ਸੁਪਰੀਮ ਕੋਰਟ ਵੱਲੋਂ ਰਾਮਜਨਮਭੂਮੀ ਬਾਬਰੀ ਮਸਜਿਦ ਕੇਸ ਵਿੱਚ ਹਫ਼ਤਾ ਪਹਿਲਾਂ ਸੁਣਾਏ ਫੈਸਲੇ ਮਗਰੋਂ ਅਯੁੱਧਿਆ ਵਿੱਚ ਰਹਿੰਦੇ ਮੁਸਲਿਮ ਭਾਈਚਾਰੇ ਨੇ ਅੱਜ ਸਖ਼ਤ ਸੁਰੱਖਿਆ ਪਹਿਰੇ ਹੇਠ ਜ਼ਿਲ੍ਹੇ ਦੀਆਂ ਮਸਜਿਦਾਂ ਵਿੱਚ ਜੁੰਮੇ ਦੀ ਪਹਿਲੀ ਨਮਾਜ਼ ਅਦਾ ਕੀਤੀ।
ਉਂਜ ਇਸ ਅਹਿਮ ਕੇਸ ਵਿੱਚ ਫੈਸਲਾ ਸੁਣਾਏ ਜਾਣ ਤੋਂ ਇਕ ਦਿਨ ਪਹਿਲਾਂ 8 ਨਵੰਬਰ ਦੀ ਸ਼ਾਮ ਤੋਂ ਹੀ ਸੁਰੱਖਿਆ ਬਲ ਇਸ ਪਵਿੱਤਰ ਕਸਬੇ ਦੇ ਚੱਪੇ ਚੱਪੇ ’ਤੇ ਬਾਜ਼ ਅੱਖ ਰੱਖੀ ਬੈਠੇ ਹਨ। ਅਯੁੱਧਿਆ ਦੇ ਜ਼ਿਲ੍ਹਾ ਮੈਜਿਸਟਰੇਟ ਅਨੁਜ ਝਾਅ ਨੇ ਕਿਹਾ, ‘ਅਯੁੱਧਿਆ ਜ਼ਿਲ੍ਹੇ ਦੀਆਂ ਕਈ ਮਸਜਿਦਾਂ ਵਿੱਚ ਅੱਜ ਜੁੰਮੇ ਦੀ ਨਮਾਜ਼ ਅਦਾ ਕੀਤੀ ਗਈ। ਇਹਤਿਹਾਤ ਵਜੋਂ ਅੱਜ ਸੁਰੱਖਿਆ ਵਧਾਈ ਗਈ ਸੀ, ਜਿਹੜੀ ਦਿਨ ਭਰ ਜਾਰੀ ਰਹੀ। ਸਭ ਕੁਝ ਸੁਖੀ ਸਾਂਦੀ ਨਿੱਬੜ ਗਿਆ। ਅਯੁੱਧਿਆ ਜਾਂ ਜ਼ਿਲ੍ਹੇ ’ਚੋਂ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀ ਹੈ। ਅਯੁੱਧਿਆ ਤੇ ਫੈਜ਼ਾਬਾਦ ਵਿੱਚ ਕੁੱਲ ਮਿਲਾ ਕੇ 36 ਦੇ ਕਰੀਬ ਮਸਜਿਦਾਂ ਹਨ। ਜ਼ਿਲ੍ਹਾ ਮੈਜਿਸਟਰੇਟ ਤੇ ਜ਼ਿਲ੍ਹਾ ਐਸਐਸਪੀ ਨੇ ਖੁ਼ਦ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਦੌਰਾਨ ਕਰੀਬ ਦੋ ਸਦੀਆਂ ਪੁਰਾਣੀ ਬਾਬਰੀ ਮਸਜਿਦ ਦੇ ਗੁਆਂਢ ਮੱਥੇ ਵਿੱਚ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਪੁਸ਼ਤਾਂ ਨੇ ਅਯੁੱਧਿਆ ਵਿਵਾਦ ਵਿੱਚ ਕਈ ਉਤਰਾਅ ਚੜਾਅ ਵੇਖੇ ਹਨ। 83 ਸਾਲਾ ਰਾਮ ਕਿਸ਼ੋਰ ਗੋਸਵਾਮੀ ਨੇ ਕਿਹਾ ਕਿ ਉਸ ਨੂੰ ਮਸਜਿਦ ’ਚੋਂ ਆਉਂਦੀ ‘ਅਜ਼ਾਨ’ ਦੀ ਆਵਾਜ਼ ਅੱਜ ਵੀ ਯਾਦ ਹੈ। ਗੋਸਵਾਮੀ ਨੇ ਕਿਹਾ ਕਿ ਉਹ ਨਿੱਕਾ ਹੁੰਦਾ ਇਸ ਇਤਿਹਾਸਕ ਮਸਜਿਦ ਨੇੜੇ ਖੇਡਦਾ ਰਿਹਾ ਹੈ ਤੇ ਉਸ ਮੌਕੇ ਉਥੇ ਕੋਈ ਸੁਰੱਖਿਆ ਦਸਤਾ ਤਾਇਨਾਤ ਨਹੀਂ ਹੁੰਦਾ ਸੀ। ਉਹਦੇ ਪੁੱਤਰਾਂ ਨੀਰਜ ਤੇ ਨਿਖਿਲ, ਜੋ 80ਵਿਆਂ ’ਚ ਜੰਮੇ ਸਨ, ਨੇ ਮੁਗਲ ਕਾਲ ਦੀ ਬਾਬਰੀ ਮਸਜਿਦ ਨੂੰ ਕਾਰ ਸੇਵਕਾਂ ਵੱਲੋਂ ਢਾਹੁੰਦਿਆਂ ਅੱਖੀਂ ਵੇਖਿਆ ਹੈ।
INDIA ਅਯੁੱਧਿਆ ਫੈਸਲੇ ਮਗਰੋਂ ਜੁੰਮੇ ਦੀ ਪਹਿਲੀ ਨਮਾਜ਼ ਸੁਖੀ-ਸਾਂਦੀ ਅਦਾ