ਅਯੁੱਧਿਆ (ਸਮਾਜ ਵੀਕਲੀ) : ਰਾਮ ਜਨਮ ਭੂਮੀ ਮੰਦਿਰ ’ਚ ਮੁੱਖ ਪੁਜਾਰੀ ਦੇ ਸਹਾਇਕ ਆਚਾਰਿਆ ਪ੍ਰਦੀਪ ਦਾਸ ਨੇ ਦੱਸਿਆ ਕਿ ਉਨ੍ਹਾਂ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਤੋਂ ਇਲਾਵਾ, ਅਯੁੱਧਿਆ, ਜਿੱਥੇ 5 ਅਗਸਤ ਨੂੰ ਰਾਮ ਮੰਦਿਰ ਲਈ ਭੂਮੀ ਪੂਜਨ ਦੀ ਰਸਮ ਨਿਭਾਈ ਜਾਣੀ ਹੈ, ਵਿਖੇ ਤਾਇਨਾਤ 16 ਪੁਲੀਸ ਮੁਲਾਜ਼ਮਾਂ ਦੇ ਕਰੋਨਾ ਟੈਸਟਾਂ ਦੇ ਨਤੀਜੇ ਵੀ ਪਾਜ਼ੇਟਿਵ ਮਿਲੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2,00 ਮਹਿਮਾਨਾਂ ਨਾਲ ਇਸ ਰਸਮ ’ਚ ਹਿੱਸਾ ਲਿਆ ਜਾਣਾ ਹੈ।
ਪਿਛਲੇ ਸ਼ਨਿਚਰਵਾਰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਰਾਮ ਜਨਮ ਭੂਮੀ ਕੰਪਲੈਕਸ ਦਾ ਦੌਰਾ ਕੀਤਾ ਸੀ। ਇਸ ਦੌਰਾਨ ਖਿੱਚੀਆਂ ਗਈਆਂ ਤਸਵੀਰਾਂ ’ਚ ਪੁਜਾਰੀ ਪ੍ਰਦੀਪ ਦਾਸ ਮੁੱਖ ਮੰਤਰੀ ਯੋਗੀ ਦੇ ਨਾਲ ਖੜ੍ਹੇ ਵਿਖਾਈ ਦੇ ਰਹੇ ਸਨ। ਉਨ੍ਹਾਂ ਦੇ ਨਾਲ ਹੀ ਰਾਮ ਜਨਮਭੂਮੀ ਦੇ ਮੁੱਖ ਪੁਜਾਰੀ ਆਚਾਰਿਆ ਸਤੇਂਦਰ ਦਾਸ ਖੜ੍ਹੇ ਸਨ, ਜਿਨ੍ਹਾਂ ਨੇ 5 ਅਗਸਤ ਦੇ ਸਮਾਗਮ ਦੀ ਅਗਵਾਈ ਕਰਨੀ ਹੈ। ਹਾਲਾਂਕਿ, ਟਰੱਸਟ ਦੇ ਸੂਤਰਾਂ ਨੇ ਦੱਸਿਆ ਕਿ ਤਜਵੀਜ਼ਤ ਸਮਾਗਮ ਕੋਵਿਡ-19 ਲਈ ਲਾਜ਼ਮੀ ਸਾਰੇ ਸੁਰੱਖਿਆ ਪੈਮਾਨਿਆਂ ਦੀ ਪਾਲਣਾ ਕਰਦਿਆਂ ਕਰਵਾਇਆ ਜਾਵੇਗਾ।