ਕੈਲਗਰੀ (ਇਕਬਾਲ ਖ਼ਾਨ): ਅਰਪਨ ਲਿਖਾਰੀ ਸਭਾ ਕੈਲਗਰੀ ਦੀ ਦੰਸਬਰ ਮਹੀਨੇ ਦੀ ਇਕੱਤਰਤਾ ਸਤਪਾਲ ਕੌਰ ਬੱਲ ਅਤੇ ਡਾ. ਰਾਜਵਤ ਕੌਰ ਮਾਨ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕੇਸਰ ਸਿੰਘ ਨੀਰ ਹੋਰਾਂ ਨਿਭਾਈ। ਆਏ ਹੋਏ ਸਾਹਿਤਕਾਰ ਅਤੇ ਸਾਹਿਤ ਪੇ੍ਰਮੀਆਂ ਨੂੰ ਜੀ ਆਇਆਂ ਆਖਿਆ ਅਤੇ ਨਾਲ ਹੀ ਸੰਗਾਰਾ ਸਿੰਘ ਭੁੱਲਰ ਅਤੇ ਪ੍ਰਸਿੱਧ ਫ਼ਿਲਮੀ ਲੇਖਕ ਰਾਜਿੰਦਰ ਸਿੰਘ ਆਤਿਸ਼ ਦੇ ਵਿੱਛੜ ਜਾਣ ਦੀ ਖ਼ਬਰ ਸਾਂਝੀ ਕੀਤੀ। ਉਪਰੰਤ ਵਿਛੜੀਆਂ ਰੂਹਾਂ ਨੂੰ ਇੱਕ ਮਿੰਟ ਦਾ ਮੋਨਧਾਰ ਕੇ ਸ਼ਰਧਾਜਲੀ ਭੇਟ ਕੀਤੀ। ਇਨ੍ਹਾਂ ਵਿਛੜੀਆਂ ਸ਼ਖ਼ਸੀਅਤਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਇਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ ਗਈ।
ਪ੍ਰੋਗਰਾਮ ਦਾ ਅਗਾਜ਼ ਰਵੀ ਪ੍ਰਕਾਸ਼ ਜਨਾਗਲ ਦੀ ਹਮਦਾਰ ਆਵਾਜ਼ ਵਿੱਚ ਸੰਤ ਰਾਮ ਉਦਾਸੀ ਦੇ ਗੀਤ ਨਾਲ ਕੀਤਾ। ਜਗਜੀਤ ਸਿੰਘ ਰਹਿਸੀ ਨੇ ਹਮੇਸ਼ਾ ਦੀ ਤਰ੍ਹਾਂ ਉਰਦੂ ਦੇ ਬਹੁਤ ਹੀ ਮਕਬੂਲ ਸ਼ੇਅਰ ਸੁਣਾ ਕੇ ਵਾਹ ਵਾਹ ਖੱਟੀ। ਸੁਰਿੰਦਰ ਢਿੱਲੋਂ ਨੇ ਮਿਰਜ਼ਾ ਗਾਲਿਬ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਗਾਲਿਬ ਦੀ ਇੱਕ ਗ਼ਜ਼ਲ ਸੁਣਾਈ। ਨਰਿੰਦਰ ਢਿਲੋਂ ਨੇ ਸਾਹਿਤ ਬਾਰੇ ਆਪਣੇ ਕੀਮਤੀ ਵਿਚਾਰ ਰੱਖਦਿਆਂ ਸਾਹਿਤਕਾਰਾਂ ਨੂੰ ਸਮੇਂ ਦੇ ਹਾਣ ਦੀਆਂ ਲਿਖਤਾਂ ਲਿਖਣ ਲਈ ਪ੍ਰੇਰਿਆ। ਜਰਨੈਲ ਸਿੰਘ ਤੱਗੜ ਨੇ ਇੰਟਰਨੈਸ਼ਲ ਵਿਦਿਆਰਥੀਆਂ ਦੀਆਂ ਸਮੱਸਿਆਂਵਾਂ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਪੜ੍ਹਨ ਆੁੳਣ ਤੋਂ ਪਹਿਲਾਂ ਉਸ ਕਾਲਜ ਬਾਰੇ ਸਾਰੀ ਜਾਣਕਾਰੀ, ਅੰਬੈਸੀ ਤੋਂ ਲੈ ਲੈਣੀ ਚਾਹੀਦੀ ਹੈ ਤਾਂ ਕਿ ਸਮੇਂ ਅਤੇ ਪੈਸੇ ਦੀ ਬਰਬਾਦੀ ਤੋਂ ਬਚ ਸਕਣ। ਹਰਮਿੰਦਰ ਕੌਰ ਚੁੱਘ ਨੇ ਛੋਟੇ ਸਾਹਿਬਜ਼ਾਦਿਆਂ ਇੱਕ ਕਵਿਤਾ ਪੇਸ਼ ਕਰਕੇ ਸਰੋਤਿਆਂ ਨੂੰ ਭਾਵਿਕ ਕਰ ਦਿੱਤਾ।
ਬਹਾਦਰ ਡਾਲਵੀ ਨੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਦਿਆਂ ਗੁਰੂ ਤੇਗ ਬਹਾਦਰ ਹੀ ਦੀ ਸ਼ਹੀਦੀ ਅਤੇ ਗੁਰੂ ਜੀ ਦੇ ਸਾਹਿਬਜ਼ਾਦਿਆਂ ਬਾਰੇ ਕਵਿਤਾ ਸੁਣਾ ਕੇ ਉਸ ਸਮੇਂ ਦੇ ਹਾਕਮਾਂ ਦੇ ਜ਼ਬਰ ਜ਼ੁਲਮ ਦੀ ਤਸਵੀਰ ਪੇਸ਼ ਕਰ ਦਿੱਤੀ। ਪ੍ਰਭਦੇਵ ਸਿੰਘ ਗਿੱਲ ਨੇ ਗਾਲਿਬ ਦੇ ਸ਼ੇਅਰ ਸੁਣਾ ਕੇ ‘ਓੜਕ ਸੱਚ ਰਹੀ’ ਨਾ ਦੀ ਮਿੰਨੀ ਕਹਾਣੀ ਸਾਂਝੀ ਕੀਤੀ। ਸਰਬਜੀਤ ੳੁੱਪਲ ਨੇ ਇੱਕ ਗੀਤ ਸਾਂਝਾ ਕੀਤਾ। ਸਤਪਾਲ ਕੌਰ ਬੱਲ ਨੇ ‘ਇਸਾਨੀਅਤ ਬਨਾਮ ਰਿਸ਼ਤੇ’ ਨਾਂ ਦੀ ਕਹਾਣੀ ਸੁਣਾਈ, ਜੋ ਸਮੇਂ ਦਾ ਸੱਚ ਬਿਆਨ ਕਰ ਗਈ। ਰੁਪਿੰਦਰ ਦਿਉਲ ਨੇ ਵੀ ਆਪਣੀ ਇੱਕ ਗ਼ਜ਼ਲ ਦੀ ਵਧੀਆ ਪੇਸ਼ਕਾਰੀ ਕੀਤੀ। ਜਗਦੇਵ ਸਿੰਘ ਸਿੱਧੂ ਨੇ ਕਹਾਣੀ ਬਾਰੇ ਚਰਚਾ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਵਿੱਚ ਕਿਤਾਬਾਂ ਨਾ ਪੜ੍ਹਨ ਦੀ ਰੁਚੀ ਤੇ ਚਿੰਤਾ ਪ੍ਰਗਟ ਕੀਤੀ। ਪਬਲਿਕ ਲਾਇਬਰੇਰੀਆਂ ਦੀਆਂ ਸ਼ਿਲਪਾਂ ਤੇ ਪੰਜਾਬੀ ਕਿਤਾਬਾਂ ਦੀ ਘਾਟ ਬਾਰੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਆਏ ਹੋਏ ਸਾਹਿਤ ਪ੍ਰੇਮੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਅਤੇ ਲਾਇਬਰੇਰੀਆਂ ਵਿੱਚ ਜਾ ਕੇ ਆਪਣੀ ਦਿਲਚਸੀ ਦੀਆਂ ਕਿਤਾਬਾਂ ਦੀ ਮੰਗ ਕਰਨ ਲਈ ਅਪੀਲ ਵੀ ਕੀਤੀ।
ਇਕਬਾਲ ਖ਼ਾਨ ਨੇ ‘ਮਹਾਤਮਾਂ ਬੁੱਧ’ ਨਾਂ ਦੀ ਕਵਿਤਾ ਗੋਤਮ ਬੁੱਧ ਦੀ ਪਤਨੀ ਦੇ ਦਿਲ ਦਾ ਦਰਦ ਬਿਆਨ ਕਰਦੀ ਕਵਿਤਾ ਸੁਣਾ ਕੇ ਯਥਾਰਥ ਪੇਸ਼ ਕਰ ਕਰ ਦਿੱਤਾ। ਸੁਖਵਿੰਦਰ ਤੂਰ ਨੇ ਆਪਣੀ ਬੁਲੰਦ ਆਵਾਜ਼ ਵਿੱਚ ਸੁਖਵਿੰਦਰ ਅੰਮ੍ਰਿਤ ਦਾ ਗੀਤ ਪੇਸ਼ ਕਰਕੇ ਸ਼ਰਸਾਰ ਕਰ ਦਿੱਤਾ। ਡਾ. ਰਜਵੰਤ ਕੌਰ ਮਾਨ ਨੇ ‘ਅਮਨ ਲਹਿਰ’ ਵੇਲੇ ਦੀਆਂ ਯਾਦਾਂ ਨੂੰ ਤਾਜਾ ਕਰਦਿਆਂ ਇੱਕ ਕਵਿਤਾ ਸੁਣਾਈ ਅਤੇ ਆਪਣੀਆਂ ਲਿਖਤਾਂ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਪੰਜਾਬ ਤੋਂ ਕੈਨੇਡਾ ਫੇਰੀ ‘ਤੇ ਆਈ ਬੀਬੀ ਚਰਨਜੀਤ ਕੌਰ ਬਾਜਵਾ ਨੇ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਰਧਾਜ਼ਲੀ ਭੇਟ ਕਰਦਿਆਂ ਨੰਦਲਾਲ ਨੂਰਪੁਰੀ ਦਾ ਲਿਖਿਆ ਅਤੇ ਨਰਿੰਦਰ ਬੀਬਾ ਦਾ ਗਾਇਆ ਗੀਤ ‘ਨੀ ਮੈਂ ਚੁੰਮ ਚੁੰਮ ਰੱਖਾਂ ਕਲਗੀ ਝੁਜਾਰ ਦੀ’ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਸ਼ਾਇਰ ਕੇਸਰ ਸਿੰਘ ਨੀਰ ਨੇ ਆਪਣੀ ਇੱਕ ਬਹੁਤ ਹੀ ਮਕਬੂਲ ਗ਼ਜ਼ਲ ਦੇ ਕੁਝ ਸ਼ੇਅਰ ਸੁਣਾਏ ਅਤੇ ਪ੍ਰੋ ਨੰਰਜਣ ਸਿੰਘ ਮਾਨ ਅਤੇ ਡਾ. ਰਜਵੰਤ ਕੌਰ ਹੋਰਾਂ ਨਾਲ ਪੁਰਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਸਤਨਾਮ ਸਿੰਘ ਢਾਅ ਨੇ ਸਾਹਿਬਜ਼ਾਦਿਆਂ ਨੂੰ ਸ਼ਰਧਾਜਲੀ ਭੇਟ ਕਰਦਿਆਂ, ਅੱਜ ਦੀ ਚਰਚਾ ਬਾਰੇ ਵਿਚਾਰ ਰੱਖੇ।ਉਨ੍ਹਾਂ ਸਮੇਂ ਦਾ ਸੱਚ ਲਿਖਣ ਬਾਰੇ ਗੱਲ ਕਰਦਿਆਂ ਆਖਿਆ ਕਿ ਅੱਜ ਸਾਡੇ ਦੇਸ਼ ਵਿੱਚ ਦਿਨ ਬ-ਦਿਨ ਸਮੇਂ ਦਾ ਸੱਚ ਲਿਖਣ ਬੋਲਣ ਤੇ ਪਾਬੰਦੀਆਂ ਲੱਗ ਰਹੀਆਂ ਹਨ, ਇਸ ਤੇ ਚਿੰਤਾ ਪ੍ਰਗਟ ਕੀਤੀ। ਪੰਜਾਬੀਆਂ ਦੀ ਕਿਤਾਬਾਂ ਨਾ ਪੜ੍ਹਨ ਦੀ ਰੁਚੀ ਦਾ ਸੱਚ ਵੀ ਸਾਂਝਾ ਕੀਤਾ।ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਅਵਤਾਰ ਕੌਰ ਤੱਗੜ, ਸੁਖਦੇਵ ਕੌਰ ਢਾਅ, ਗੁਰਦੇਵ ਸਿੰਘ ਬੱਲ, ਸੁਖਦਰਸ਼ਨ ਸਿੰਘ ਜੱਸਲ ਅਤੇ ਗੁਰਦੀਪ ਸਿੰਘ ਚੀਮਾਂ ਅਤੇ ਪ੍ਰਿੰਸੀਪਲ ਚਰਨ ਸਿੰਘ ਨੇ ਵੀ ਇਸ ਸਾਹਿਤਕ ਚਰਚਾ ਵਿੱਚ ਭਰਪੂਰ ਹਿੱਸਾ ਲਿਆ।
ਅਖ਼ੀਰ ਤੇ ਸਤਪਾਲ ਕੌਰ ਬੱਲ ਨੇ ਆਏ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਅੱਜ ਦਾ ਪ੍ਰੋਗਰਾਮ ਬਹੁਤ ਹੀ ਸਫ਼ਲ ਰਿਹਾ। ਇੰਨੇ ਠੰਡੇ ਮੋਸਮ ਵਿੱਚ ਇੰਨੀ ਵੱਡੀ ਹਾਜ਼ਰੀ ਵਿੱਚ ਆਉਣਾ ਦੱਸਦਾ ਕਿ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ਹੋ। ਉਨ੍ਹਾਂ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਨਾਲ ਜਨਵਰੀ ਮਹੀਨੇ ਦੀ ਮੀਟਿੰਗ ਵਿੱਚ ਫੇਰ ਇਸੇ ਤਰ੍ਹਾਂ ਮਿਲ ਬੈਠਣ ਦੀ ਕਾਮਨਾਂ ਕਰਦਿਆਂ ਸਮਾਪਤੀ ਕੀਤੀ।