ਅਰਨਬ ਪਰਿਵਾਰ ਦੀ ਪੇਸ਼ਗੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 23 ਤੱਕ ਅੱਗੇ ਪਈ

ਮੁੰਬਈ (ਸਮਾਜ ਵੀਕਲੀ) :ਸੈਸ਼ਨ ਕੋਰਟ ਨੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਤੇ ਉਸ ਦੀ ਪਤਨੀ ਵੱਲੋਂ ਮਹਿਲਾ ਪੁਲੀਸ ਮੁਲਾਜ਼ਮ ’ਤੇ ਕਥਿਤ ਹਮਲਾ ਕਰਨ ਨਾਲ ਸਬੰਧਤ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਦਾਇਰ ਪੇਸ਼ਗੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 23 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਗੋਸਵਾਮੀ ਦੇ ਵਕੀਲ ਸ਼ਿਆਮ ਕਲਿਆਣਕਾਰ ਨੇ ਕਿਹਾ ਕਿ ਜੱਜ ਦੇ ਨਾਂ ਬੈਠਣ ਕਰਕੇ ਸੁਣਵਾਈ ਅੱਗੇ ਪੈ ਗਈ।

ਕਲਿਆਣਕਾਰ ਨੇ ਕਿਹਾ, ‘ਅਸੀਂ ਅੱਜ ਗ੍ਰਿਫ਼ਤਾਰੀ ਤੋਂ ਅੰਤਿਮ ਸੁਰੱਖਿਆ ਇਸ ਲਈ ਨਹੀਂ ਮੰਗੀ ਕਿਉਂਕਿ ਸਾਨੂੰ ਸੁਪਰੀਮ ਕੋਰਟ ਵੱਲੋਂ ਪਿਛਲੇ ਦਿਨੀਂ ਸੁਣਾਏ ਤਫ਼ਸੀਲੀ ਫੈਸਲੇ (ਜਿਸ ਵਿੱਚ ਗੋਸਵਾਮੀ ਨੂੰ ਇਕ ਹੋਰ ਕੇਸ ਵਿੱਚ ਜ਼ਮਾਨਤ ਦਿੱਤੀ ਗਈ ਸੀ) ਦੀ ਉਡੀਕ ਹੈ।’ ਅਰਨਬ ਨੂੰ ਗ਼੍ਰਿਫ਼ਤਾਰ ਕਰਨ ਲਈ ਊਸ ਦੇ ਘਰ ਗਈ ਪੁਲੀਸ ਟੀਮ ਵਿੱਚ ਸ਼ਾਮਲ ਮਹਿਲਾ ਪੁਲੀਸ ਮੁਲਾਜ਼ਮ ’ਤੇ ਕਥਿਤ ਹਮਲੇ ਦੇ ਦੋਸ਼ ਵਿੱਚ ਕੇੇਂਦਰੀ ਮੁੰਬਈ ਦੇ ਐੱਨ.ਐੱਮ.ਜੋਸ਼ੀ ਮਾਰਗ ਪੁਲੀਸ ਸਟਸ਼ੇਨ ਵਿੱਚ ਗੋਸਵਾਮੀ, ਉਸ ਦੀ ਪਤਨੀ ਸਾਮਿਯਾਬ੍ਰਤਾ ਰੇਅ ਗੋਸਵਾਮੀ ਤੇ ਉਸ ਦੇ ਪੁੱਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

Previous articleਕਰੋਨਾ ਕੇਸਾਂ ਦੀ ਗਿਣਤੀ 87 ਲੱਖ ਨੇੜੇ ਪੁੱਜੀ
Next articleਜੀਤਨ ਮਾਂਝੀ ‘ਐੈੱਚਏਐੱਮ’ ਵਿਧਾਇਕ ਦਲ ਦੇ ਆਗੂ ਚੁਣੇ