ਦੇਸ਼ ਦੀ ਪਹਿਲੀ ਸਵਦੇਸ਼ੀ ਪਰਮਾਣੂ ਪਣਡੁੱਬੀ ਆਈਏਐਨਐਸ ਅਰਿਹੰਤ ਨੇ ਆਪਣੀ ਪਹਿਲੀ ਗਸ਼ਤ ਸਫਲਤਾਪੂਰਨ ਢੰਗ ਨਾਲ ਪੂਰੀ ਕਰ ਕੇ ਰੱਖਿਆ ਖੇਤਰ ਵਿੱਚ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ। ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੀ ਸਫਲਤਾ ਕਰਾਰ ਦਿੱਤਾ ਹੈ। ਮੋਦੀ ਨੇ ਸਟ੍ਰੈਟਜਿਕ ਸਟ੍ਰਾਈਕ ਸਬਮਰੀਨ ਅਰਿਹੰਤ (ਐਸਐਸਬੀਐਨ) ਵਿੱਚ ਪਹਿਲੀ ਗਸ਼ਤ ਲਾ ਕੇ ਪਰਤੇ ਚਾਲਕ ਦਲ ਦੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੁਲਕ ਦੀ ਸੁਰੱਖਿਆ ਲਈ ਬਹੁਤ ਵੱਡਾ ਕਦਮ ਹੈ। ਇਹ ਭਾਰਤ ਅਤੇ ਸ਼ਾਂਤੀ ਦੇ ਦੁਸ਼ਮਣਾਂ ਲਈ ਖੁੱਲ੍ਹੀ ਚਿਤਾਵਨੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਨਵੀਂ ਸਮਰੱਥਾ ਉਨ੍ਹਾਂ ਲੋਕਾਂ ਨੂੰ ਜਵਾਬ ਹੈ ਜੋ ਭਾਰਤ ਨੂੰ ਪਰਮਾਣੂ ਹਮਲੇ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰਦੇ ਹਨ। ਅਰਿਹੰਤ ਦੀ ਸਫਲ਼ਤਾ ਨੇ ਭਾਰਤੀ ਸੁਰੱਖਿਆ ਲੋੜਾਂ ਵਿੱਚ ਵਾਧਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਰਿਹੰਤ ਦੀ ਸਫਲਤਾ ਨਾਲ ਭਾਰਤ ਜ਼ਮੀਨ, ਹਵਾ ਅਤੇ ਸਮੁੰਦਰ ਵਿਚੋਂ ਪਰਮਾਣੂ ਹਥਿਆਰ ਚਲਾਉਣ ਦੇ ਸਮਰੱਥ ਹੋ ਗਿਆ ਹੈ। ਇਹ ਭਾਰਤ ਦੇ ਦੁਸ਼ਮਣਾਂ ਨੂੰ ਕਰਾਰ ਜਵਾਬ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਵਾਰ ਦਾ ਧਨਤੇਰਸ ਖਾਸ ਹੈ ਅਤੇ ਇਹ ਪ੍ਰਾਪਤੀ ਦੀਵਾਲੀ ’ਤੇ ਦੇਸ਼ ਲਈ ਬਹੁਮੱਲਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਭਾਰਤ ਵਿੱਚ ਪਰਮਾਣੂ ਤ੍ਰਿਕੋਣ ਪੂਰਾ ਹੋ ਗਿਆ ਹੈ। ਹੁਣ ਭਾਰਤ ਨੇ ਇਸ ਤਰ੍ਹਾਂ ਦੀ ਪਣਡੁੱਬੀ ਦਾ ਡਿਜ਼ਾਈਨ ਬਣਾਉਣ, ਉਸ ਦੇ ਨਿਰਮਾਣ ਅਤੇ ਸੰਚਾਲਨ ਦੀ ਤਾਕਤ ਹਾਸਲ ਕਰ ਲਈ ਹੈ ਅਤੇ ਇਸ ਦੇ ਨਾਲ ਹੀ ਉਹ ਦੁਨੀਆਂ ਦੇ ਕੁਝ ਚੋਣਵੇਂ ਮੁਲਕਾਂ ਵਿੱਚ ਸ਼ਾਮਲ ਹੋ ਗਿਆ ਹੈ। ਭਾਰਤ ਦਾ ਇਹ ਪਰਮਾਣੂ ਤਿ੍ਕੋਣ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਦਾ ਮਹੱਤਪੂਰਨ ਥੰਮ੍ਹ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਵਿਗਿਆਨੀਆਂ ਨੇ ਪਰਮਾਣੂ ਤਜਰਬਿਆਂ ਦੀ ਪ੍ਰਾਪਤੀ ਨੂੰ ਅਵਿਸ਼ਵਾਸਯੋਗ ਪਰਮਾਣੂ ਤਿ੍ਕੋਣ ਵਿੱਚ ਬਦਲਣ ਦਾ ਬਹੁਤ ਮੁਸ਼ਕਲ ਕੰਮ ਕੀਤਾ ਹੈ। ਇਹ ਉਨ੍ਹਾਂ ਦੀ ਪ੍ਰਤਿਭਾ, ਕੋਸ਼ਿਸ਼ਾਂ ਅਤੇ ਬਹਾਦਰ ਫੌਜੀਆਂ ਦੀ ਹਿੰਮਤ ਅਤੇ ਸਮਰਪਣ ਨਾਲ ਹੀ ਸੰਭਵ ਹੋ ਸਕਿਆ ਹੈ। ਮੋਦੀ ਨੇ ਕਿਹਾ ਕਿ ਇਕ ਜ਼ਿੰਮੇਵਾਰ ਮੁਲਕ ਵਜੋਂ ਭਾਰਤ ਨੇ ਪਰਮਾਣੂ ਕੰਟਰੋਲ ਅਥਾਰਟੀ ਤਹਿਤ ਪ੍ਰਭਾਵਸ਼ਾਲੀ ਸੁਰੱਖਿਆ ਵਿਵਸਥਾ ਅਤੇ ਪੂਰਨ ਤੌਰ ’ਤੇ ਰਾਜਸੀ ਕੰਟਰੋਲ ਤਹਿਤ ਇਕ ਮਜ਼ਬੂਤ ਪ੍ਰਮਾਣੂ ਕਮਾਨ ਅਤੇ ਕੰਟਰੋਲ ਢਾਂਚਾ ਸਥਾਪਿਤ ਕੀਤਾ ਹੈ। ਛੇ ਹਜ਼ਾਰ ਟਨ ਦੀ ਅਰਹਿੰਤ ਨੂੰ ‘ਐਡਵਾਂਸਡ ਟੈਕਨਾਲੋਜੀ ਵੈਸਲ (ਏਟੀਵੀ) ਪ੍ਰਾਜੈਕਟ ਤਹਿਤ ਵਿਸ਼ਾਖਾਪਟਨਮ ਦੇ ਸ਼ਿਪ ਬਿਲਡਿੰਗ ਕੇਂਦਰ ਵਿੱਚ ਬਣਾਇਆ ਗਿਆ ਹੈ। ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 26 ਜੁਲਾਈ 2009 ਨੂੰ ਇਸ ਦਾ ਉਦਘਾਟਨ ਕੀਤਾ ਸੀ ਅਤੇ ਸਮੁੰਦਰ ਵਿੱਚ ਕਈ ਟ੍ਰਾਇਲ ਕਰਨ ਤੋਂ ਬਾਅਦ ਅਗਸਤ 2016 ਵਿੱਚ ਪਣਡੁੱਬੀ ਨੂੰ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ।
INDIA ਅਰਿਹੰਤ ਦੀ ਸਫਲਤਾ ਦੁਸ਼ਮਣਾਂ ਨੂੰ ਖੁੱਲ੍ਹੀ ਚੁਣੌਤੀ: ਮੋਦੀ