ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਰਿਹਾਇਸ਼ ’ਤੇ ਮੁਲਕ ਭਰ ਦੇ ਧਾਰਮਿਕ ਆਗੂਆਂ ਦੀ ਮੀਟਿੰਗ
ਅਯੁੱਧਿਆ ਮਾਮਲੇ ’ਤੇ ਸ਼ਨਿਚਰਵਾਰ ਨੂੰ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਅੱਜ ਕੌਮੀ ਸੁਰੱਖਿਆ ਸਲਾਹਕਾਰ (ਐਨਐੱਸਏ) ਅਜੀਤ ਡੋਵਾਲ ਨੇ ਕਈ ਉੱਘੇ ਹਿੰਦੂ ਤੇ ਮੁਸਲਿਮ ਧਾਰਮਿਕ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਹਾਜ਼ਰ ਸਾਰੇ ਆਗੂਆਂ ਨੇ ਸਰਕਾਰ ਨੂੰ ਸਮਰਥਨ ਦਿੰਦਿਆਂ ਸ਼ਾਂਤੀ ਤੇ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਕਦਮ ਚੁੱਕਣ ਦਾ ਭਰੋਸਾ ਦਿੱਤਾ। ਦੇਸ਼ ਵਿਰੋਧੀ ਅਨਸਰਾਂ ਵੱਲੋਂ ‘ਸਥਿਤੀ ਦਾ ਲਾਹਾ ਲੈ ਕੇ ਹਾਲਾਤ ਖ਼ਰਾਬ ਕਰਨ ਦੇ ਖ਼ਦਸ਼ਿਆਂ’ ਦੇ ਮੱਦੇਨਜ਼ਰ ਆਗੂਆਂ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਡੋਵਾਲ ਦੀ ਰਿਹਾਇਸ਼ ’ਤੇ ਇਹ ਮੀਟਿੰਗ ਕਰੀਬ ਚਾਰ ਘੰਟੇ ਚੱਲੀ। ਹਿੰਦੂ ਧਰਮਾਚਾਰੀਆ ਸਭਾ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂਆਂ ਸਣੇ ਇਸ ਮੌਕੇ ਪੂਰੇ ਮੁਲਕ ਤੋਂ ਆਏ ਧਾਰਮਿਕ ਆਗੂ ਹਾਜ਼ਰ ਸਨ। ਹਾਜ਼ਰ ਸ਼ਖ਼ਸੀਅਤਾਂ ਨੇ ਇਸ ਮੌਕੇ ਅਯੁੱਧਿਆ ਫ਼ੈਸਲੇ ਦੇ ਮੱਦੇਨਜ਼ਰ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਚੋਟੀ ਦੇ ਧਾਰਮਿਕ ਆਗੂੁਆਂ ਵਿਚਾਲੇ ਹੋਈ ਮੁਲਾਕਾਤ ਇਨ੍ਹਾਂ ਵਿਚਲੇ ਤਾਲਮੇਲ ਨੂੰ ਮਜ਼ਬੂਤ ਕਰੇਗੀ ਜੋ ਕਿ ਸਾਰੇ ਫ਼ਿਰਕਿਆਂ ਵਿਚਾਲੇ ਭਾਈਚਾਰੇ ਦਾ ਭਾਵ ਪੈਦਾ ਕਰਨ ਵਿਚ ਸਹਾਈ ਹੋਵੇਗਾ। ਇਸ ਮੌਕੇ ਹਾਜ਼ਰ ਸਾਰਿਆਂ ਨੇ ਕਾਨੂੰਨ ਤੇ ਸੰਵਿਧਾਨਕ ਕਦਰਾਂ-ਕੀਮਤਾਂ ਵਿਚ ਪੂਰਾ ਭਰੋਸਾ ਜਤਾਇਆ। ਆਗੂਆਂ ਨੇ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦਿਆਂ ਮੁਲਕ ਦੇ ਲੋਕਾਂ ਨੂੰ ਵੀ ਇਸ ਦੀ ਮਰਿਆਦਾ ਦਾ ਮਾਣ ਰੱਖਣ ਲਈ ਕਿਹਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੌਮੀ ਹਿੱਤਾਂ ਤੋਂ ਉਪਰ ਕੁਝ ਨਹੀਂ। ਆਗੂਆਂ ਨੇ ਇਸ ਗੱਲ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਦੋਵਾਂ ਧਰਮਾਂ ਨਾਲ ਸਬੰਧਤ ਕਰੋੜਾਂ ਭਾਰਤੀਆਂ ਨੇ ਅਦਾਲਤ ਦੇ ਫ਼ੈਸਲੇ ਨੂੰ ਸਵੀਕਾਰ ਕਰਦਿਆਂ ਜ਼ਿੰਮੇਵਾਰੀ, ਸੰਵੇਦਨਸ਼ੀਲਤਾ ਤੇ ਧੀਰਜ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਦੋਵਾਂ ਫ਼ਿਰਕਿਆਂ ਵਿਚਾਲੇ ਇਸੇ ਤਰ੍ਹਾਂ ਸੰਚਾਰ-ਤਾਲਮੇਲ ਬਣਿਆ ਰਹਿਣਾ ਚਾਹੀਦਾ ਹੈ। ਮੀਟਿੰਗ ਤੋਂ ਬਾਅਦ ਸਵਾਮੀ ਪਰਮਾਤਮਾਨੰਦ ਸਰਸਵਤੀ ਨੇ ਕਿਹਾ ਕਿ ਕੁਝ ਲੋਕ ਹਨ ਜੋ ਗੜਬੜੀ ਪੈਦਾ ਕਰਨਾ ਚਾਹੁੰਦੇ ਹਨ ਤੇ ਇਹ ਮੀਟਿੰਗ ਅਜਿਹੀਆਂ ਗਤੀਵਿਧੀਆਂ ਨੂੰ ਨਾਕਾਮ ਕਰਨ ਲਈ ਹੀ ਰੱਖੀ ਗਈ ਸੀ। ਸਾਰੇ ਇਸ ਗੱਲ ’ਤੇ ਸਹਿਮਤ ਹੋਏ ਕਿ ਡਿਜੀਟਲ ਸੰਸਾਰ ਵਿਚ ਦੇਸ਼ ਤੇ ਦੇਸ਼ ਤੋਂ ਬਾਹਰ ਲੋਕ ਮੁਲਕ ’ਚ ਗੜਬੜੀ ਫੈਲਾਉਣਾ ਚਾਹੁੰਦੇ ਹਨ। ਮੀਟਿੰਗ ਵਿਚ ਇਸ ਬਾਰੇ ਵੀ ਚਰਚਾ ਹੋਈ। ਹਜ਼ਰਤ ਖ਼ਵਾਜ਼ਾ ਮੋਇਨੂਦੀਨ ਹਸਨ ਚਿਸ਼ਤੀ ਦਰਗਾਹ ਦੇ ਮੁਖੀ ਸਈਦ ਜ਼ੈਨੁੱਲ ਅਬੇਦੀਨ ਅਲੀ ਖ਼ਾਨ ਨੇ ਕਿਹਾ ਕਿ ਅਜਿਹੀਆਂ ਮੁਲਾਕਾਤਾਂ ਸ਼ਲਾਘਾਯੋਗ ਕਦਮ ਹੈ ਤੇ ਉਹ ਐੱਨਐੱਸਏ ਡੋਵਾਲ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਹਿੰਦੂ-ਮੁਸਲਮਾਨ ਮੁੱਦੇ ਖ਼ਤਮ ਹੋਣ ਹਰ ਕੋਈ ਰਾਸ਼ਟਰ ਨਿਰਮਾਣ ਵਿਚ ਜੁਟੇ, ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇ ਤੇ ਗਰੀਬੀ ਮਿਟਾਈ ਜਾਵੇ। ਬਾਕੀ ਆਗੂ ਵੀ ਉਨ੍ਹਾਂ ਦੀ ਗੱਲ ਨਾਲ ਸਹਿਮਤ ਹੋਏ। ਇਸ ਮੌਕੇ ਪਰਮਾਰਥ ਨਿਕੇਤਨ ਰਿਸ਼ੀਕੇਸ਼ ਦੇ ਸਵਾਮੀ ਚਿਦਾਨੰਦ ਸਰਸਵਤੀ ਨੇ ਕਿਹਾ ਕਿ ‘ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਫ਼ਾਸਲੇ ਮਿਟੇ ਹਨ।’ ਹੋਰਨਾਂ ਤੋਂ ਇਲਾਵਾ ਇਸ ਮੌਕੇ ਯੋਗ ਗੁਰੂ ਰਾਮਦੇਵ, ਸ਼ੀਆ ਮੌਲਾਨਾ ਸਈਦ ਕਲਬੇ ਜਵਾਦ ਵੀ ਹਾਜ਼ਰ ਸਨ।