(ਸਮਾਜ ਵੀਕਲੀ)
ਕੁਝ ਕੁ ਸਾਲਾਂ ਬਾਰੇ ਇਤਿਹਾਸ ਵਿੱਚ ਪੜ੍ਹਿਆ ਜਾਂ ਸੁਣਿਆ ਤੇ ਜ਼ਿਆਦਾ ਸਾਲਾਂ ਦਾ ਬੁਰਾ ਸਮਾਂ ਹੱਡੀਂ ਹੰਢਾਇਆ 1919, 1947, 1962, 1971, 1984, ਤੇ ਆਹ ਸਾਲ ਸ਼ੁਰੂ ਵਿੱਚ ਹੀ ਸਾਡੇ ਅਜੀਬ ਤਰ੍ਹਾਂ ਦੇ ਦੁੱਖਾਂ ਦੀ ਘੜੀ ਲੈ ਕੇ ਚੜ੍ਹਿਆ।ਇਹ ਬੇਹੱਦ ਮੰਦਭਾਗਾ ਸਾਲ ਵੀਹ ਸੌ ਵੀਹ ਕਦੇ ਭੁੱਲੇਗਾ ਨਹੀਂ ਚੜ੍ਹਦੇ ਸਾਲ ਹੀ ਸਰਕਾਰ ਪਤਾ ਨਹੀਂ ਕਿਹੜਾ ਥਰਮਾਮੀਟਰ ਲੈ ਕੇ ਵੇਖਣ ਲੱਗੀ ਕਿ ਅਸੀਂ ਅਸਲੀ ਨਾਗਰਿਕ ਹਾਂ ਕਿ ਘੁਸਪੈਠੀਏ ?ਤੀਹ ਦਹਾਕੇ ਤੋਂ ਪਹਿਲਾਂ ਵੇਖਿਆ ਜਾਵੇ ਸਾਡੀਆਂ ਅਨੇਕਾਂ ਭੈਣਾਂ ਭਰਾਵਾਂ ਦੀਆਂ ਜਨਮ ਤਾਰੀਖਾਂ ਸਰਕਾਰੀ ਪੰਨਿਆਂ ਵਿਚ ਦਰਜ ਹੀ ਨਹੀਂ ਹੁੰਦੀਆਂ ਸਨ।
ਪਿੰਡਾਂ ਵਿੱਚ ਜ਼ਿਆਦਾ ਅਨਪਡ਼੍ਹਤਾ ਤੇ ਲੋਕਾਂ ਦਾ ਵੱਧ ਕੰਮਕਾਰ ਪਿੰਡ ਦਾ ਚੌਕੀਦਾਰ ਮੁੰਡੇ ਦੀ ਜਨਮ ਤਰੀਕ ਤਾਂ ਲਿਖਣ ਲਈ ਜਾਂ ਲਿਖਵਾਉਣ ਲਈ ਘਰ ਚਲਿਆ ਜਾਂਦਾ ਸੀ ਕਿਉਂਕਿ ਸ਼ਗਨ ਮਿਲੇਗਾ,ਬੇਟੀਆਂ ਬਾਰੇ ਆਪਾਂ ਸਾਰੇ ਜਾਣਦੇ ਹੀ ਹਾਂ?ਫਿਰ ਸਰਕਾਰੀ ਮੰਗ ਸਾਡੇ ਦਾਦੇ ਪੜਦਾਦਿਆਂ ਦਾ ਵੀ ਜਨਮ ਪੱਤਰੀ ਦਾ ਲੇਖਾ ਜੋਖਾ ਮੰਗਣ ਲੱਗੀ।ਸਰਕਾਰ ਦਾ ਛੱਡਿਆ ਇਹ ਗਲਤ ਤੀਰ ਪਤਾ ਨੀ ਕਿਹੜੇ ਨਿਸ਼ਾਨੇ ਲੱਗੇਗਾ ਕਿਹੜੇ ਨਹੀਂ ਤਾਂ ਅਚਾਨਕ ਹੀ ਪ੍ਰਧਾਨ ਮੰਤਰੀ ਸਾਹਿਬ ਦੇ ਖ਼ਾਸ ਦੋਸਤ ਟਰੰਪ ਨੇ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਭਾਰਤ ਆਉਣ ਦਾ ਸਮਾਂ ਆ ਗਿਆ,ਮੋਦੀ ਜੀ ਜੁਮਲਿਆਂ ਰਾਹੀਂ ਆਧੁਨਿਕ ਭਾਰਤ ਦੀ ਤਸਵੀਰ ਜੋ ਪੂਰੀ ਦੁਨੀਆਂ ਨੂੰ ਵਿਖਾਉਂਦੇ ਸਨ
ਉਹ ਬਹਾਲ ਕਰਨ ਲਈ,ਕੋਈ ਯੋਗ ਸੁਧਾਰ ਤਾਂ ਨਹੀਂ ਗ਼ਰੀਬਾਂ ਦੀਆਂ ਝੌਂਪੜ ਪੱਟੀਆਂ ਨੂੰ ਛੁਪਾਉਣ ਲਈ ਉੱਚੀਆਂ ਕੰਧਾਂ ਤੇ ਹੋਰ ਘਟੀਆ ਤਰੀਕੇ ਵਰਤਣੇ ਚਾਲੂ ਕਰ ਦਿੱਤੇ।ਵੈਲੀ ਟਰੰਪ ਨੂੰ ਭਰਮਾਉਣ ਲਈ ਜਿੰਨੇ ਇਕੱਠ ਦੀ ਜ਼ਰੂਰਤ ਸੀ ਉਹ ਪੂਰੀ ਕਰ ਦਿੱਤੀ।ਭਾਰਤੀ ਖ਼ਜ਼ਾਨੇ ਨੂੰ ਏਨੀ ਤਕੜੀ ਠੋਕਰ ਮਾਰੀ ਜਿਸ ਦੀ ਅੰਕੜਿਆਂ ਅਨੁਸਾਰ ਗਿਣਤੀ ਦੱਸਣੀ ਬੇਹੱਦ ਮੁਸ਼ਕਿਲ ਹੈ।ਨਾਗਰਿਕਤਾ ਕਾਨੂੰਨ ਲਈ ਜਨਤਾ ਵੱਲੋਂ ਵੱਡਾ ਘੋਲ ਉਲੀਕਿਆ ਗਿਆ ਸੀ,ਸਰਕਾਰ ਦਾ ਸਾਰਾ ਜੁਗਾੜ ਹਿੱਲਦਾ ਨਜ਼ਰ ਆ ਰਿਹਾ ਸੀ ਤਾਂ ਦੁਨੀਆਂ ਵਿਚ ਕੋਰੋਨਾ ਮਹਾਂਮਾਰੀ ਦਾ ਹਮਲਾ ਪਹਿਲਾਂ ਹੀ ਹੋ ਚੁੱਕਿਆ ਸੀ।ਪਰ ਪ੍ਰਧਾਨਮੰਤਰੀ ਜੀ ਦੇ ਮਿੱਤਰ ਨੇ ਆਉਣਾ ਸੀ,ਇਸ ਲਈ ਕੋਰੋਨਾ ਨਾਗ ਪਟਾਰੀ ਵਿੱਚ ਸੰਭਾਲਿਆ ਹੋਇਆ ਸੀ।
ਨਾਗਰਿਕਤਾ ਖ਼ਿਲਾਫ਼ ਵੱਡੇ ਅੰਦੋਲਨ ਨੂੰ ਰੋਕਣ ਲਈ ਕਰੋਨਾ ਵਿੱਚ ਦੂਰੀ ਬਣਾ ਕੇ ਰੱਖਣ ਦੀਆਂ ਰੋਕਾਂ ਤਹਿਤ ਸਾਰਾ ਖਿਲਾਰ ਕੇ ਰੱਖ ਦਿੱਤਾ।ਪੂਰੀ ਰੋਕਾਂ ਦੀ ਪਾਬੰਦੀ ਲੱਗੀ ਰਹੇ ਇਸ ਲਈ ਲਾਕਡਾਊਨ ਲਾਗੂ ਕਰ ਦਿੱਤਾ,ਪੰਜਾਬ ਸਰਕਾਰ ਨੇ ਹੋਰ ਕਦਮ ਅੱਗੇ ਵਧਾਉਂਦੇ ਹੋਏ ਕਰਫਿਊ ਲਾਗੂ ਕਰ ਦਿੱਤਾ ਸਦਕੇ ਜਾਈਏ ਰਾਜਨੀਤਕ ਨੇਤਾਵਾਂ ਦੇ ਦਿਮਾਗਾਂ ਦੇ ਕਿੱਥੇ ਦਿਮਾਗ਼ ਕਿੰਨਾ ਕੁ ਵਰਤਣਾ ਹੈ ਜਾਂ ਇਕ ਪਾਸੇ ਰੱਖ ਦੇਣਾ ਹੈ।
ਸਰਕਾਰ ਨੇ ਪ੍ਰਸ਼ਾਸਨ ਤੇ ਪੁਲਸ ਵਿਭਾਗ ਵੱਲੋਂ ਗ਼ਰੀਬ ਘਰਾਂ ਤੇ ਝੌਂਪੜ ਪੱਟੀਆਂ ਵਿੱਚ ਖਾਣਾ ਪਹੁੰਚਾਉਣ ਦੇ ਉਪਰਾਲੇ ਦਾ ਰਾਗ ਅਲਾਪਿਆ,ਸਰਕਾਰੀ ਨੀਤੀਆਂ ਕੀ ਹੁੰਦੀਆਂ ਹਨ ਆਪਾਂ ਜਾਣਦੇ ਹੀ ਹਾਂ ਸਮਾਜਿਕ ਜਥੇਬੰਦੀਆਂ ਨੇ ਘਰ ਘਰ ਜਾ ਕੇ ਖਾਣੇ ਦਾ ਪ੍ਰਬੰਧ ਤੇ ਦਵਾ ਦਾਰੂ ਨੂੰ ਪਹਿਲ ਦਿੱਤੀ।ਕੇਂਦਰ ਸਰਕਾਰ ਵੱਲੋਂ ਐਟਮ ਬੰਬ ਮਿਜ਼ਾਈਲਾਂ ਦੂਰੀ ਤਕ ਮਾਰ ਕਰਨ ਵਾਲੀਆਂ ਤੇ ਲੱਗਦਾ ਖ਼ਜ਼ਾਨੇ ਦਾ ਸਾਰਾ ਪੈਸਾ ਖਰਚ ਦਿੱਤਾ ਸੀ,ਹਸਪਤਾਲਾਂ ਵਿੱਚ ਬਿਸਤਰੇ ਤੇ ਆਕਸੀਜਨ ਵੀ ਜਨਤਾ ਨੂੰ ਨਸੀਬ ਨਾ ਹੋਈ ਇਹ ਤਾਂ ਬਹੁਤ ਵੱਡੀ ਗੱਲ ਹੈ,ਕੋਰੋਨਾ ਤੇ ਰੋਕ ਲਈ ਇੱਕ ਗਿੱਠ ਕੱਪੜਾ ਦੇਣ ਦਾ ਵੀ ਪ੍ਰਬੰਧ ਨਹੀਂ ਸੀ,ਮਾਸਕ ਲਈ ਸਰਕਾਰੀ ਤੇ ਗੋਦੀ ਮੀਡੀਆ ਮਾਰਚ ਤੋਂ ਲਗਾਤਾਰ ਪ੍ਰਚਾਰ ਕਰ ਰਿਹਾ ਹੈ ਪਰ ਇਹ ਸੇਵਾ ਕਿੱਥੋਂ ਲੈਣੀ ਤੇ ਕੌਣ ਕਰੇਗਾ ਚੁੱਪ ਧਾਰੀ ਹੋਈ ਹੈ।
ਕਰੋਨਾ ਨੂੰ ਰੋਕਣ ਲਈ ਲਾਕਡਾਊਨ ਤੇ ਕਰਫਿਊ ਹਥਿਆਰ ਨਵੇਂ ਨਵੇਂ ਤਰੀਕੇ ਨਾਲ ਵਰਤਿਆ ਗਿਆ।ਪ੍ਰਧਾਨ ਮੰਤਰੀ ਜੀ ਦਾ ਜੁਮਲਾ ਕੁਝ ਜ਼ਿਆਦਾ ਜ਼ੋਰ ਫਡ਼ ਕੇ ਕੋਰੋਨਾ ਨੂੰ ਭਜਾਉਣ ਲਈ ਥਾਲੀਆਂ ਖੜਕਾਉਣਾ ਮੋਮਬੱਤੀਆਂ ਬਾਲਣਾ ਆਪਣਾ ਮਨ ਪ੍ਰਚਾਵਾ ਤੇ ਜਨਤਾ ਦਾ ਤਮਾਸ਼ਾ ਬਣਾ ਕੇ ਰੱਖਿਆ।ਜਦੋਂ ਵੀ ਪ੍ਰਧਾਨ ਮੰਤਰੀ ਜੀ ਦਾ ਜਿਸ ਤਰ੍ਹਾਂ ਚਿੱਤ ਕੀਤਾ ਕੋਰੋਨਾ ਮਹਾਂਮਾਰੀ ਦੇ ਮਰੀਜ਼ਾਂ ਦੀ ਗਿਣਤੀ ਘਟਾਉਂਦੇ ਤੇ ਵਧਾਉਂਦੇ ਰਹੇ,ਜਿਸ ਕਾਰਨ ਇਹ ਗਿਣਤੀ ਜਨਤਾ ਨੂੰ ਸਮਝ ਆ ਗਈ ਕਿ ਮੋਦੀ ਸਾਹਿਬ ਦਾ ਜੁਮਲਾ ਹੈ।ਲਾਕਡਾਊਨ ਤੇ ਕਰਫਿਊ ਨੇ ਲੋਕਾਂ ਦਾ ਅਰਥਚਾਰਾ ਵਿਗਾਡ਼ ਕੇ ਰੱਖ ਦਿੱਤਾ ਲੋਕ ਰੋਟੀ ਤੋਂ ਵਾਂਝੇ ਹੋ ਗਏ ਕਿਸੇ ਨਾਲ ਦੁੱਖ ਸੁੱਖ ਸਾਂਝਾ ਨਾ ਕਰ ਲੈਣ ਉਸ ਲਈ ਕੱਢੀ ਹੋਈ ਖ਼ਾਸ ਲਕਸ਼ਮਣ ਰੇਖਾ ਸੀ ਦੂਰੀ ਬਣਾ ਕੇ ਰੱਖੋ।
ਬੇਰੁਜ਼ਗਾਰੀ ਤੇ ਭੁੱਖਮਰੀ ਦਾ ਸ਼ਿਕਾਰ ਲੋਕ ਮੁੰਬਈ ਤੋਂ ਬਿਹਾਰ ਨੂੰ ਪੈਦਲ ਚੱਲੇ,ਜਿਸ ਵਿੱਚ ਔਰਤ ਬੱਚੇ ਤੇ ਗਰਭ ਅਵਸਥਾ ਵਿਚ ਬੀਬੀਆਂ ਦਾ ਜੋ ਹਾਲ ਹੋਇਆ,ਪੂਰੀ ਦੁਨੀਆਂ ਨੇ ਸੋਸ਼ਲ ਮੀਡੀਆ ਤੇ ਵੇਖਿਆ ਉਹ ਕਿਸੇ ਸਰਕਾਰ ਨੂੰ ਨਜ਼ਰ ਨਹੀਂ ਆਇਆ ਇਹੋ ਹਾਲ ਦਿੱਲੀ ਤੋਂ ਬਿਹਾਰ ਤੇ ਯੂ ਪੀ ਦੇ ਮਿਹਨਤਕਸ਼ ਲੋਕਾਂ ਦਾ ਹੋਇਆ ਬੁਲਟ ਟਰੇਨਾਂ ਜੁਮਲਾ ਕਿਸ ਲਈ ਜਦੋਂ ਆਪਣੇ ਨਾਗਰਿਕਾਂ ਦਾ ਪਤਾ ਹੀ ਨਾ ਹੋਵੇ।ਰੇਲ ਗੱਡੀ ਥੱਲੇ ਆਉਂਦੇ ਲੋਕ ਉਨ੍ਹਾਂ ਦੀਆਂ ਲਾਸ਼ਾਂ ਭੁੱਖੇ ਪੇਟ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ।ਮੋਦੀ ਜੀ ਨੂੰ ਆਪਣੇ ਉਨ੍ਹਾਂ ਮਿੱਤਰਾਂ ਦੀ ਖ਼ਾਸ ਯਾਦ ਆ ਗਈ ਜਿਨ੍ਹਾਂ ਦੇ ਤੋਹਫੇ ਵਜੋਂ ਦਿੱਤੇ ਕਰੋੜਾਂ ਦੇ ਪਹਿਨੇ ਸੂਟ ਪੂਰੀ ਦੁਨੀਆਂ ਨੂੰ ਵਿਖਾਏ ਹਨ।ਉਹ ਹੋਰ ਵਧੀਆ ਸੇਵਾ ਕਰਨ ਉਨ੍ਹਾਂ ਦੇ ਫ਼ਾਇਦੇ ਲਈ ਖੇਤੀਬਾੜੀ ਸਬੰਧੀ ਤਿੰਨ ਬਿੱਲ ਧੱਕੇ ਤੇ ਗਲਤ ਤਰੀਕੇ ਨਾਲ ਕਰੋਨੇ ਦੀ ਹਨੇਰੀ ਰਾਤ ਵਿੱਚ ਪਾਸ ਕਰ ਦਿੱਤੇ,ਦੂੁਰੀ ਬਣਾਓ ਤੇ ਨਾਲ ਪੰਜਾਬ ਸਰਕਾਰ ਨੇ ਮਿਲ ਕੇ ਕਰਫਿਊ ਨੂੰ ਹੋਰ ਪਾਣ ਚਡ਼੍ਹਾ ਦਿੱਤੀ,ਕੇਂਦਰ ਤੇ ਪੰਜਾਬ ਸਰਕਾਰ ਦਾ ਇਹ ਕਾਨੂੰਨੀ ਪੱਖ ਹੁਣ ਤੱਕ ਸਮਝ ਨਹੀਂ ਆਇਆ ਕੀ ਕੋਰੋਨਾ ਰਾਤ ਨੂੰ ਹੀ ਹਮਲਾ ਕਰਦਾ ਹੈ ਦਿਨ ਵੇਲੇ ਕੋਈ ਦੇਖਣ ਪੁੱਛਣ ਵਾਲਾ ਨਹੀਂ।
ਖੇਤੀ ਨਾਲ ਸਬੰਧਤ ਹਰ ਕੋਈ ਕਿਸਾਨ ਮਜ਼ਦੂਰ ਬੇਰੁਜ਼ਗਾਰ ਤੇ ਗੁਲਾਮ ਬਣਾਉਣ ਦਾ ਬਿੱਲ ਪਾਸ ਹੋਇਆ ਤਾਂ “ਕੋਰੋਨਾ ਕਹਿ ਰਿਹਾ ਸੀ ਘਰ ਅੰਦਰ ਰਹੋ ਕਿਸਾਨਾਂ ਨੇ ਕਿਹਾ ਬਾਹਰ ਨਿਕਲੋ,ਕੋਰੋਨਾ ਨੇ ਕਿਹਾ ਡਰੋ ਕਿਸਾਨਾਂ ਨੇ ਕਿਹਾ ਨਿਡਰ ਹੋ ਜਾਓ”ਕਰੋਨਾ ਕੁਝ ਵੀ ਨਹੀਂ ਕਿਸਾਨਾਂ ਨੇ ਟੋਲੇ ਬੰਨ੍ਹ ਕੇ ਦਿੱਲੀ ਵੱਲ ਵਹੀਰਾਂ ਘੱਤ ਲਈਆਂ।ਸੜਕਾਂ ਤੇ ਪਹਾੜਨੁਮਾ ਪੱਥਰ ਖਡ਼੍ਹੇ ਕਰ ਦਿੱਤੇ ਗਹਿਰੇ ਟੋਏ ਪੱਟ ਦਿੱਤੇ,ਪਾਣੀ ਦੀਆਂ ਠੰਢੀਆਂ ਬੁਛਾੜਾਂ ਲਾਠੀਆਂ ਹਰ ਕਿਸਮ ਦੀ ਰੋਕ,ਬਜ਼ੁਰਗ ਬੀਬੀਆਂ ਭੈਣਾਂ ਤੇ ਬੱਚੇ ਨਾਅਰੇ ਮਾਰਦੇ ਆਪਣੇ ਅਸਲੀ ਮੋਰਚੇ ਤੇ ਦਿੱਲੀ ਜਾ ਪਹੁੰਚੇ ਸਾਰੇ ਨਾਂਹ ਵਾਚੀ ਨੂੰ ਹਾਂ ਵਾਚੀ ਕਰ ਦਿੱਤਾ।ਦਿੱਲੀ ਕਿਸਾਨ ਮੋਰਚਾ ਮੀਲਾਂ ਲੰਮਾ ਇਸ ਤਰ੍ਹਾਂ ਲਗਾ ਲਿਆ ਜਿਵੇਂ ਆਪਣਾ ਹੀ ਘਰ ਹੋਵੇ,ਗੋਦੀ ਮੀਡੀਆ ਤੇ ਮੋਦੀ ਸਰਕਾਰ ਪਰੇਸ਼ਾਨ ਪਰ ਪੂਰੀ ਦੁਨੀਆਂ ਇਹ ਸਭ ਕੁਝ ਦੇਖ ਕੇ ਦੰਗ ਰਹਿ ਗਈ ਕਿ ਪੰਜਾਬੀ ਮਿਹਨਤ ਕਰਨਾ ਤਾਂ ਜਾਣਦੇ ਹੀ ਹਨ ਹੱਕਾਂ ਦੀ ਰਾਖੀ ਲਈ ਕਿਵੇਂ ਜੂਝਣਾ ਹੈ ਸਾਰੀ ਸਿੱਖਿਆ ਉਨ੍ਹਾਂ ਦੇ ਅੰਦਰ ਭਰੀ ਹੋਈ ਹੈ।
ਇਸ ਸਾਲ ਦੇ ਆਖਰੀ ਮਹੀਨੇ ਵਿੱਚ ਦੁਨੀਆਂ ਨੂੰ ਵਿਖਾ ਦਿੱਤਾ ਕਿ ਸਿਆਸਤਦਾਨ ਏਕਾ ਤੋੜਦੇ ਹਨ ਪਰ ਪੰਜਾਬ ਦੇ ਕਿਸਾਨ ਜੋੜਦੇ ਹਨ।ਸੜਕਾਂ ਤੇ ਕਰੋੜਾਂ ਕਿਸਾਨਾਂ ਮਜ਼ਦੂਰਾਂ ਨੇ ਘਰ ਟਰਾਲੀਆਂ ਵਿੱਚ ਹੀ ਸਹੀ ਰੂਪ ਵਿੱਚ ਬਣਾ ਕੇ ਇਕ ਨਵੀਂ ਉਦਾਹਰਨ ਪੇਸ਼ ਕੀਤੀ।ਸਾਰੀ ਦੁਨੀਆਂ ਵਿੱਚ ਕਿਹਾ ਜਾ ਰਿਹਾ ਸੀ ਕਿ ਕਰੋਨੇ ਨਾਲ ਬਹੁਤ ਕੁਝ ਬਦਲ ਜਾਵੇਗਾ ਪਰ ਕਿਸਾਨਾਂ ਨੇ ਭਾਰਤ ਵਿਚ ਇੱਕ ਮਹੀਨੇ ਵਿੱਚ ਜੋ ਬਦਲ ਦਿੱਤਾ ਉਹ ਦੁਨੀਆਂ ਲਈ ਇਕ ਬਹੁਤ ਵੱਡੀ ਸਿੱਖਿਆ ਦਾ ਖ਼ਾਸ ਇਤਿਹਾਸ ਬਣ ਗਿਆ ਹੈ।ਕਾਰਪੋਰੇਟ ਘਰਾਣਿਆਂ ਲਈ ਤਿੱਨ ਕਾਨੂੰਨ ਪਾਸ ਕਰ ਦਿੱਤੇ ਖ਼ੁਦ ਖੇਤੀ ਮੰਤਰੀ ਜੀ ਨੂੰ ਪਤਾ ਨਹੀਂ ਇਹ ਕੀ ਹਨ।ਭਾਰਤ ਇੱਕ ਖ਼ਾਸ ਲੋਕਰਾਜ ਹੈ ਪਰ ਇਸ ਇਕ ਸਾਲ ਦੇ ਵਿੱਚ ਮੋਦੀ ਜੀ ਨੇ ਆਪਣੇ ਜੁਮਲੇ ਸਾਰੇ ਮੰਤਰੀਆਂ ਤੇ ਭਗਤਾਂ ਨੂੰ ਸਿਖਾ ਕੇ ਗੋਗੇ ਗਾਉਣ ਲਈ ਰਾਖਵੇਂ ਰੱਖ ਲਿਆ।ਜਿਨ੍ਹਾਂ ਲਈ ਫਾਇਦੇਮੰਦ ਦੱਸ ਕੇ ਕਾਨੂੰਨ ਪਾਸ ਕੀਤਾ ਗਿਆ ਉਹ ਕਹਿ ਰਹੇ ਹਨ ਸਾਨੂੰ ਜ਼ਰੂਰਤ ਨਹੀਂ,ਪਰ ਗੋਗਾ ਵਾਦੀ ਉਸ ਨੂੰ ਉਨ੍ਹਾਂ ਦੇ ਫ਼ਾਇਦੇ ਦਾ ਦੱਸ ਕੇ ਰਾਗ ਗਾਉਂਦੇ ਜਾ ਰਹੇ ਹਨ ਇਹ ਵੀ ਇਸ ਸਾਲ ਦੀ ਇੱਕ ਖ਼ਾਸ ਝਲਕੀ ਹੈ ਜੋ ਹਮੇਸ਼ਾਂ ਯਾਦ ਰਹੇਗੀ।
ਇਸ ਸਾਲ ਦੀ ਅੱਜ ਹੋਈ ਇਕ ਖ਼ਾਸ ਗੱਲ ਆਪਣੇ ਦਰਵਾਜ਼ੇ ਅੱਗੇ ਬੈਠੇ ਕਰੋੜਾਂ ਕਿਸਾਨ ਇਕ ਮਹੀਨੇ ਤੋਂ ਪ੍ਰਧਾਨ ਮੰਤਰੀ ਜੀ ਨੂੰ ਵਿਖਾਈ ਨਹੀਂ ਦਿੱਤੇ।ਭਾੜੇ ਦੇ ਕੁਝ ਕਿਸਾਨਾਂ ਨੂੰ ਲੈ ਕੇ ਉਨ੍ਹਾਂ ਦੇ ਨਾਲ ਦੇਸ਼ ਵਿੱਚ ਕਦੇ ਕਿਤੇ ਕਦੇ ਕਿਤੇ ਜਾ ਕੇ ਆਪਣੇ ਕਾਨੂੰਨ ਨੂੰ ਸਹੀ ਸਿੱਧ ਕਰਨ ਲਈ ਗੋਗੇ ਗਾਉਂਦੇ ਰਹੇ ਤੇ ਆਪਣੀ ਪਾਰਟੀ ਤੋਂ ਬੱਲੇ ਬੱਲੇ ਦਾ ਪ੍ਰਸ਼ਾਦ ਛਕਦੇ ਰਹੇ।ਕਿਸਾਨਾਂ ਨੂੰ ਰੋਕਣ ਲਈ ਜੀ ਟੀ ਰੋਡ ਭੰਨ ਤੋੜ ਸਰਕਾਰ ਵੱਲੋਂ ਕੀਤੀ ਗਈ ਮੋਰਚੇ ਵਿਚ ਅਨੇਕਾਂ ਕਿਸਾਨਾਂ ਦੀ ਜਾਨ ਚਲੀ ਗਈ,ਮੋਦੀ ਜੀ ਨੂੰ ਕੁਝ ਦਿਖਾਈ ਤੇ ਸੁਣਾਈ ਨਹੀਂ ਦਿੱਤਾ।ਪੰਜਾਬ ਵਿੱਚ ਜੀਓ ਕੰਪਨੀ ਦੇ ਟਾਵਰਾਂ ਦਾ ਕੁਝ ਲੋਕਾਂ ਵੱਲੋਂ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ,ਮੋਦੀ ਜੀ ਦੇ ਮਿੱਤਰ ਦੇ ਤੇ ਟਾਵਰ ਹਨ ਤਾਂ ਇਨ੍ਹਾਂ ਨੂੰ ਬਹੁਤ ਦੁੱਖ ਲੱਗਿਆ ਅੱਜ ਗੋਦੀ ਤੇ ਪ੍ਰਸਾਰ ਭਾਰਤੀ ਚੈਨਲਾਂ ਤੋਂ ਵਾਰ ਵਾਰ ਖ਼ਾਸ ਗੋਗਾ ਗਾ ਰਹੇ ਹਨ ਕਿ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਕੀ ਸੱਚ ਕੀ ਝੂਠ?
ਸਾਲ ਮੁੱਕਣ ਨੂੰ ਨੇੜੇ ਹੈ ਤੇ ਮੇਰੀ ਗੱਲ ਮੁੱਕਦੀ ਹੋਈ ਪਾਠਕਾਂ ਨੂੰ ਇਹ ਸੁਨੇਹਾ ਦੇ ਰਹੀ ਹੈ।ਕਿਸਾਨ ਤੇ ਮਜ਼ਦੂਰ ਅੱਜ ਜਾਂ ਕੱਲ੍ਹ ਵਿੱਚ ਇਹ ਮੋਰਚਾ ਫਤਿਹ ਕਰ ਲੈਣਗੇ, ਇਹ ਫਤਿਹ ਇਸ ਸਾਲ ਵਿਚ ਲਿਖੀ ਇਕ ਜਿੱਤ ਦੀ ਇਬਾਦਤ ਹੋਵੇਗੀ, ਜਿਸ ਤੋਂ ਪੂਰੀ ਦੁਨੀਆ ਬਹੁਤ ਕੁਝ ਸਿੱਖੇਗੀ।ਭਾਰਤਵਰਸ਼ ਜੋ ਵੀ ਨਵੇਂ ਕਾਨੂੰਨ ਬਣਨਗੇ ਉਹ ਤਾਂ ਲੋਕਾਂ ਨੂੰ ਪੁੱਛ ਕੇ ਬਣਨਗੇ ਹੀ,ਹੁਣ ਜੋ ਵੀ ਸਰਕਾਰਾਂ ਬਣਨਗੀਆਂ ਉਸ ਵਿੱਚ ਨੇਤਾ ਨਹੀਂ ਇਨਸਾਨ ਹੋਣਗੇ।ਕਿਸਾਨਾਂ ਤੇ ਮਜ਼ਦੂਰਾਂ ਨੇ ਜੋ ਮਿਲ ਕੇ ਮੋਰਚਾ ਲਗਾਇਆ ਹੈ ਇਹ ਜਿੱਤ ਆਉਣ ਵਾਲੇ ਨਵੇਂ ਸਾਲ ਵਿੱਚ ਹੋਰ ਬਹੁਤ ਵੱਡੇ ਮੀਲ ਪੱਥਰ ਗੱਡੇਗੀ ਆਉਣ ਵਾਲਾ ਸਾਲ ਲੋਕਰਾਜ ਕੀ ਹੁੰਦਾ ਹੈ ਪੂਰਾ ਨਕਸ਼ਾ ਲੈ ਕੇ ਆਵੇਗਾ।ਇਸ ਸਾਲ ਵਿਚ ਜ਼ਿਆਦਾ ਕੁਝ ਖ਼ਰਾਬ ਹੀ ਹੋਇਆ ਹੈ ਪਰ ਆਖ਼ਰੀ ਜਿੱਤ “ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ” ਜੋ ਦੁਨੀਆਂ ਦਾ ਇੱਕ ਖ਼ਾਸ ਨਾਅਰਾ ਸਥਾਪਤ ਹੋ ਚੁੱਕਿਆ ਹੈ,ਜੋ ਪੂਰੀ ਦੁਨੀਆਂ ਦਾ ਆਧਾਰ ਬਣੇਗਾ- ਆਮੀਨ
ਰਮੇਸ਼ਵਰ ਸਿੰਘ
ਸੰਪਰਕ ਨੰਬਰ-9914880392