(ਸਮਾਜ ਵੀਕਲੀ)
ਅਜਮੇਰ ਔਲਖ, ਰਾਮ ਸਰੂਪ ਅਣਖੀ ਅਤੇ ਨਾਵਲਕਾਰ ਗੁਰਦਿਆਲ ਸਿੰਘ ਆਦਿ ਲੇਖਕਾਂ ਨੇ ਪੇਂਡੂ ਅਣ-ਗੌਲ਼ੇ ਪਾਤਰਾਂ ਅਤੇ ਵਿਸ਼ਿਆਂ ਦੀਆਂ ਕੀਮਤੀ ਗੱਲਾਂ ਨੂੰ ਖਾਸ਼ ਬਣਾ ਕੇ ਉਹਨਾਂ ਉੱਪਰ ਅਨੇਕਾਂ ਕਹਾਣੀਆਂ ਅਤੇ ਨਾਵਲ ਲਿਖੇ। ਅਰਜ਼ਪ੍ਰੀਤ ਨੇ ਅਣ-ਗੌਲ਼ੇ ਲੇਖਕਾਂ ਦੇ ਕੀਮਤੀ ਖ਼ਿਆਲਾਂ ਨੂੰ ਕਿਤਾਬੀ ਰੂਪ ਦਿੱਤਾ। ਮੇਰੇ ਨਜ਼ਰੀਏ ਅਤੇ ਨਜ਼ਰ ‘ਚ ਇਹ ਦੋਵੇਂ ਕੰਮ ਇੱਕੋ ਜਿਹੇ ਹਨ। ਸ਼ਲਾਘਾਯੋਗ ਤੇ ਵਿਚਾਰਨਯੋਗ ਅਤੇ ਕਦਰ ਕਰਨਯੋਗ ਵੀ। ਨੀਵਿਆਂ ਨੂੰ ਉੱਚਾ ਚੁੱਕਣਾ ਹੀ, ਉੱਚਿਆਂ ਦੀ ਉੱਚਤਾ ਹੁੰਦੀ ਹੈ। ਇਸ ਗੱਲੋਂ ਅਰਜ਼ਪ੍ਰੀਤ ਵਧਾਈ ਦਾ ਹਾਸਿਲ ਹੈ। ‘ਅਜੋਕਾ ਕਾਵਿ’ ਪੁਸਤਕ ‘ਚ ਵੀਹ ਕਵੀਆਂ ਦੀਆਂ ਰਚਨਾਵਾਂ ਦਰਜ਼ ਹਨ। ਕਿਤਾਬ ‘ਸੂਰਜਾਂ ਦੇ ਵਾਰਿਸ’ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ। ਕਿਤਾਬ ਪੜ੍ਹਨੀ ਸ਼ੁਰੂ ਕਰਦੇ ਹਾਂ ਤਾਂ ‘ਸਾਗ਼ੀਰ ਤਬੱਸੁਮ’ ਦੀਆਂ ਗ਼ਜ਼ਲਾਂ ਦਾ ਰੰਗ ਪਾਠਕਾਂ ਦੇ ਮਨ ਦੀਆਂ ਗਹਿਰਾਈਆਂ ਅਤੇ ਸਿਖਰਾਂ ਤੱਕ ਲਸ਼-ਲਸ਼ ਕਰ ਉੱਠਦਾ ਹੈ। ‘ਸਾਗ਼ੀਰ ਤਬੱਸੁਮ’ ਦੀ ਗ਼ਜ਼ਲ ਦੇ ਸਿਰਲੇਖ ‘ਵਾਹ ਬਈ ਵਾਹ’ ਵਾਂਗ ਪਾਠਕ ਆਪ-ਮੁਹਾਰੇ ‘ਵਾਹ ਸਾਗ਼ੀਰ ਵਾਹ’ ਕਰਨ ਲੱਗਦਾ ਹੈ।
“ਨਫ਼ਰਤ ਟੱਕਰਾਂ ਮਾਰ ਕੇ ਆਪੇ ਮਰ ਜਾਂਦੀ
ਲੋਹੇ ਵਰਗੀ ਢਾਲ ਮੁਹੱਬਤ ਵਾਹ ਬਈ ਵਾਹ।”
‘ਅੰਬਰ ਕੌਰ’ ਦੀ ‘ਸਰਦਾਰ’ ਕਵਿਤਾ ਪ੍ਰਤਿਭਾ ਦੇ ਬੀਜ ਨੂੰ ਟਟੋਲਦੀ ਹੈ। ਜਨਮ ਲੈਂਦਿਆਂ ਪ੍ਰਤਿਭਾ ਸਾਡੇ ਨਾਲ ਨਹੀਂ ਜੰਮਦੀ, ਇਸ ਨੂੰ ਲਗਨ, ਦ੍ਰਿੜਤਾ ਅਤੇ ਮਿਹਨਤ ਨਾਲ ਪੈਦਾ ਕੀਤਾ ਜਾਂਦਾ ਹੈ। ਕੁੱਖ ‘ਚੋਂ ਤਾਂ ਗੌਤਮ ਜਾਂ ਗੋਬਿੰਦਰਾਏ ਪੈਦਾ ਹੋ ਸਕਦਾ ਹੈ। ਬੁੱਧ ਅਤੇ ਗੋਬਿੰਦ ਸਿੰਘ ਤਾਂ ਮਿਹਨਤ-ਲਗਨ ‘ਚੋਂ ਪੈਦਾ ਹੁੰਦੇ ਹਨ। ਅੰਬਰ ਕੌਰ ਵੀ ਇਹੀ ਲਿਖਦੀ ਹੈ ਕਿ “ਸਰਦਾਰ ਜਨਮ ਨਹੀਂ ਲੈਂਦਾ, ਸਰਦਾਰ ਤਾਂ ਸਿਰਜਿਆ ਜਾਂਦਾ ਹੈ।” ਪੱਗ ਬੰਨਦਾ ਪਿਓ ਹੈ ਪਰ ਪੱਗ ਨੂੰ ਸੰਭਾਲਦੀ ਧੀ ਹੈ। ਧੀ ਕੋਮਲ-ਕਲੀ ਤੋਂ ਤਿੱਖੀ-ਤਲਵਾਰ ਤੱਕ ਹਰ ਰੂਪ ਧਾਰਨਾ ਜਾਣਦੀ ਹੈ। ‘ਸਬਰਾਂ ਦੀ ਧਿਰ’ ਕਵਿਤਾ ‘ਚ ਕਵਿੱਤਰੀ ਦੇ ਕਹਿਣ ਦਾ ਭਾਵ ਵੀ ਇਹੀ ਹੈ :-
“ਕਿੰਨੀਆਂ ਪੱਗਾਂ ਦੀ ਪੱਤ ਇਹਦੇ ਸਿਰ ਹੁੰਦੀ
ਤਾਂ ਹੀ ਤਾਂ ਧੀ, ਸਬਰਾਂ ਦੀ ਧਿਰ ਹੁੰਦੀ।”
ਕਵਿੱਤਰੀ ਇਸੇ ਕਵਿਤਾ ਦੇ ਅੰਤ ‘ਤੇ ਇੱਕ ਅਲਹਿਦਾ ਕਾਵਿ-ਸਿਧਾਂਤ ਪੈਦਾ ਕਰਦੀ ਹੈ। ਉਹ ਲਿੰਗ/ਪੁਲਿੰਗ ਦੇ ਵਿਆਕਰਨੀ ਅਰਥਾਂ ‘ਚੋਂ ਬਾਹਰ ਹੋ ਕੇ ਆਪਣਾ ਸਿਧਾਂਤ ਘੜਦੀ ਹੈ, ਦੇਖੋ:-
“ਨਿਮਰਤਾ ਘੜ ਦਿਓ, ਪਰ ਲੱਗੇ ਅੜਬ ਲੁਕਾਈ ਨੂੰ
ਏਹੀ ਤਾਂ ਕੌਰ ਜੋ ਗੋਬਿੰਦ ਸਿੰਘ ਹੁੰਦੀ।”
ਇੱਥੇ ਵਿਆਕਰਨ ਦੇ ਨਿਯਮਾਂ ਅਨੁਸਾਰ ‘ਹੁੰਦੀ’ ਸ਼ਬਦ ਦੀ ਜਗ੍ਹਾ ‘ਹੁੰਦਾ’ ਆਉਣਾ ਸੀ, ਕਿਉਂਕਿ ਗੋਬਿੰਦ ਸਿੰਘ ਪੁਲਿੰਗਵਾਚੀ ਹੈ ਅਤੇ ‘ਹੁੰਦੀ’ ਸ਼ਬਦ ਇਸਤਰੀ-ਲਿੰਗ ਹੈ ਪਰ ਇਹੀ ਉਸਦੀ ਪ੍ਰਾਪਤੀ ਹੈ ਕਿ ਉਸਨੇ ਕਾਵਿ-ਤੁਕਾਂਤ ਨੂੰ ਕਾਇਮ ਰੱਖਦੇ ਹੋਏ ਵਿਆਕਰਨਕ-ਪੁਰਾਣਤਾ ਵਿੱਚ ਨਵਾਂ ਸਿਧਾਂਤ ਪੈਦਾ ਕੀਤਾ। ਉਸਨੇ ਪ੍ਰੋ. ਪੂਰਨ ਸਿੰਘ ਵਾਂਗ ਕਵਿਤਾ ਰਚਦੇ-ਰਚਦੇ ਕਵਿਤਾ ਨੂੰ ਨਵਾਬੀ ਜੁੱਤੀ ਦੀ ਕੈਦ ‘ਚੋਂ ਬਾਹਰ ਕੱਢਿਆ।
‘ਜਨਪ੍ਰੀਤ ਕੌਰ’ ਰਹੱਸਵਾਦੀ ਕਵਿੱਤਰੀ ਹੈ। ਕਵਿਤਾ ਉਸਦੇ ਦਿਮਾਗ ਵਿੱਚੋਂ ਨਹੀਂ ਬਲਕਿ ਪੂਰੇ ਵਜ਼ੂਦ ਵਿੱਚੋਂ ਨਿਕਲਦੀ ਹੈ। ਇਸ ਕਰਕੇ ਉਸਦਾ ਹਰ ਸ਼ਬਦ ਸਮਰਪਨ ਦੀ ਭਾਵਨਾ ਤਹਿਤ ਹੈ। ਸਾਰੀ ਕੁਦਰਤ ਔਰਤ ਦੀ ਨਿਆਈ ਹੈ। ਇਹੀ ਗੱਲ ‘ਓਸ਼ੋ’ ਵਰਗੇ ਫਿਲਾਸਫਰ ਵੀ ਕਹਿੰਦੇ ਰਹੇ ਕਿ ਕੁਦਰਤ ਦੀਆਂ ਗਹਿਰਾਈਆਂ ਨੂੰ ਦੇਖਣ ਲਈ ਔਰਤ ਐਨਕ ਦਾ ਕੰਮ ਕਰਦੀ ਹੈ। ‘ਜਨਪ੍ਰੀਤ ਕੌਰ’ ਦੀ ਕਵਿਤਾ ‘ਹਵਾ ਬੋਲਦੀ’ ‘ਚ ਇਹੀ ਔਰਤ ਕੁਦਰਤ ‘ਚੋਂ ਹੁੰਦੀ ਹੋਈ ਰੱਬ ਤੱਕ ਪਹੁੰਚਦੀ ਹੈ ਜਦੋਂ ਉਹ ਲਿਖਦੀ ਹੈ ਕਿ:-
“ਤੇਰੇ ਕਣਕ ਬੰਨੇ ਜਿਹੇ ਹੱਥਾਂ ‘ਤੇ
ਜਦ ਹੱਥ ਮੈਂ ਆਪਣਾ ਧਰਦਾ ਹਾਂ
ਸੱਚ ਜਾਣੀ, ਮੈਨੂੰ ਇਉਂ ਲੱਗਦਾ
ਜਿਉਂ ਰੱਬ ਨੂੰ ਸਜਦਾ ਕਰਦਾ ਹਾਂ।”
ਮਨੁੱਖ ਦਾ ਪ੍ਰਮਾਤਮਾ ਤੱਕ ਪਹੁੰਚਣ ਲਈ ਕਵਿਤਾ ਜ਼ਰੀਆ ਬਣਦੀ ਹੈ। ਕਵਿਤਾ ਮਨੁੱਖ ਦਾ ਉਸਦੇ ਵਜ਼ੂਦ ਨਾਲ ਜੁੜੇ ਰਹਿਣ ਲਈ ਉਸਨੂੰ ਕੋਮਲ-ਚਿੱਤ ਬਣਾਉਂਦੀ ਹੈ। ਜਿੱਥੇ ਸ਼ਬਦ, ਮਹਿਜ਼ ਸ਼ਬਦ ਨਹੀਂ ਰਹਿ ਜਾਂਦੇ ਸਗੋਂ ਕੁਦਰਤ ਦੀਆਂ ਗਹਿਰੀਆਂ ਦਾ ਭੇਦ ਖੋਲਣ ਲੱਗ ਜਾਂਦੇ ਹਨ ਅਤੇ ਕਵੀ, ਕਵੀ ਨਹੀਂ ਰਹਿ ਜਾਂਦਾ ਉਹ ਕਵਿਤਾ ਜ਼ਰੀਏ ਕੁਦਰਤ ਅਤੇ ਪ੍ਰਮਾਤਮਾ ਨਾਲ ਇੱਕ ਮਿੱਕ ਹੋ ਜਾਂਦਾ ਹੈ। ਇਹੀ ਰਾਜ਼ ਨੂੰ ਕਵਿੱਤਰੀ ਨੇ ‘ਕੁਝ ਕਵਿਤਾਵਾਂ’ ਕਵਿਤਾ ਵਿੱਚ ਖੋਲਿਆ ਹੈ। ਜਨਪ੍ਰੀਤ ਦੀ ਕਵਿਤਾ ਨੇ ਇੱਕ ਕਮਾਲ ਦਾ ਭੇਦ ਖੋਲਿਆ ਕਿ ਹੁਣ ਤੱਕ ਇਹ ਪੜ੍ਹਿਆ ਜਾਂ ਸੁਣਿਆ ਸੀ ਕਿ ਮਰਦ-ਲੇਖਕ ਜਦੋਂ ਰਹੱਸਵਾਦੀ ਕਵਿਤਾ ਦੀ ਅਵਸਥਾ ਤੱਕ ਪਹੁੰਚਦਾ ਹੈ ਤਾਂ ਉਹ ਅੰਦਰੋਂ ਔਰਤ ਹੋ ਜਾਂਦਾ ਹੈ, ਜਿਵੇਂ ‘ਬੁੱਲ੍ਹੇ ਸ਼ਾਹ’ ਮੀਢੀਆਂ-ਗੁੰਦਾ ਕੇ ਮੁਰਸ਼ਦ ਦੀ ਕਮਲੀ ਹੋ ਨੱਚਦਾ ਹੈ, ਕਿਉਂਕਿ ਰੂਹ ਦੇ ਪੱਧਰ ‘ਤੇ ਵਿਚਰਨ ਲੱਗਦਾ ਹੈ ਅਤੇ ਰੂਹ, ਇਸਤਰੀ ਹੈ। ਪਰ ਜਨਪ੍ਰੀਤ ਜਦੋਂ ਰਹੱਸਵਾਦੀ ਕਵਿਤਾ ਲਿਖਦੀ ਹੈ ਤਾਂ ਉਹ ਮਰਦ ਦੇ ਪੱਧਰ ‘ਤੇ ਵਿਚਰਦੀ ਹੈ। ਪੁਲਿੰਗਵਾਚੀ ਸ਼ਬਦ ਜਿਆਦਾ ਵਰਤਦੀ ਹੈ। ਕਵਿਤਾ ਵਿੱਚ ਖ਼ੁਦ ਨੂੰ ਮਰਦ ਬਣਾ ਕੇ ਪੇਸ਼ ਕਰਦੀ ਹੈ। ਉਸ ਦੀ ਕਵਿਤਾ ਕਿਤੇ ਕਿਤੇ ਬਿਲਕੁਲ ‘ਸੂਹੇ ਅੱਖਰਾਂ’ ਵਾਲੇ ‘ਸੁਖਬੀਰ’ ਦੀ ਕਵਿਤਾ ਦੇ ਰੰਗਾਂ ਨਾਲ ਜਾ ਮਿਲਦੀ ਹੈ। ਦੇਖੋ:-
“ਪਰ ਤੈਨੂੰ ਕੀ ਪਤਾ
ਤੂੰ ਤਾਂ ਰੱਬ ਏਂ
ਆਪਣੇ ਮੁਤਾਬਕ ਚੱਲੇਂਗਾ
ਮਾਂ ਥੋੜੀ ਏਂ ਜੋ ਤਰਲਾ ਸੁਣ ਕੇ ਪਿਘਲ ਜਾਵੇਂਗਾ।”
‘ਰਾਜੇਸ਼ ਪਠਾਨ’ ਦਾ ਇਹ ਸ਼ੇਅਰ ਸਦੀਵੀ ਹਕੀਕਤਾਂ ਦੀ ਗਵਾਹੀ ਭਰਦਾ ਹੈ:-
“ਉਸ ਵੇਲੇ ਲੱਭਣਾ ਤੇਰੇ ਅੱਖਰਾਂ ਨੇ ‘ਪਠਾਨ’
ਜਦ ਨਾ ਤੇਰੇ ਸਰੀਰ ਦਾ ਕੋਈ ਅੰਗ ਲੱਭਿਆ।”
ਰਾਜੇਸ਼ ਪਠਾਨ ਦੀਆਂ ਚਾਰੇ ਰਚਨਾਵਾਂ ਹੀ ਹਕੀਕੀ ਤੇ ਤਵਾਰੀਖੀ ਸੱਚ ਦਾ ਸਬੂਤ ਹਨ।
‘ਸੌਦਾਗਰ’ ਨੇ ‘ਸੱਚਾ ਪਿਆਰ’ ਕਵਿਤਾ ‘ਚ ਬਦਲਦੀਆਂ ਪਿਆਰ ਦੀਆਂ ਕੀਮਤਾਂ ਅਤੇ ਆਸ਼ਿਕਾਂ-ਸਾਧਕਾਂ ਦੇ ਮਨ ਦੀਆਂ ਪ੍ਰਵਿਰਤੀਆਂ ਦਾ ਖ਼ੂਬ ਤਰਜ਼ਮਾ ਕੀਤਾ ਹੈ। ਜਿੱਥੇ ਪੜ੍ਹੇ ਲਿਖੇ ਨੌਜਵਾਨ ਬਿਨ੍ਹਾਂ ਸਮਝੇ ਨਾਸਤਿਕਤਾ ਵੱਲ ਵਧ ਰਹੇ ਹਨ, ਉੱਥੇ ਇਹ ਕਵੀ ਧਰਮ ਦੀ ਅਸਲ ਮਹੱਤਤਾ ਨੂੰ ਸਮਝਦਾ ਹੋਇਆ ਗੁਰੂਬਾਣੀ ਦੇ ਲੋਏ-ਲੋਏ ਰਹਿਣਾ ਚਾਹੁੰਦਾ ਹੈ। ਪਿੰਡ ਵਿੱਚ ਏਕਤਾ ਅਤੇ ਗੁਰੂ-ਘਰ ਦੀ ਮੰਗ ਕਰਦਾ ਹੈ। ਇਸ ਦੀਆਂ ਬਾਕੀ ਕਵਿਤਾਵਾਂ ਵੀ ਸੁੰਦਰ ਹਨ।
ਡਾ. ਜਗਤਾਰ ਨੇ ਲਿਖਿਆ ਸੀ ਕਿ “ਜਦ ਤਲਖ਼ੀ ਵਧੇ ਤਾਂ ਖੱਤ ਲਿਖੀਂ” ਇਹੀ ਤਲਖ਼ੀ ‘ਸੰਗੀਤ ਸਿੰਘ’ ਦੇ ਅੰਦਰ ਵਧਦੀ ਹੈ ਜਦ ਉਹ ਸਮਾਜ, ਧਰਮ, ਜਾਤਾਂ-ਪਾਤਾਂ ਅਤੇ ਸਰਕਾਰਾਂ ਨੂੰ ਦੇਖਦਾ ਹੈ। ਇਸੇ ਕਰਕੇ ‘ਇੱਕ ਖ਼ਤ’ ਕਵਿਤਾ ‘ਚ ਸਭ ਨੂੰ ਇੱਕ ਇੱਕ ਖ਼ਤ ਲਿਖਦਾ ਹੈ। ਇਹ ਖ਼ਤ ਸੁਰਜੀਤ ਪਾਤਰ ਦੇ ਖ਼ਤ ਵਰਗਾ ਡਰਾਉਣਾ ਨਹੀਂ, ਜਿਸਦੀ ਉਡੀਕ ਉਸਨੂੰ ਰਾਤ-ਬਰਾਤੇ ਰਹਿੰਦੀ ਹੈ, ਸਗੋਂ ਇਹ ਖ਼ਤ ਪਿਆਰ-ਨਿੱਘ-ਏਕਤਾ ਦੇ ਸੁਨੇਹੇ ਨਾਲ ਭਰਿਆ ਹੈ।
“ਮੈਂ ਲਿਖਣਾ ਏ ਸਰਕਾਰਾਂ ਨੂੰ
ਏਨ੍ਹਾਂ ਕੁਰਸੀਆਂ ਦੇ ਯਾਰਾਂ ਨੂੰ
ਕੁਝ ਅਕਲ ‘ਤੇ ਹੁਣ ਜ਼ੋਰ ਕਰੋ
ਮੇਰੇ ਪੰਜਾਬ ਵੱਲ ਵੀ ਗੌਰ ਕਰੋ
ਵਿਰਸੇ ਦੀਆਂ ਸੁਗਾਤਾਂ ਨੂੰ
ਪੰਜ ਆਬਾਂ ਦੇ ਜਜ਼ਬਾਤਾਂ ਨੂੰ
ਮੈਂ ਖ਼ਤ ਇੱਕ ਲਿਖਣਾ ਹੈ।”
‘ਸੰਗੀਤ ਸਿੰਘ’ ਦੀਆਂ ਬਾਕੀ ਦੋ ਰਚਨਾਵਾਂ ‘ਚ ਭਾਈ ਵੀਰ ਸਿੰਘ ਦੀਆਂ ਅਤੇ ਪ੍ਰੋ. ਮੋਹਨ ਸਿੰਘ ਦੀਆਂ ਰਚਨਾਵਾਂ ਦੇ ਨਾਟਕੀ ਅਤੇ ਪ੍ਰਸ਼ਨ-ਉੱਤਰੀ ਰੰਗ ਮਿਲਦੇ ਹਨ। ਜਿਨ੍ਹਾਂ ‘ਚ ਕਵੀ ਖ਼ੁਦ ਹੀ ਸਵਾਲ ਅਤੇ ਖ਼ੁਦ ਹੀ ਜਵਾਬ ਬਣਦਾ ਹੈ। ‘ਕੀ ਗੱਲ ਹੋ ਗਈ ਪਾਤਸ਼ਾਹ’ ਉਸਦੀ ਸੋਹਣੇ ਸਿਰਲੇਖ ਵਾਲੀ ਇਤਿਹਾਸਕ ਕਵਿਤਾ ਹੈ। ਕਿਤੇ ਕਿਤੇ ‘ਜਾਪੁ ਸਾਹਿਬ’ ਵਾਲਾ ਰੰਗ ਵੀ ਉਘੜਦਾ ਹੈ:-
“ਕਾਰਨ ਕਬੀਰ ਕਰਤਾ ਕੁੱਲ ਜੱਗ ਦਾ
ਕਵਣ ਜਾਣੀ ਕਰਾਮਾਤ ਤੇਰੀ
ਸਰਬੰਸ ਦਾਤ ਦਿੱਤੀ ਦਾਤਾਰੈ
ਕਾਮਲ ਕਾਯਮ ਬਾਤ ਤੇਰੀ
ਆਪ ਲਿਖਾਰੀ ਬੋਲ ਵੀ ਆਪੇ
ਪੋਚ ਹਮ ਸੋਚ ਸੰਗੀਤ ਨਹਿ ਕਿਛ
ਹਰ ਆਪ ਕਰੇਂਦਾ ਸਭ ਕਿਛ…।”
‘ਭਵਨਜੋਤ ਕੌਰ’ ਘੱਟ ਸ਼ਬਦਾਂ ‘ਚ ਵੱਧ ਅਰਥ ਸਮਾਉਣ ਵਾਲੀ ਕਵਿੱਤਰੀ ਹੈ। ਉਹ ਕਵਿਤਾ ਨੂੰ ਨਵਤੇਜ ਭਾਰਤੀ ਵਾਂਗ ਸੁਤੇ-ਸਿੱਧ ਕਹਿ ਦਿੰਦੀ ਹੈ। ਜੋ ਸੁਤੇ-ਸਿੱਧ ਕਿਹਾ ਵੀ ਅਸਰ ਕਰੇ ਪ੍ਰੋ. ਪੂਰਨ ਸਿੰਘ ਅਨੁਸਾਰ ਓਹੀ ਸਾਧ-ਬਚਨ ਹਨ ਅਤੇ ਸਾਧ-ਬਚਨ ਹੀ ਕਵਿਤਾ ਹਨ। ‘ਭਵਨਜੋਤ’ ਇਹਨਾਂ ਸਾਧ-ਬਚਨਾਂ ਵਿੱਚ ਹੀ ਉਤਰਦੀ ਹੋਈ ਲਿਖਦੀ ਹੈ ਕਿ:-
“ਹੈ ਤੇ ਬਹੁਤ ਕੁਝ
ਹਰ ਇਨਸਾਨ ਅੰਦਰ
ਤੇਰਾ ਤੇਰੇ ਅੰਦਰ
ਮੇਰਾ ਮੇਰੇ ਅੰਦਰ
ਭਰਮ
ਭੁਲੇਖਾ
ਹਵਸ
ਲਾਲਚ
ਚੋਰ
ਤੇ ਆਪਣੇ ਆਪ ਤੋਂ ਪੜਦਾ।
ਉਸ ਦੀਆਂ ਬਾਕੀ ਕਵਿਤਾਵਾਂ ਵੀ ਦਿਲਕਸ਼ ਹਨ।
‘ਪ੍ਰੀਤ ਕੌਰ ਰਿਆੜ’ ਦੀ ਕਵਿਤਾ ਵਿੱਚ ਸ਼ਿਵ ਕੁਮਾਰ ਦੇ ਗੀਤਾਂ ਵਾਲੀ ਰਵਾਨਗੀ ਹੈ। ਜੋ ਗਮ ਦੀਆਂ ਤੈਹਾਂ ਤੱਕ ਅਤੇ ਮੰਤਰ-ਮੁਗਦ ਦੇ ਅਸਰ ਤੱਕ ਜਾਂਦੀ ਹੈ। ‘ਇਹ ਪੀੜਾਂ ਨੇ ਮੇਰੀਆਂ’ ਰਚਨਾ ਨੂੰ ਮੈਂ ਗ਼ਜ਼ਲ ਹੀ ਕਹਾਂਗਾ। ਉਹ ਗ਼ਜ਼ਲ ਜਿਸ ਕਿਸਮ ਦੀ ਗ਼ਜ਼ਲ ਹੁਣ ਤੱਕ ਪੰਜਾਬੀ ਜਾਂ ਕਿਸੇ ਵੀ ਭਾਸ਼ਾ ਦੇ ਸਾਹਿਤ ਵਿੱਚ ਦੇਖਣ ਨੂੰ ਨਹੀਂ ਮਿਲਦੀ। ਜਿਸਦਾ ਕਾਫ਼ੀਆ-ਰਦੀਫ਼ ਵੀ ਨਹੀਂ ਮਿਲਦਾ ਪਰ ਫਿਰ ਵੀ ਗ਼ਜ਼ਲ ਦਾ ਸਥਾਨ ਰੱਖਦੀ ਹੈ:-
“ਮੈਨੂੰ ਮੇਰੇ ਹਾਲ ‘ਤੇ ਰਹਿਣ ਦਿਉ!
ਇਹ ਪੀੜਾਂ ਨੇ ਮੇਰੀਆਂ।
ਇਹ ਮੈਨੂੰ ਹੀ ਬਸ ਸਹਿਣ ਦਿਉ!
ਕੋਈ ਫਰਕ ਨਹੀਂ ਪੈਂਦਾ।
ਕੋਈ ਜੋ ਕਹਿੰਦਾ ਕਹਿਣ ਦਿਉ!
ਇਹ ਅੱਥਰੂ ਨੇ ਮੇਰੇ।
ਮੇਰੇ ਨੈਣਾਂ ‘ਚੋਂ ਹੀ ਬਹਿਣ ਦਿਉ!
ਮੇਰੀ ਹਿਜ਼ਰਾਂ ਦੇ ਨਾਲ ਯਾਰੀ।
‘ਪ੍ਰੀਤ ਕੌਰ ਰਿਆੜ’ ਦੀ ਕਵਿਤਾ ‘ਅਜ਼ਾਦ ਦੇਸ਼ ਦੀ ਗੁਲਾਮ ਔਰਤ’ ਵੀ ਸਲਾਹੁਣਯੋਗ ਰਚਨਾ ਹੈ।
‘ਹਰਜੀਤ ਸਿੰਘ’ ਦੀਆਂ ਰਚਨਾਵਾਂ ‘ਚ ਅੰਤਰ-ਸੰਵਾਦ-ਸਮਰੂਪਤਾ ਆਲੋਚਨਾ-ਵਿਧੀ ਦੇਖਣ ਨੂੰ ਮਿਲਦੀ ਹੈ:-
“ਦਰ ਦਰ ਫਿਰਦਾ ਹੁਣ ਮੈਂ ਵਿਕਦਾ
ਬਾਕੀਆਂ ਵਾਂਗ ਮੈਂ ਦੁੱਖੜੇ ਲਿੱਖਦਾ
ਨੀਂ ਮੈਂ ਕੱਲ੍ਹਾ ਨਹੀਂ।”
ਅਰਥ:- ਇੱਥੇ ਕਵੀ ਦਾ ਹੌਸਲਾ ਅਡੋਲ ਹੈ। ਉਹ ਦੁੱਖਾਂ ਵਿੱਚ ਵੀ ਕੱਲਾਪਣ ਨਹੀਂ ਮਹਿਸੂਸ ਕਰਦਾ।
(ਅੰਤਰ-ਸੰਵਾਦ)
“ਮਲਾਹ ਬਿਨ੍ਹਾਂ ਮੈਂ ਕਿਸ਼ਤੀ ਸਾਗਰ ਲਾ ਬੈਠਾ
ਉਹ ਵਿਰਲੇ ਨੇ ਜੋ ਕੱਲਿਆਂ ਪਾਰ ਲੰਘਾਉਂਦੇ ਨੇ।”
ਅਰਥ:- ਇੱਥੇ ਕਵੀ ਡਾਵਾਡੋਲ ਹੈ। ਉਸਨੂੰ ਜ਼ਿੰਦਗੀ ਦੀ ਕਿਸ਼ਤੀ ਕੱਲਿਆਂ ਪਾਰ ਲਾਉਣੀ ਮੁਸ਼ਕਿਲ ਲੱਗ ਰਹੀ ਹੈ।
(ਸਮਰੂਪਕਤਾ)
“ਏ ਇਸ਼ਕ ਹੀ ਹੈ ਜੋ ਸਮਝਾਂ ਦੇ ਵਿੱਚ ਆਉਣਾ ਨਹੀਂ
ਕਿਤੇ ਹਸਦੇ ਨੇ ਕਿਤੇ ਮੇਰੇ ਜਿਹੇ ਪਛਤਾਉਂਦੇ ਨੇ।”
ਅਰਥ:- ਇੱਥੇ ਕਵੀ ਉਪਰਲੀਆਂ ਦੋਵਾਂ ਪੰਕਤੀਆਂ ਦੀ ਸਮਰੂਪਕਤਾ ਪੈਦਾ ਕਰਦਾ ਹੈ ਕਿ ਇਸ਼ਕ ਹੀ ਬੰਦੇ ਨੂੰ ਕਦੇ ਡਾਵਾਡੋਲ ਕਦੇ ਸਥਿਰਤਾ ਪ੍ਰਦਾਨ ਕਰਦਾ ਹੈ। ਇਸ ਵਿੱਚ ਬੰਦੇ ਦਾ ਆਪਣਾ ਕੁਝ ਨਹੀਂ ਹੁੰਦਾ। ਥਈਆਂ-ਥਈਆਂ ਕਰਕੇ ਨਚਾਉਣਾ ਅਤੇ ਸੂਲ਼ੀ ਚੜਾਉਣਾ ਦੋਵੇਂ ਇਸ਼ਕ ਦੇ ਪਹਿਲੂ ਹਨ।
‘ਬੁੱਲ੍ਹਾ ਮਨੀ ਸਾਂਪਲਾ’ ਦੀ ਗ਼ਜ਼ਲ ‘ਹੱਲ ਨਈਂ ਹੁੰਦਾ’ ਵਿੱਚ ਜੇ ਵਾਰ ਵਾਰ ‘ਵੀ’ ਸ਼ਬਦ ਬੇਲੋੜਾ ਨਾ ਵਰਤਿਆ ਜਾਂਦਾ ਤਾਂ ਉਸਦੀ ਗ਼ਜ਼ਲ ਨੇ ਪਾਕਿਸਤਾਨੀ ਗ਼ਜ਼ਲਾਂ ਬਰਾਬਰ ਖੜ੍ਹਨਾ ਸੀ ਪਰ ਉਸ ਦੀਆਂ ਹੋਰ ਰਚਨਾਵਾਂ ਦੀ ਰਵਾਨਗੀ ਸਲਾਹੁਣਯੋਗ ਹੈ।
‘ਗੁਰਪ੍ਰੀਤ ਰਾਜ ਸਰਾਂ’ ਦੀ ‘ਧੀਆਂ’ ਕਵਿਤਾ ਡਾ. ਹਰਿਭਜਨ ਦੀ ‘ਧੀ’ ਕਵਿਤਾ ਦੇ ਬਰਾਬਰ ਦੀ ਕਵਿਤਾ ਹੈ। ਸੱਚ-ਮੁੱਚ ਹੀ ਇੱਕੀਵੀਂ ਸਦੀ ‘ਚ ਧਰਤੀ ਧੀ ਸਹਾਰੇ ਖੜੀ ਹੈ।
“ਇਹ ਮਾਵਾਂ ਕਿਸੇ ਦੀਆਂ
ਸਾਡੇ ਘਰ ਧੀ ਬਣ ਆਈਆਂ ਜੀ,
ਅਸੀਂ ਮੰਗ ਕੇ ਲਈਆਂ ਨੇ
ਇਹ ਧੀਆਂ ਆਪ ਨਾ ਆਈਆਂ ਜੀ।”
ਰਾਜ ਸਰਾਂ ਦੀ ‘ਕੁਦਰਤ’ ਕਵਿਤਾ ਸ਼ਿਵ ਕੁਮਾਰ ਬਟਾਲਵੀ ਦੇ ‘ਕੁਝ ਰੁੱਖਾਂ’ ਗੀਤ ਤੋਂ ਵੀ ਸੋਹਣੀ-ਸ਼ਿੰਗਾਰੀ ਕਵਿਤਾ ਹੈ।
“ਟਾਹਲੀਆਂ ਵਿੱਚੋਂ ਪਿਓ ਦਿਸਦਾ ਸੀ
ਪੁੱਟ ਦਿੱਤੀਆਂ ਜੋ ਵਿਹੜੇ ‘ਚੋਂ,
ਟਾਲ੍ਹੀਆਂ ਤੇ ਪਿਓ ਦੋਵੇਂ ਤੁਰ ਗਏ
ਇਸ ਘਰ ਦੇ ਹਾਸੇ-ਖੇੜੇ ‘ਚੋਂ।”
ਕਮਲਜੀਤ ਕੌਰ ਦੀ ਕਵਿਤਾ ‘ਕਵਿਤਾ’ ਅਰਜ਼ਪ੍ਰੀਤ ਦੇ ਇਕੱਤਰ ਕੀਤੇ ਸਾਰੇ ਕਵੀਆਂ ਦਾ ਸਾਰ-ਤੱਤ ਹੈ। ਕਵਿਤਾ, ਮਨੁੱਖ ਅੰਦਰਲਾ ਮੰਦਰ ਹੈ। ਇਸੇ ਮੰਦਰ ਵਿੱਚ ਹੀ ਪ੍ਰਭੂ ਦਾ ਵਾਸਾ ਹੈ। ਕਵੀ ਦੀ ਮੰਜ਼ਿਲ ਇਹੀ ਪ੍ਰਭੂ ਹੈ। ਇਸ ਮੰਜ਼ਿਲ ਤੱਕ ਕਵਿਤਾ ਪਉੜੀਆਂ/ਰਾਹਾਂ ਦਾ ਕੰਮ ਕਰਦੀ ਹੈ।
“ਮੈਂ ਤਾਂ ਤੇਰੇ ਅੰਦਰ ਹੀ ਹਾਂ
ਸਮਝ ਜੇ ਜਾਵੇਂ ਮੰਦਰ ਹੀ ਹਾਂ।
ਰਮਜ਼ ਜੇ ਮੇਰੀ ਸਮਝ ਤੂੰ ਜਾਵੇਂ
ਕਵਿਤਾ ਕੀ ਸਾਗਰ ਲਿਖ ਜਾਵੇ।”
ਇਸ ਤਰ੍ਹਾਂ ਵੀਹ ਕਵੀਆਂ ਵਿੱਚੋਂ ਉਪਰੋਕਤ ਦਸ-ਗਿਆਰਾਂ ਕਵੀ ‘ਕਵੀ’ ਦੀ ਅਵਸਥਾ ਤੱਕ ਪਹੁੰਚਦੇ ਨਜ਼ਰ ਆਉਂਦੇ ਹਨ। ਜਿਨ੍ਹਾਂ ਨੇ ਆਪਣੇ ਖਿਆਲਾਂ ਨਾਲ ਸੁਨੇਹੇ, ਯਾਦਾਂ, ਤਬਦੀਲੀਆਂ, ਸਮਾਜਿਕ, ਆਰਥਿਕ, ਅਧਿਆਤਮਕ ਆਦਿ ਤੰਦਾਂ ਛੋਹੀਆਂ ਹਨ। ਜਿਸ ਨਾਲ ‘ਅਜੋਕਾ ਕਾਵਿ’ ਪੁਸਤਕ ਪੰਜਾਬੀ ਸਾਹਿਤ ਵਿੱਚ ਨਵੇਂ ਉਭਰ ਰਹੇ ਲੇਖਕਾਂ ਲਈ ਅਹਿਮ ਅਤੇ ਵਿਸ਼ੇਸ਼-ਭੂਮਿਕਾ ਨਿਭਾਉਂਦੀ ਹੈ। ਸਾਰੇ ਕਵੀ-ਜਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਅਤੇ ਅਰਜ਼ਪ੍ਰੀਤ ਨੂੰ ਅੱਗੇ ਵਾਸਤੇ ਏਦਾਂ ਦੇ ਸਾਹਿਤਕ-ਕਾਰਜ਼ ਕਰਦੇ ਰਹਿਣ ਲਈ ਪ੍ਰਮਾਤਮਾ ਆਪ ਸਹਾਈ ਹੋਵੇ।
“ਗੁਰ ਫਤਿਹ।”
ਕੁਲਦੀਪ ਨਿਆਜ਼ ‘ਨੰਗਲਾ’
99143-63437