-
ਪ੍ਰਧਾਨ ਮੰਤਰੀ ਨੇ ਸੀਆਈਆਈ ਦੀ ਸਾਲਾਨਾ ਮੀਟਿੰਗ ਨੂੰ ਕੀਤਾ ਸੰਬੋਧਨ
-
ਭਾਰਤ ਨੂੰ ‘ਆਤਮਨਿਰਭਰ’ ਬਣਾਉਣ ਲਈ ਪ੍ਰੇਰਿਤ ਕੀਤਾ
-
ਕਿਸਾਨਾਂ, ਛੋਟੇ ਕਾਰੋਬਾਰੀਆਂ ਤੇ ਸਨਅਤਕਾਰਾਂ ’ਤੇ ਜਤਾਇਆ ਭਰੋਸਾ
-
‘ਮੇਡ ਇਨ ਇੰਡੀਆ’ ਤੇ ‘ਮੇਡ ਫਾਰ ਦਿ ਵਰਲਡ’ ਉਤਪਾਦ ਬਣਾਉਣ ’ਤੇ ਦਿੱਤਾ ਜ਼ੋਰ
ਨਵੀਂ ਦਿੱਲੀ (ਸਮਾਜਵੀਕਲੀ): ਆਲਮੀ ਰੇਟਿੰਗ ਏਜੰਸੀ ਮੂਡੀਜ਼ ਵੱਲੋਂ ਭਾਰਤ ਦੀ ਨਿਵੇਸ਼ ਰੇਟਿੰਗ ਘਟਾਉਣ ਤੋਂ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਲਾਜ਼ਮੀ ਤੌਰ ’ਤੇ ਆਪਣਾ ਆਰਥਿਕ ਵਿਕਾਸ ਹਾਸਲ ਕਰ ਲਵੇਗਾ ਅਤੇ ਕਿਹਾ ਕਿ ਲੌਕਡਾਊਨ ਦੌਰਾਨ ਜੋ ਸੁਧਾਰ ਕੀਤੇ ਗਏ ਹਨ ਉਨ੍ਹਾਂ ਨਾਲ ਆਉਣ ਵਾਲੇ ਸਮੇਂ ’ਚ ਅਰਥਚਾਰੇ ਨੂੰ ਮਦਦ ਮਿਲੇਗੀ। ਉਨ੍ਹਾਂ ਆਤਮਨਿਰਭਰ ਭਾਰਤ ਬਾਰੇ ਆਪਣਾ ਨਜ਼ਰੀਆ ਸਪੱਸ਼ਟ ਕੀਤਾ।
ਸ੍ਰੀ ਮੋਦੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦਾ ਅਰਥ ਹੈ ਜਿੱਥੇ ਦੁਨੀਆ ਲਈ ਭਾਰਤ ’ਚ ਉਤਪਾਦ ਤਿਆਰ ਕੀਤੇ ਜਾਣਗੇ ਅਤੇ ਇੱਕ ਅਜਿਹਾ ਦੇਸ਼ ਜੋ ਆਪਣੀਆਂ ਰਣਨੀਤਕ ਜ਼ਰੂਰਤਾਂ ਲਈ ਦੂਜਿਆਂ ’ਤੇ ਨਿਰਭਰ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਇੱਥੇ ਭਾਰਤੀ ਸਨਅਤ ਕਨਫੈਡਰੇਸ਼ਨ (ਸੀਆਈਆਈ) ਦੀ 125ਵੀਂ ਸਾਲਾਨਾ ਆਮ ਮੀਟਿੰਗ ਨੂੰ ਆਨਲਾਈਨ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਰੋਨਾ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕੇ ਹਨ ਤੇ ਨਾਲ ਹੀ ਅਰਥਚਾਰੇ ਦਾ ਧਿਆਨ ਵੀ ਰੱਖਿਆ ਹੈ।
ਉਨ੍ਹਾਂ ਭਾਰਤੀ ਸਨਅਤਕਾਰਾਂ ਨੂੰ ਇਸ ਔਖੇ ਵੇਲੇ ਪੇਂਡੂ ਭਾਰਤ ’ਚ ਨਿਵੇਸ਼ ਕਰਨ ਤੇ ਇਸ ਮੌਕੇ ਭਾਈਵਾਲ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ, ਛੋਟੇ ਕਾਰੋਬਾਰੀਆਂ ਤੇ ਸਨਅਤਕਾਰਾਂ ਤੋਂ ਆਰਥਿਕ ਵਿਕਾਸ ਨੂੰ ਵਾਪਸ ਲਿਆਉਣ ਦਾ ਭਰੋਸਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਤਪਾਦ ਬਣਾਉਣ ਦੀ ਲੋੜ ਹੈ ਜੋ ‘ਮੇਡ ਇਨ ਇੰਡੀਆ’ ਤੇ ‘ਮੇਡ ਫਾਰ ਦਿ ਵਰਲਡ’ ਹੋਣ।