ਸੀਬੀਆਈ ਦੇ ਤਤਕਾਲੀ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਅਤੇ ਹੋਰਾਂ ਨਾਲ ਸਬੰਧਤ ਰਿਸ਼ਵਤਖੋਰੀ ਕੇਸ ’ਚ ਸੀਬੀਆਈ ਨੇ ਜਾਂਚ ਮੁਕੰਮਲ ਕਰਨ ਲਈ ਦਿੱਲੀ ਹਾਈ ਕੋਰਟ ਤੋਂ ਹੋਰ ਸਮਾਂ ਮੰਗਿਆ ਹੈ। ਹਾਈ ਕੋਰਟ ਵੱਲੋਂ 11 ਜਨਵਰੀ ਨੂੰ ਸੀਬੀਆਈ ਨੂੰ 10 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ ਜਿਸ ਦੇ ਖ਼ਤਮ ਹੋਣ ਮਗਰੋਂ ਏਜੰਸੀ ਨੇ ਹੋਰ ਸਮਾਂ ਦੇਣ ਲਈ ਅਰਜ਼ੀ ਦਾਖ਼ਲ ਕੀਤੀ ਹੈ। ਸੀਬੀਆਈ ਵੱਲੋਂ ਨਵੀਂ ਅਰਜ਼ੀ ਜਸਟਿਸ ਮੁਕਤਾ ਗੁਪਤਾ ਮੂਹਰੇ ਦਾਖ਼ਲ ਕੀਤੀ ਗਈ ਹੈ ਜਿਨ੍ਹਾਂ ਅਰਜ਼ੀ ਦੀ ਕਾਪੀ ਅਸਥਾਨਾ ਅਤੇ ਕੁਮਾਰ ਦੇ ਵਕੀਲ ਨੂੰ ਨਾ ਦੇਣ ਲਈ ਜਾਂਚ ਏਜੰਸੀ ਨੂੰ ਸਵਾਲ ਕੀਤੇ। ਸੀਬੀਆਈ ਵੱਲੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਵਿਕਰਮਜੀਤ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਸੀਲਬੰਦ ਲਿਫਾਫੇ ’ਚ ਸਥਿਤੀ ਰਿਪੋਰਟ ਦਾਖ਼ਲ ਕੀਤੀ ਹੈ ਅਤੇ ਜਾਂਚ ਮੁੰਕਮਲ ਕਰਨ ਲਈ ਹੋਰ ਸਮਾਂ ਮੰਗੇ ਜਾਣ ਦੀ ਅਰਜ਼ੀ ਅਸਥਾਨਾ ਅਤੇ ਕੁਮਾਰ ਨੂੰ ਦੇਣ ਦੀ ਲੋੜ ਨਹੀਂ ਹੈ। ਜੱਜ ਨੇ ਕਿਹਾ ਕਿ ਜੇਕਰ ਉਹ ਇਸ ਦੀ ਕਾਪੀ ਨਹੀਂ ਦੇਣਗੇ ਤਾਂ ਇਹ ਸੁਣਵਾਈ ਯੋਗ ਨਹੀਂ ਹੋਵੇਗੀ। ਇਸ ’ਤੇ ਸ੍ਰੀ ਬੈਨਰਜੀ ਉਨ੍ਹਾਂ ਨੂੰ ਕਾਪੀ ਦੇਣ ਲਈ ਰਾਜ਼ੀ ਹੋ ਗਏ। ਕੇਸ ਦੀ ਸੁਣਵਾਈ ਵੀਰਵਾਰ ਨੂੰ ਕੀਤੀ ਜਾਵੇਗੀ।
HOME ਅਸਥਾਨਾ ਕੇਸ: ਜਾਂਚ ਮੁਕੰਮਲ ਕਰਨ ਲਈ ਸੀਬੀਆਈ ਨੇ ਹੋਰ ਸਮਾਂ ਮੰਗਿਆ