ਕੈਲਗਰੀ (ਇਕਬਾਲ ਖ਼ਾਨ): ਅਰਪਨ ਲਿਖਾਰੀ ਸਭਾ ਕੈਲਗਰੀ ਦੀ ਫ਼ਰਵਰੀ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਸਾਹਿਤਕਾਰਾਂ ਅਤੇ ਅਤੇ ਸਾਹਿਤ ਪੇ੍ਰਮੀਆਂ ਦੇ ਇਕੱਠ ਵਿੱਚ ਸਤਪਾਲ ਕੌਰ ਬੱਲ ਦੀ ਪ੍ਰਧਾਨਗੀ ਹੇਠ ਹੋਈ। ਕੇਸਰ ਸਿੰਘ ਨੀਰ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਉਦਿਆਂ, ਆਏ ਹੋਏ ਸਾਹਿਤਕਾਰਾਂ ਅਤੇ ਸਹਿਤ ਪ੍ਰੇਮੀਆਂ ਨੂੰ ਜੀ ਆਇਆ ਆਖਿਆ। ਉਨ੍ਹਾਂ ਨੇ ਸਾਹਿਤਕ ਸ਼ਖ਼ਸੀਅਤਾਂ (ਜਸਵੰਤ ਸਿੰਘ ਕੰਵਲ, ਡਾ. ਦਲੀਪ ਕੌਰ ਟਿਵਾਣਾ, ਸੁਰਜੀਤ ਸਿੰਘ ਹਾਂਸ, ਪਿੰ੍ਰ. ਪੇ੍ਰਮ ਸਿੰਘ ਬਜਾਜ, ਇੰਦਰ ਸਿੰਘ ਖ਼ਾਮੋਸ਼, ਪੋ੍ਰ. ਪਰਮਜੀਤ ਸਿੰਘ ਬਾਸੀ, ਅਤੇ ਸੁਰਜੀਤ ਸਿੰਘ ਢਿੱਲੋਂ) ਦੇ ਸਦੀਵੀ ਵਿਛੋੜੇ ਦੀਆਂ ਖ਼ਬਰਾਂ ਸਾਂਝੀਆਂ ਕੀਤੀਆਂ। ਸਭਾ ਵੱਲੋਂ ਇੱਕ ਮਿੰਟ ਦਾ ਮੋਨਧਾਰ ਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾਂ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਪ੍ਰੋਗਾਮ ਦਾ ਅਗਾਜ ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਕਵਿਤਾ ਸੁਣਾ ਕੇ ਕੀਤਾ ਅਤੇ ਡਾ. ਦਲੀਪ ਕੌਰ ਟਿਵਾਣਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਕਾਹਾਣੀਕਾਰਾ ਸਤਪਾਲ ਕੌਰ ਬੱਲ ਨੇ ਡਾ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਬਹਾਦਰ ਡਾਲਵੀ ਨੇ ਜਸਵੰਤ ਸਿੰਘ ਕੰਵਲ ਨਾਲ ਆਪਣੀਆਂ ਯਾਦਾਂ ਦੇ ਪੱਤਰੇ ਫੋਲਦਿਆਂ, ਇੱਕ ਕਵਿਤਾ ਸਾਣਾਈ। ਸੰਗੀਤ ਦੇ ਮਾਹਿਰ ਡਾ. ਜੋਗਾ ਸਿੰਘ ਸਹੋਤਾ ਨੇ ਨੌਰਥ ਅਮਰੀਕਾ ਵਿੱਚ ਵੱਧ ਰਹੀ ਡਮਿੰਸ਼ੀਆ ਦੀ ਬਿਮਾਰੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਇਸ ਦੇ ਕਾਰਨਾਂ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਅਤੇ ਨਾਲ ਹੀ ਉਨ੍ਹਾਂ ਕੇਸਰ ਸਿੰਘ ਨੀਰ ਦੀ ਇੱਕ ਗ਼ਜ਼ਲ ਹਰਮੋਨੀਅਮ ਨਾਲ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਕਹਾਣੀਕਾਰਾ ਗੁਰਚਰਨ ਕੌਰ ਥਿੰਦ ਨੇ ਆਪਣੀ ਚੋਣਵੀਆਂ ਕਹਾਣੀ ਦਾ ਹਿੰਦੀ ਵਿੱਚ ਹੋਏ ਅਨੁਵਾਦ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਪੁਸਤਕ ਵਿਚਲੀ ਕਹਾਣੀ ‘ਚੁੱਲ੍ਹਾ ਮਘਦਾ ਰਿਹਾ’ ਪੜ੍ਹ ਕੇ ਸੁਣਾਈ। ਡਾ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਦੀ ਲਿਖਤਾਂ ਬਾਰੇ ਗੱਲਬਾਤ ਕੀਤੀ। ਸਰਬਜੀਤ ਉੱਪਲ ਨੇ ਆਪਣੀ ਇੱਕ ਕਵਿਤਾ ਪੇਸ਼ ਕੀਤੀ।
ਜਗਦੇਵ ਸਿੰਘ ਸਿੱਧੂ ਨੇ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕਰਦਿਆਂ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਆਖਿਆ ਕਿ ਉਨ੍ਹਾਂ ਕਲਮ ਦੇ ਧਨੀਆਂ ਨੇ ਪੰਜਾਬੀ ਸਾਹਿਤ ਨੂੰ ਅਮੀਰ ਕਰਨ ਲਈ ਸਾਰੀ ਸਾਰੀ ਜ਼ਿੰਦਗੀ ਲਾ ਦਿੱਤੀ। ਅੰਗਰੇਜ਼ੀ ਸਾਹਿਤ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਚਾਹੀਦਾ ਹੈ ਕਿ ਉਸ ਸਾਹਿਤ ਦੀ ਕਦਰ ਕਰਦੇ ਹੋਏ ਇਸ ਦੀ ਸੰਭਾਲ ਕਰੀਏ। ਕੁਝ ਸਮੇਂ ਦੀ ਗੈਰਹਾਜ਼ਰੀ ਪਿੱਛੋਂ ਹਾਸਿਆਂ ਦੇ ਫ਼ੁਹਾਰੇ ਲੈ ਕੇ ਹਾਜ਼ਰ ਹੋਏ, ਤਰਲੋਕ ਸਿੰਘ ਚੁੱਘ ਦੀ ਹਾਜ਼ਰੀ ਨੇ ਮੀਟਿੰਗ ਨੂੰ ਖੁਸ਼ਗਵਾਰ ਬਣਾ ਦਿੱਤਾ। ਪੈਰੀ ਮਾਹਲ ਨੇ ਪੰਜਾਬ ਫੇਰੀ ਦੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਨੇ ਪੰਜਾਬ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਹਾਲਾਤ ਬਾਰੇ ਬਹੁਤ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ। ਜਸਵੀਰ ਸਿੰਘ ਸਿਹੋਤਾ ਨੇ ਆਪਣੇ ਕੁਝ ਸ਼ੇਅਰਾਂ ਨਾਲ ਹਾਜ਼ਰੀ ਲਗਵਾਈ। ਕੇਸਰ ਸਿੰਘ ਨੀਰ ਨੇ ਆਪਣੀ ਇੱਕ ਗ਼ਜ਼ਲ ਦੀ ਵਿਲਖਣ ਪੇਸ਼ਕਾਰੀ ਕਰਕੇ ਸਰੋਤਿਆਂ ਨੂੰ ਨਿਹਾਲ ਕੀਤਾ।
ਸਤਨਾਮ ਢਾਅ ਨੇ ਵਿੱਛੜੀਆਂ ਸਾਹਿਤਕ ਸ਼ਖ਼ਸੀਅਤਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਆਖਿਆ ਕਿ ਭਾਵੇਂ ਉਨ੍ਹਾ ਦੇ ਜਾਣ ਨਾਲ ਨਾ ਪੂਰਿਆ ਜਾਣ ਵਾਲ ਘਾਟਾ ਪਿਆ ਹੈ ਪਰ ਉਹ ਆਪਣੀ ਸਿਰਜਣਾ ਦੇ ਸਦਕੇ ਹਮੇਸ਼ਾ ਜਿਉਦੇ ਰਹਿਣਗੇ। ਸੁਰੀਲੀ ਅਤੇ ਬੁਲੰਦ ਆਵਾਜ਼ ਦੇ ਮਾਲਕ ਸੁਖਵਿੰਦਰ ਤੂਰ ਨੇ ਪਾਲ ਢਿੱਲੋਂ ਦੀ ਗ਼ਜ਼ਲ ਤਰੰਨਮ ਵਿੱਚ ਸੁਣਾ ਕੇ ਸਰੋਤਿਆਂ ਦੇ ਮਨ ਮੋਹ ਲਏ। ਇਨ੍ਹਾਂ ਤੋਂ ਇਲਾਵਾ ਇਕਬਾਲ ਖ਼ਾਨ, ਗੁਰਦੇਵ ਸਿੰਘ ਬੱਲ, ਪ੍ਰਿਤਪਾਲ ਮੱਲੀ, ਸੁਖਦੇਵ ਕੌਰ ਢਾਅ ਅਤੇ ਪਰਦੀਪ ਸਿੰਘ ਕੰਗ ਨੇ ਇਸ ਸਾਹਿਤਕ ਵਿਚਾਰ ਚਰਚਾ ਵਿੱਚ ਹਿੱਸਾ ਲਿਆ।
ਅਖ਼ੀਰ ਤੇ ਸਤਪਾਲ ਕੌਰ ਬੱਲ ਨੇ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਅਗਲੀ ਸਾਹਿਤਕ ਵਿਚਾਰ ਚਰਚਾ 14 ਮਾਰਚ ਨੂੰ ਕੋਸੋ ਹਾਲ ਵਿੱਚ ਹੋਵੇਗੀ।
ਹੋਰ ਜਾਣਕਾਰੀ ਲਈ 403-681-3132 ‘ਤੇ ਜਸਵੰਤ ਸਿੰਘ ਸੇਖੋਂ ਨੂੰ ਸੰਪਰਕ ਕੀਤ ਜਾ ਸਕਦਾ ਹੈ।