼ ਮਿੱਠਾ ਨਾਲ ਸੰਪਰਕ ਕਰਵਾਇਆ। ਉਸ ਨੇ ਪਿੰਡ ਸੜੋਆ ਤੇ ਬਛੌੜੀ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸੋਧਣ ਦੀ ਜ਼ਿੰਮੇਵਾਰੀ ਸੌਂਪੀ। ਕੁਤਰਾ ਨੇ ਦੱਸਿਆ ਕਿ ਮਿੱਠਾ ਨੇ ਹਥਿਆਰ ਤੇ ਪੈਸੇ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਤੇ ਉਸ ਨੂੰ ਦਿੱਲੀ ਵਿਚ ਮੁਹੰਮਦ ਸ਼ਰੀਫ ਨਾਲ ਸੰਪਰਕ ਕਰਨ ਲਈ ਕਿਹਾ। ਉਸ ਨੇ ਆਪਣੇ ਦੋਸਤ ਜਸਪ੍ਰੀਤ ਸਿੰਘ ਨੂੰ ਨਾਲ ਲੈ ਕੇ ਮੁਹੰਮਦ ਸ਼ਰੀਫ ਤੋਂ ਇੱਕ ਲੱਖ ਅੱਸੀ ਹਜ਼ਾਰ ਰੁਪਏ ਦੀ ਰਕਮ ਲਈ। ਐਸਪੀ ਨੇ ਦੱਸਿਆ ਕਿ ਪੁਲੀਸ ਨੇ ਮਾਮਲਾ ਦਰਜ ਕਰਨ ਉਪਰੰਤ ਜਦੋਂ ਜਸਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਤੋਂ ਇਕ ਪਿਸਤੌਲ ਤੇ 6 ਕਾਰਤੂਸ ਬਰਾਮਦ ਹੋਏ। ਪੁਲੀਸ ਨੇ ਮੁਹੰਮਦ ਸ਼ਰੀਫ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਤੋਂ 10 ਹਜ਼ਾਰ ਰੁਪਏ ਦੀ ਪਾਕਿਸਤਾਨੀ ਕਰੰਸੀ, 15 ਪਾਸਪੋਰਟ ਬਰਾਮਦ ਹੋਏ। ਪੁਲੀਸ ਨੂੰ ਮੁਲਜ਼ਮਾਂ ਦਾ ਤਿੰਨ ਦਿਨ ਦਾ ਰਿਮਾਂਡ ਮਿਲ ਗਿਆ ਹੈ।
INDIA ਅਸਲੇ ਤੇ ਪਾਕਿਸਤਾਨੀ ਕਰੰਸੀ ਸਣੇ ਤਿੰਨ ਗ੍ਰਿਫ਼ਤਾਰ