ਨਵੀਂ ਦਿੱਲੀ (ਸਮਾਜਵੀਕਲੀ) – ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅੱਜ ਕਿਹਾ ਕਿ ਲੌਕਡਾਊਨ ਤਹਿਤ ਆਇਦ ਪਾਬੰਦੀਆਂ ਨੂੰ ਖ਼ਤਮ ਕਰਨ ਮੌਕੇ ਭਾਰਤ ਨੂੰ ‘ਚਤੁਰਾਈ’ ਨਾਲ ਕੰਮ ਲੈਣਾ ਚਾਹੀਦਾ ਹੈ। ਰਾਜਨ ਨੇ ਕਿਹਾ ਕਿ ਜੇਕਰ ਨੌਕਰੀਆਂ ਬਚਾਉਣੀਆਂ ਹਨ ਤਾਂ ਅਰਥਚਾਰੇ ਨੂੰ ਜਲਦੀ ਹੀ ‘ਸੰਤੁਲਿਤ ਢੰਗ’ ਨਾਲ ਖੋਲ੍ਹ ਦੇਣਾ ਚਾਹੀਦਾ ਹੈ।
ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਕਰੋਨਾਵਾਇਰਸ ਦੇ ਸੰਕਟ ਦਰਮਿਆਨ ਗਰੀਬ ਤਬਕੇ ਦੀ ਮਦਦ ਲਈ 65000 ਕਰੋੜ ਰੁਪਏ ਖਰਚੇ ਹੋਣਗੇ। ਰਾਜਨ ਕਾਂਗਰਸ ਦੇ ਸੋਸ਼ਲ ਮੀਡੀਆ ਹੈਂਡਲਜ਼ ’ਤੇ ਪ੍ਰਸਾਰਿਤ ਆਪਣੇ ਤਰ੍ਹਾਂ ਦੇ ਪਹਿਲੇ ਸੰਵਾਦ ਦੌਰਾਨ ਬੋਲ ਰਹੇ ਸਨ। ਇਸ ਸੰਵਾਦ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਵੀ ਮੌਜੂਦ ਸਨ। ਰਾਜਨ, ਜੋ ਕਿ ਇਸ ਵੇਲੇ ਅਮਰੀਕਾ ਵਿੱਚ ਹਨ, ਨੇ ਕੋਵਿਡ-19 ਦੇ ਅਰਥਚਾਰੇ ’ਤੇ ਪੈਣ ਵਾਲੇ ਅਸਰ ਬਾਰੇ ਸਲਾਹ ਮਸ਼ਵਰਾ ਕੀਤਾ। ਵੀਡੀਓ ਕਾਨਫਰੰਸ ਦੌਰਾਨ ਹੋਇਆ ਇਹ ਸੰਵਾਦ ਲਗਪਗ 30 ਮਿੰਟ ਤਕ ਚਲਿਆ।
ਰਾਜਨ ਨੇ ਕਿਹਾ, ‘ਸਾਨੂੰ ਪਾਬੰਦੀਆਂ ਹਟਾਉਣ ਮੌਕੇ ਚਤੁਰਾਈ ਨਾਲ ਕੰਮ ਲੈਣਾ ਹੋਵੇਗਾ….ਸਾਨੂੰ ਲੋੜ ਹੈ ਕਿ ਅਸੀਂ ਸੰਤੁਲਿਤ ਢੰਗ ਨਾਲ ਅਰਥਚਾਰੇ ਨੂੰ ਖੋਲ੍ਹੀਏ, ਪਰ ਸਾਨੂੰ ਇਹ ਕੰਮ ਜਿੰਨਾ ਛੇਤੀ ਹੋ ਸਕੇ, ਕਰਨਾ ਹੋਵੇਗਾ ਤਾਂ ਕਿ ਲੋਕਾਂ ਨੂੰ ਮੁੜ ਆਪਣੀਆਂ ਨੌਕਰੀਆਂ ਮਿਲਣ। ਅਸੀਂ ਅਜੇ ਇੰਨੇ ਸਮਰੱਥ ਨਹੀਂ ਹੋਏ ਕਿ (ਲੌਕਡਾਊਨ ਦੌਰਾਨ) ਲੰਮਾ ਸਮਾਂ ਲੋਕਾਂ ਦੀ (ਵਿੱਤੀ) ਮਦਦ ਕਰ ਸਕੀਏ। ਮੁਕਾਬਲਤਨ ਗਰੀਬ ਮੁਲਕ ਹੋਣ ਕਰਕੇ ਲੋਕਾਂ ਕੋਲ ਪੈਸਾ ਟਕਾ ਮੁੱਕ ਗਿਆ ਹੈ, ਜਿਸ ਕਰਕੇ ਉਹ ਬਾਹਰ ਆਉਣ ਲਈ ਮਜਬੂਰ ਹਨ।’ ਸਾਬਕਾ ਗਵਰਨਰ ਨੇ ਕਿਹਾ, ‘ਹਮੇਸ਼ਾ ਲਈ ਲੌਕਡਾਊਨ ਰੱਖਣਾ ਕੋਈ ਔਖਾ ਕਾਰਜ ਨਹੀਂ, ਪਰ ਪ੍ਰਤੱਖ ਤੌਰ ’ਤੇ ਇਹ ਅਰਥਚਾਰੇ ਲਈ ਨੁਕਸਾਨਦਾਇਕ ਹੈ।’
ਰਾਹੁਲ ਵੱਲੋਂ ਪੁੱਛੇ ਸਵਾਲ ਕਿ ਗਰੀਬਾਂ ਦੀ ਮਦਦ ਲਈ ਸਬਸਿਡੀਆਂ, ਖੁਰਾਕ ਤੇ ਨਗ਼ਦੀ ਦੇ ਰੂਪ ਵਿੱਚ ਕਿੰਨਾ ਪੈਸਾ ਲੋੜੀਂਦਾ ਹੈ ਤਾਂ ਆਰਬੀਆਈ ਦੇ ਸਾਬਕਾ ਗਵਰਨਰ ਨੇ ਕਿਹਾ ਕਿ ਮਹਾਮਾਰੀ ਦੇ ਸੰਕਟ ਦਰਮਿਆਨ ਭਾਰਤ ਨੂੰ ਗਰੀਬ ਗੁਰਬੇ ਦੀ ਬਾਂਹ ਫੜਨ ਲਈ 65000 ਕਰੋੜ ਰੁਪਏ ਲੋੜੀਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੁੱਲ ਜੀਡੀਪੀ ਨੂੰ ਵੇਖੀਏ ਤਾਂ ਭਾਰਤ ਇਸ ਰਕਮ ਨੂੰ ਝੱਲਣ ਦੇ ਸਮਰੱਥ ਹੈ। ਅਰਥਸ਼ਾਸਤਰੀ ਨੇ ਕਿਹਾ, ‘ਸਾਡੀ ਜੀਡੀਪੀ 200 ਲੱਖ ਕਰੋੜ ਹੈ ਤੇ ਇਸ ਵਿੱਚੋਂ 65000 ਕਰੋੜ ਕੋਈ ਵੱਡੀ ਰਕਮ ਨਹੀਂ ਹੈ। ਲਿਹਾਜ਼ਾ ਅਸੀਂ ਇਹ ਕਰ ਸਕਦੇ ਹਾਂ।’
ਰਾਜਨ ਨੇ ਕਿਹਾ ਕਿ ਭਾਰਤ ਆਪਣੀ ਸਨਅਤ ਤੇ ਸਪਲਾਈ ਚੇਨ ਨੂੰ ਥਾਂ ਸਿਰ ਕਰਨ ਲਈ ਮੌਕਾ ਲੱਭ ਲਏਗਾ। ਉਧਰ ਰਾਹੁਲ ਗਾਂਧੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਨਾ ਸਿਰਫ਼ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ, ਬਲਕਿ ਮੌਕੇ ਵੀ ਪ੍ਰਦਾਨ ਕਰਦਾ ਹੈ, ਪਰ ਜੇਕਰ ਵੰਡੀਆਂ ਤੇ ਨਫ਼ਰਤ ਹੋਵੇਗੀ ਤਾਂ ਇਹ ਲੋਕਾਂ ਨੂੰ ਇਕ ਦੂਜੇ ਤੋਂ ਨਿਖੇੜੇਗੀ।