ਅਸਮਾਨ ਛੂਹ ਰਹੀਆਂ ਤੇਲ ਕੀਮਤਾਂ:

 ਸੰਜੀਵ ਸਿੰਘ ਸੈਣੀ ਮੋਹਾਲੀ

(ਸਮਾਜ ਵੀਕਲੀ)

ਕਰੋਨਾ ਮਹਾਂਮਾਰੀ ਨੇ ਦੇਸ਼ ਦੇ ਅਰਥਚਾਰੇ ਦੀਆਂ ਚੂਲਾਂ ਹਿਲਾ ਦਿੱਤੀਆ ਹਨ। ਅੱਜ ਫਿਰ ਭਾਰਤ ਦੇਸ਼ ਵਿਚ ਮਹਾਂਮਾਰੀ ਕਾਰਨ ਹਾਹਾਕਾਰ ਮੱਚ ਗਈ ਹੈ ।ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ ਹੈ। ਮਈ ਮਹੀਨੇ ਕਈ ਸੂਬਿਆਂ ਵਿੱਚ ਮੁਕੰਮਲ ਤਾਲਾਬੰਦੀ ਕਰ ਦਿੱਤੀ ਗਈ।ਕਰੋਨਾ ਕਾਰਨ ਸਾਰੇ ਕੰਮਕਾਜ ਠੱਪ ਹੋ ਚੁੱਕੇ ਹਨ। ਪਿਛਲੇ ਵਰ੍ਹੇ ਤਾਲਾਬੰਦੀ ਤੋਂ ਬਾਅਦ ਜੇ ਥੋੜੇ ਬਹੁਤ ਕੰਮ ਕਾਜ ਚਲੇ ਵੀ ਸਨ, ਉਥੇ ਦਿਹਾੜੀਦਾਰ ਨੂੰ ਤਿੰਨ ਸੋ ਰੁਪਏ ਦਿਹਾੜੀ ਬੜੀ ਮੁਸ਼ੱਕਤ ਨਾਲ ਮਿਲੀ। ਕਾਫੀ ਲੰਮੇ ਸਮੇਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਆਮ ਲੋਕਾਂ ਲਈ ਚੁਣੌਤੀ ਬਣ ਰਹੀਆਂ ਹਨ। ਮਹਿੰਗਾਈ ਆਸਮਾਨ ਛੂਹ ਰਹੀ ਹੈ।

ਫ਼ਿਰ ਤਾਲਾਬੰਦੀ ਕਰਨ ਗ਼ਰੀਬ ਤਬਕਾ ਪ੍ਰਭਾਵਿਤ ਹੋਇਆ ਹੈ । ਕਿਸੇ ਵੀ ਹਰੀ ਸਬਜ਼ੀ ਤੇ ਹੱਥ ਨਹੀਂ ਟਿਕਦਾ। ਫ਼ਲ ਫਰੂਟਾਂ ਦੀ ਤਾਂ ਗੱਲ ਹੀ ਨਾ ਕਰੋ ।ਫਰਵਰੀ ਮਹੀਨੇ ਰਸੋਈ ਵਿੱਚ ਵਰਤੇ ਜਾਣ ਵਾਲੇ ਗੈਸ ਸਿਲੰਡਰ ਦੀ ਤਿੰਨ ਵਾਰ ਕੀਮਤਾਂ ਵਧੀਆਂ। ਅੱਜ 900 ਤੋਂ ਉਪਰ ਗੈਸ ਸਿਲੰਡਰ ਦੀ ਕੀਮਤ ਹੋ ਗਈ ਹੈ। 20 ਕੁ ਦਿਨ ਪਹਿਲਾਂ ਹੀ ਘਰੇਲੂ ਰਸੋਈ ਵਿੱਚ ਵਰਤੇ ਜਾਣ ਵਾਲੇ ਸਿਲੰਡਰ ਦੀ ਕੀਮਤ ਵਿਚ 25 ਰੁਪਏ ਵਾਧਾ ਹੋਇਆ ਸੀ। ਦੋ ਕੁ ਦਿਨ ਪਹਿਲੇ ਘਰੇਲੂ ਗੈਸ ਸਿਲੰਡਰ ਵਿੱਚ 15 ਰੁਪਏ ਦਾ ਵਾਧਾ ਹੋਇਆ।ਪੈਟਰੋਲ ਤੇ ਡੀਜ਼ਲ ਦਾ ਤਾਂ ਪੁੱਛੋ ਹੀ ਨਾ ।ਤਕਰੀਬਨ ਫਰਵਰੀ ਮਹੀਨੇ 20 ਦਿਨ ਲਗਾਤਾਰ ਕੀਮਤਾਂ ਵਧੀਆਂ ਸਨ।

ਅੱਜ ਜਦੋਂ ਫਿਰ ਤਾਲਾਬੰਦੀ ਕੀਤੀ ਗਈ, ਤਾਂ ਮਈ ਮਹੀਨੇ ਤੋਂ ਹੁਣ ਤੱਕ ਲਗਾਤਾਰ 45 ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਹੋਇਆ। ਤਕਰੀਬਨ ਸਾਰੇ ਹੀ ਸੂਬਿਆਂ ਵਿੱਚ ਸੌ ਰੁਪਏ ਤੋਂ ਉੱਪਰ ਪੈਟਰੋਲ ਵਿਕ ਰਿਹਾ ਹੈ। ਮੈਟਰੋ ਸ਼ਹਿਰਾਂ ਵਿੱਚ ਡੀਜ਼ਲ ਦੀ ਕੀਮਤ 99.57 ਰੁਪਏ ਪ੍ਰਤੀ ਲੀਟਰ ਹੈ। ਕਈ ਸੂਬਿਆਂ ਵਿੱਚ ਹੁਣ ਪੈਟਰੋਲ 110 ਰੁਪਏ ਤੋਂ ਉੱਪਰ ਹੋ ਚੁੱਕਿਆ ਹੈ।ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਪੰਜ ਸੂਬਿਆਂ ਵਿੱਚ ਚੋਣਾਂ ਸਨ ਤਾਂ ਇੱਕ ਰੁਪਿਆ ਵੀ ਪੈਟਰੋਲ, ਡੀਜ਼ਲ ਤੇ ਗੈਸ ਸਿਲੰਡਰ ਦੀ ਕੀਮਤ ਨਹੀਂ ਵਧੀ। ਚੋਣ ਨਤੀਜਿਆਂ ਤੋਂ ਇੱਕ ਦਮ ਬਾਅਦ ਫਿਰ ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ।

ਜਿਸ ਕਰਕੇ ਆਮ ਆਦਮੀ ਦੀ ਜੇਬ ਢਿੱਲੀ ਹੋ ਗਈ ਹੈ।ਗੁਆਂਢੀ ਦੇਸ਼ਾਂ ਵਿਚ ਆਪਣੇ ਦੇਸ਼ ਨਾਲੋਂ ਤੇਲ ਦੀਆਂ ਕੀਮਤਾਂ ਬਹੁਤ ਹੀ ਘੱਟ ਹਨ। ਵੱਧ ਰਹੀਆਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਨਾ ਚਾਹੀਦਾ ਹੈ। ਮਹਿੰਗਾਈ ਨੇ ਆਮ ਜਨਤਾ ਦਾ ਬਜਟ ਹਿਲਾ ਦਿੱਤਾ ਹੈ। ਤਾਲਾਬੰਦੀ ਕਰਨ ਲੱਖਾਂ ਹੀ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਆਮ ਜਨਤਾ ਦਾ ਜਿਊਣਾ ਦੁੱਭਰ ਹੋ ਗਿਆ ਹੈ।ਇੱਕ ਆਮ ਪਰਿਵਾਰ ਲਈ ਢਾਈ ਸੌ ਰੁਪਏ ਦੀ ਸਬਜ਼ੀ ਰੋਜ਼ਾਨਾ ਆਉਂਦੀ ਹੈ ।ਜੇ ਗਰੀਬ ਸਬਜ਼ੀਆਂ ਦਾਲਾਂ ਤੇ ਪੂਰੀ ਦਿਹਾੜੀ ਖਰਚ ਕਰ ਦੇਵੇਗਾ ਤਾਂ ਘਰ ਦੇ ਬਾਕੀ ਖਰਚੇ ਕਿਵੇਂ ਪੂਰੇ ਹੋਣਗੇ।ਰੋਟੀ ,ਕੱਪੜਾ ਅਤੇ ਮਕਾਨ ਆਮ ਆਦਮੀ ਦੀਆਂ ਅਹਿਮ ਜਰੂਰਤਾਂ ਹਨ।ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਆਮ ਆਦਮੀ ਦੀਆਂ ਲੋੜੀਂਦੀ ਜਰੂਰਤਾਂ ਪੂਰੀਆਂ ਹੋਣ।ਘਰ ਵਿੱਚ ਬਿਜਲੀ ਦਾ ਖਰਚ ਤੇ ਰਾਸ਼ਨ ਵੀ ਚਾਹੀਦਾ ਹੈ।

ਸਰੋਂ ਦੇ ਤੇਲ,ਰਾਜਮਾ, ਦਾਲਾਂ ਦੀ ਕੀਮਤਾਂ ‌ਵਿੱਚ ਲਗਾਤਾਰ ਕਾਫ਼ੀ ਵਾਧਾ ਹੋਇਆ ਹੈ। ਖਾਣ ਪੀਣ ਨੂੰ ਤਾਂ ਸਭ ਦਾ ਹੀ ਦਿਲ ਕਰਦਾ ਹੈ।ਬਦਕਿਸਮਤ ਜੇ ਘਰ ਵਿੱਚ ਕੋਈ ਬਿਮਾਰੀ ਆ ਜਾਵੇ, ਫਿਰ ਡਾਕਟਰ ਦੀ ਫੀਸ ਕੌਣ ਭਰੇਗਾ। ਅੱਜ ਅਸੀਂ ਦੇਖ ਹੀ ਰਹੇ ਹਨ ਕਿ ਦੇਸ਼ ਵਿੱਚ ਆਕਸੀਜਨ ਦੀ ਕਮੀ ਕਾਰਨ ਕਿੰਨੀ ਕਾਲਾਬਾਜ਼ਾਰੀ ਹੋਈ ਹੈ। ਮਹਿੰਗਾਈ ਵਿਚ ਬੀਮਾਰੀ ਦਾ ਖ਼ਰਚਾ ਕਿਥੋਂ ਆਵੇਗਾ? ਬੱਚਿਆਂ ਦੀ ਸਕੂਲ ਦੀ ਫ਼ੀਸ ਵੀ ਭਰਨੀ ਹੈ। ਮਹਿੰਗਾਈ ਨੇ ਹਰੇਕ ਵਰਗ ਦਾ ਲੱਕ ਤੋੜ ਦਿੱਤਾ ਹੈ।ਸਰਕਾਰ ਦਾਵਾ ਕਰ ਰਹੀ ਹੈ ਕਿ ਮਹਿੰਗਾਈ ਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਲੋਕਾਂ ਨੂੰ ਭਰੋਸਾ ਹੀ ਦੇ ਰਹੀ ਹੈ।

ਸਬਜ਼ੀਆਂ ਤੇ ਦਾਲਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ਪਿਛਲੇ 6 ਸਾਲਾਂ ਵਿਚ ਸਭ ਤੋਂ ਵੱਧ ਹੋ ਗਈ ਹੈ। ਸਰਕਾਰ ਨੂੰ ਜਲਦੀ ਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸੋਚ ਵਿਚਾਰਨਾ ਚਾਹੀਦਾ ਹੈ। ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ। ਮਹਿੰਗਾਈ ਘਟਾਉਣ ਲਈ ਸਰਕਾਰਾਂ ਕਾਲਾਬਜ਼ਾਰੀਆਂ ਨੂੰ ਵੀ ਨੱਥ ਪਾਉਣ ,ਕਿਉਂਕਿ ਉਹ ਵੀ ਮਹਿੰਗਾਈ ਵਧਾਉਣ ਲਈ ਜ਼ਿੰਮੇਵਾਰ ਹਨ।

ਸੰਜੀਵ ਸਿੰਘ ਸੈਣੀ

ਮੋਹਾਲੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੰਘੂ ਹੱਤਿਆ ਕਾਂਡ ਕਿਸੇ ਡੂੰਘੀ ਸਾਜ਼ਿਸ਼ ਦਾ ਨਤੀਜਾ – ਜਮਹੂਰੀ ਅਧਿਕਾਰ ਸਭਾ
Next articleਧੰਨ ਧੰਨ ਗੁਰੂ ਨਾਨਕ ਦੇਵ ਜੀ