ਲੰਡਨ – (ਰਾਜਵੀਰ ਸਮਰਾ) ਯੂ.ਕੇ ਦੀ ਅੰਗ ਦਾਨ ਕਰਨ ਵਾਲੀ ਸੰਸਥਾ ਆਰਗਨ ਅਵੇਅਰਨੈੱਸ ਦੀ ਸੰਸਥਾਪਕ ਅਤੇ ਸੰਗੀਤਕ ਕੰਪਨੀ ਨਮ ਰਿਕਾਰਡਜ਼ ਦੇ ਮਾਲਿਕ ਅਨੀਤਾ ਸੰਧੂ ਅਤੇ ਵਿਸ਼ਵ ਪ੍ਰਸਿੱਧ ਪੰਜਾਬੀ ਅਤੇ ਬਾਲੀਵੁੱਡ ਦੇ ਗਾਇਕ ‘ਲੇਂਹਿੰਬਰ ਹੂਸੇੈਨਪੁਰੀ’ ਵਲੋਂ ਆਪਣੇ ਆਉਣ ਵਾਲੇ ਗੀਤ ‘ਅੰਗ ਦਾਨ ਕਰੋ’ ਦੀ ਪ੍ਰੈੱਸ ਕਾਨਫਰੰਸ 16 ਮਈ ਨੂੰ ਪੰਜਾਬ ਰੇਡੀਓ ਲੰਡਨ ਵਿਖੇ ਕੀਤੀ ਗਈ। ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਬਿੰਦਰ ਨਵੇਂ ਪਿੰਡੀਆ ਨੇ ਕਲਮਬੰਦ ਕੀਤਾ ਹੈ ਅਤੇ ਇਸ ਨੂੰ ਸੰਗੀਤਕਾਰ ਰਾਜੂ ਪ੍ਰੇਮੀ ਵਲੋੋ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਜਾਵੇਗਾ। ਗਾਇਕ ਲੇਂਹਿੰਬਰ ਹੁਸੈਨਪੁਰੀ ਦੇ ਨਾਲ ਇਸ ਗੀਤ ਨੂੰ ਗਾਉਣ ਲਈ ਉਨ੍ਹਾਂ ਦਾ ਸਾਥ ਦੇ ਰਹੇ ਗਾਇਕ ਬਲਵਿੰਦਰ ਸਫਰੀ, ਮੰਗਲ ਸਿੰਘ, ਜੋਹਨ ਬੇਦੀ, ਅੈਚ ਧਾਮੀ, ਪ੍ਰੇਮੀ ਜੌਹਲ, ਵੀ ਹਾਜਿਰ ਸਨ।
ਜਿਕਰਯੋਗ ਹੈ ਕਿ ਬਰਤਾਨੀਆ ਦੇ ਇਹਨਾਂ ਕਲਾਕਾਰਾਂ ਨਾਲ ਪੰਜਾਬ ਤੋਂ ਇਸ ਗੀਤ ਨੂੰ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ, ਕਲੇਰ ਕੰਠ, ਵੀ ਆਪਣੀ ਅਵਾਜ਼ ਦੇ ਰਹੇ ਹਨ ਅਤੇ ਮਾਣ ਮਹਿਸੂਸ ਕਰਦੇ ਹਨ ਕਿ ਉਹ ਕੁੱਲ ਦੁਨੀਆਂ ਨੂੰ ਅੰਗ ਦਾਨ ਕਰਨ ਲਈ ਇੰਨੇ ਵੱਡੇ ਪੱਧਰ ਤੇ ਸੁਨੇਹਾ ਦੇ ਰਹੇ ਹਨ। ਇਸ ਕਨਫਰੰਸ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਜੌਹਨ ਮਾਰਗਨ,ਅਤੇ ਸੰਸਦ ਮੈਬਰ ਵਰਿੰਦਰ ਸ਼ਰਮਾ ਵੀ ਪਹੁੰਚੇ ਅਤੇ ਉਹਨਾਂ ਨੇ ਇਸ ਕਾਰਜ ਲਈ ਕਲਾਕਾਰਾਂ ਨੂੰ ਇਸ ਗੀਤ ਦੀ ਵਧਾਈ ਵੀ ਦਿੱਤੀ ਅਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਲੰਡਨ ਤੋਂ ਡਾਕਟਰ ਉਂਕਾਰ ਸਹੋਤਾ ਅਤੇ ਰੋਇਲ ਲੰਡਨ ਵਾਈਟਚੈਪਲ ਤੋਂ ਡਾਕਟਰ ਰਜੇਸ਼ ਸ਼ਿਵਾਪਰਕਾਸ਼ਮ ਜੋ ਕਿ ਦੁਨੀਆ ਦੇ ਪਹਿਲੇ ਡਾਕਟਰ ਨੇ ਜਿਹਨਾਂ ਨੇ ਟੀਵੀ ਤੇ ਕਿਡਨੀ ਬਦਲਣ ਦਾ ਸਿੱਧਾ ਪ੍ਰਸਾਰਣ ਅਪਰੇਸ਼ਨ ਕਰਕੇ ਦਿਖਾ ਦਿੱਤਾ ਅਤੇ ਲੋਕਾਂ ਨੂੰ ਇਸ ਬਾਰੇ ਦੱਸਿਆ ਕਿ ਕਿਵੇਂ ਕਿਸੇ ਦੀ ਜਾਨ ਕਿਡਨੀ ਬਦਲਣ ਨਾਲ ਬਚਾਈ ਜਾ ਸਕਦੀ ਹੈ।
ਆਰਗਨ ਅਵੇਅਰਨੈੱਸ ਵੱਲੋਂ ਜੱਸ ਨਾਮ ਦੀ ਲੜਕੀ ਜਿਸ ਦੀ ਤਿੰਨ ਵਾਰ ਕਿਡਨੀ ਪਹਿਲਾਂ ਹੀ ਖਰਾਬ ਹੋ ਚੁੱਕੀ ਹੈ ਅਤੇ ਉਹ ਆਪਣੇ ਲਈ ਚੌਥੀ ਵਾਰ ਕਿਡਨੀ ਦੀ ਭਾਲ ਕਰ ਰਹੀ ਹੈ ਉਸ ਨੂੰ ਵੀ ਵਿਸ਼ੇਸ਼ ਤੌਰ ਤੇ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਅਤੇ ਉਸ ਨੇ ਆਏ ਹੋਏ ਪਤਵੰਤਿਆਂ ਨਾਲ ਆਪਣੀ ਦੁਖਾਂ ਭਰੀ ਦਾਸਤਾਂ ਸਾਂਝੀ ਕੀਤੀ, ਅਤੇ ਅੰਗ ਦਾਨ ਕਰਨ ਵਾਲੀ ਸੰਸਥਾ ਨਾਲ ਲੋਕਾਂ ਨੂੰ ਜੁੜਨ ਲਈ ਪ੍ਰੇਰਿਤ ਕੀਤਾ।
ਗੱਲਬਾਤ ਦੌਰਾਨ ਗਾਇਕ ਲੇਂਹਿੰਬਰ ਹੂਸੇਨਪੁਰੀ ਨੇ ਦੱਸਿਆ ਕਿ ਉਹ ਅਤੇ ਉਹਨਾਂ ਦੀ ਪਤਨੀ ਆਪਣੀ ਸਾਰੀ ਬਾਡੀ ਇੰਗਲੈਂਡ ਅਤੇ ਭਾਰਤ ਵਿੱਚ ਵੀ ਦਾਨ ਕਰ ਚੁੱਕੇ ਹਨ ਤਾਂ ਜੋ ਮਰਨ ਉਪਰੰਤ ਉਨ੍ਹਾਂ ਦੇ ਅੰਗ ਕਿਸੇ ਹੋਰ ਦੀ ਜ਼ਿੰਦਗੀ ਬਚਾ ਸਕਣ ਅਤੇ ਉਨਾਂ ਕਿਹਾ ਕਿ ਵੱਧ ਤੋਂ ਵੱਧ ਸਾਨੂੰ ਇਸ ਸੰਸਥਾ ਦਾ ਸਾਥ ਦੇਣਾ ਚਾਹੀਦਾ ਹੈ। ਅੰਤ ਵਿੱਚ ਅਨੀਤਾ ਸੰਧੂ ਅਤੇ ਗਾਇਕ ਲੇੰਹਿੰਬਰ ਹੂਸੈਨਪੁਰੀ ਵਲੋਂ ਇਸ ਕਨਫਰੰਸ ਨੂੰ ਨੇਪਰੇ ਚਾੜਨ ਲਈ ਦਿੱਤੇ ਸਾਥ ਦਾ ਸਾਰੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਪੰਜਾਬ ਰੇਡੀਓ, ਮੇਡੀਆ ਟੇਕ ਵਨ, ਰਵੀ ਬ੍ਰਿਜ,ਪੰਜਾਬ 2000, ਹਫਤਾਵਰੀ ਅਖਬਾਰ ਦੇਸ਼ ਪ੍ਰਦੇਸ, ਅੈਮ ਏ ਟੀਵੀ, ਅਤੇ ਪਾਕਿਸਤਾਨ ਦੇ ਟੀਵੀ ਚੈਨਲ ਟੀਵੀ 92 ਅਾਦਿ ਦਾ ਧੰਨਵਾਦ ਵੀ ਕੀਤਾ।