ਚੰਡੀਗੜ੍ਹ (ਸਮਾਜਵੀਕਲੀ) – ਉੱਘੇ ਅਰਥਸ਼ਾਸਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੋਵਿਡ-19 ਦੇ ਮਾਰੂ ਅਸਰਾਂ ਤੋਂ ਪੰਜਾਬ ਦੇ ਅਰਥਚਾਰੇ ਨੂੰ ਮੁੜ ਉਭਾਰਨ ਲਈ ਅਗਵਾਈ ਦੇਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਪ੍ਰਵਾਨ ਕਰ ਲਈ ਹੈ।
ਇਸੇ ਦੌਰਾਨ ਮੁੱਖ ਮੰਤਰੀ ਨੇ ਯੋਜਨਾ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਕਾਇਮ ਮਾਹਿਰਾਂ ਦੇ ਗਰੁੱਪ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਜਾਣ-ਪਛਾਣ ਕੀਤੀ। ਮੁੱਖ ਮੰਤਰੀ ਨੇ ਮੈਂਬਰਾਂ ਦਾ ਸਹਾਇਤਾ ਲਈ ਧੰਨਵਾਦ ਕੀਤਾ। ਵਿਸ਼ਵ ਵਿਆਪੀ ਸੰਕਟ ਦੇ ਮੱਦੇਨਜ਼ਰ ਕੈਪਟਨ ਨੇ ਕਿਹਾ ਕਿ ਉਹ ਸੂਬੇ ਲਈ ਸਭ ਤੋਂ ਬਿਹਤਰ ਚਾਹੁੰਦੇ ਸਨ ਅਤੇ ਇਸ ਗਰੁੱਪ ਤੋਂ ਵਧੀਆ ਹੋਰ ਕਿਸੇ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ।
ਸ੍ਰੀ ਆਹਲੂਵਾਲੀਆ ਨੇ ਵੀਡੀਓ ਕਾਨਫਰੰਸ ਦੌਰਾਨ ਦੱਸਿਆ ਕਿ ਗਰੁੱਪ ਨੇ ਆਪਣੀ ਪਹਿਲੀ ਮੀਟਿੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਰੁੱਪ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜ ਸਬ-ਗਰੁੱਪ ਵਿੱਤ, ਖੇਤੀਬਾੜੀ, ਸਿਹਤ, ਉਦਯੋਗ ਅਤੇ ਸਮਾਜਿਕ ਸਹਾਇਤਾ ਬਣਾਏ ਗਏ ਹਨ। ਸੂਬੇ ਨੂੰ ਮੁੜ ਉਭਾਰਨ ਲਈ ਯਕੀਨਨ ਤੌਰ ’ਤੇ ਕੁਝ ਹੱਲ ਲੈ ਕੇ ਆਵਾਂਗੇ।