ਪਟਨਾ– ਬਿਹਾਰ ਦੇ ਕਈ ਜ਼ਿਲ੍ਹਿਆਂ ‘ਚ ਮੰਗਲਵਾਰ ਨੂੰ ਹੋਈ ਤੇਜ਼ ਬਾਰਿਸ਼ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਕਈ ਪਸ਼ੂਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਬਿਹਾਰ ਸੂਬਾ ਆਫ਼ਦਾ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਸੂਬਾ ਸਰਕਾਰ ਨੇ ਅਸਮਾਨੀ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਆਫ਼ਦਾ ਪ੍ਰਬੰਧਨ ਵਿਭਾਗ ਦੇ ਮੁੱਖ ਸਕੱਤਰ ਅਮਿਤ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਅਜਿਹੇ ਸੰਕਟ ਕਾਲ ‘ਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ।
ਦਰਅਸਲ ਮੰਗਲਵਾਰ ਨੂੰ ਦੁਪਹਿਰ ਬਾਅਦ ਕਈ ਜ਼ਿਲ੍ਹਿਆਂ ‘ਚ ਹਨੇਰੀ ਕਾਰਨ ਮੋਹਲੇਧਾਰ ਬਾਰਿਸ਼ ਹੋਈ ਤੇ ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ‘ਚ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਜਿਨ੍ਹਾਂ ‘ਚ 17 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਦੇ ਨਾਲ ਹੀ 5 ਲੋਕਾਂ ਦੇ ਝੁਲਸੇ ਜਾਣ ਦੀ ਜਾਣਕਾਰੀ ਹੈ।
ਉੱਥੇ ਹੀ ਪਟਨਾ ‘ਚ ਪੁਲਿਸ ਲਾਇਨ ‘ਚ ਮੋਹਲੇਧਾਰ ਬਾਰਿਸ਼ ਕਾਰਨ ਇਕ ਵੱਡਾ ਦਰੱਖ਼ਤ ਡਿੱਗ ਗਿਆ, ਜਿਸ ਹੇਠਾਂ ਆਉਣ ਕਾਰਨ ਛੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
INDIA ਅਸਮਾਨੀ ਬਿਜਲੀ ਨੇ ਲਈ 17 ਲੋਕਾਂ ਦੀ ਜਾਨ, ਨਿਤੀਸ਼ ਸਰਕਾਰ ਨੇ ਕੀਤਾ...